ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਪਣੇ ਰਾਹ ਖ਼ੁਦ ਬਣਾਓ

08:42 AM Jan 13, 2024 IST

ਬਲਜਿੰਦਰ ਮਾਨ
Advertisement

ਇਸ ਧਰਤੀ ’ਤੇ ਪੈਦਾ ਹੋਣ ਵਾਲਾ ਹਰ ਇਨਸਾਨ ਤਰੱਕੀ ਦੀਆਂ ਸਿਖਰਾਂ ’ਤੇ ਪੁੱਜਣਾ ਚਾਹੁੰਦਾ ਹੈ। ਚਾਹਤ ਤਾਂ ਹਰ ਕਿਸੇ ਕੋਲ ਹੁੰਦੀ ਹੈ, ਪਰ ਉੱਥੋਂ ਤੱਕ ਪੁੱਜਣ ਲਈ ਰਾਹ ਨਹੀਂ ਲੱਭਦੇ। ਰਾਹ ਲੱਭਣ ਦੀ ਪ੍ਰਕਿਰਿਆ ਨੂੰ ਸੰਘਰਸ਼ ਕਿਹਾ ਜਾਂਦਾ ਹੈ। ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਜੱਦੋ ਜਹਿਦ ਕਰਨ ਵਾਸਤੇ ਪ੍ਰਮਾਤਮਾ ਨੇ ਹਰ ਇਨਸਾਨ ਅੰਦਰ ਅਥਾਹ ਸ਼ਕਤੀਆਂ ਦਾ ਭੰਡਾਰ ਭਰਿਆ ਹੋਇਆ ਹੈ। ਹਰ ਇਨਸਾਨ ਇੱਕ ਦੂਜੇ ਤੋਂ ਵੱਖਰਾ ਹੈ। ਇਹ ਵਖਰੇਵਾਂ ਸਿਰਫ਼ ਰੰਗ ਰੂਪ ਦਾ ਹੀ ਨਹੀਂ ਹੈ ਸਗੋਂ ਸਰੀਰ, ਦਿਲ, ਦਿਮਾਗ਼ ਅਤੇ ਅਨੇਕਾਂ ਹੋਰ ਰੁਚੀਆਂ ਵੀ ਹਰ ਕਿਸੇ ਦੀਆਂ ਵੱਖੋ ਵੱਖਰੀਆਂ ਹਨ। ਕੋਈ ਆਸਤਕ ਹੈ ਤੇ ਕੋਈ ਨਾਸਤਕ ਹੈ। ਕੋਈ ਅੱਖੜ ਤੋ ਕੋਈ ਸਾਧੂ ਸੁਭਾਅ। ਕੁੱਝ ਆਪਣੇ ਇਸੇ ਜੀਵਨ ਵਿੱਚ ਸੰਤੁਸ਼ਟ ਹਨ ਤੇ ਕਈਆਂ ਦੀਆਂ ਲਾਲਸਾਵਾਂ ਦਾ ਕੋਈ ਅੰਤ ਨਹੀਂ। ਇਸ ਤਰ੍ਹਾਂ ਹਰ ਵਿਅਕਤੀ ਇੱਕ ਨਿਵੇਕਲੀ ਸ਼ਖ਼ਸੀਅਤ ਹੈ।
ਸੱਚ ਹੀ ਕਿਹਾ ਹੈ ਕਿ ‘ਮੈਂ ਰਾਹਾਂ ’ਤੇ ਨਹੀਂ ਤੁਰਦਾ। ਮੈਂ ਹੁਰਦਾ ਹਾਂ ਤਾਂ ਰਾਹ ਬਣਦੇ ਹਨ।’ ਇਸ ਲਈ ਰਾਹਾਂ ਦਾ ਨਿਰਮਾਣ ਕਰਨ ਲਈ ਸਾਨੂੰ ਆਪਣੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੋਵੇਗਾ। ਜਿਵੇਂ ਦੁੱਧ ਵਿੱਚ ਘਿਓ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਸਾਨੂੰ ਆਪਣੀ ਸਮਰੱਥਾ ਦਾ ਵੀ ਗਿਆਨ ਨਹੀਂ ਹੁੰਦਾ। ਦੁੱਧ ਤੋਂ ਘਿਓ ਉਹੀ ਇਨਸਾਨ ਪ੍ਰਾਪਤ ਕਰ ਸਕਦਾ ਹੈ ਜਿਸ ਨੂੰ ਘਿਓ ਬਣਾਉਣ ਦੀ ਵਿਧੀ ਦਾ ਪਤਾ ਹੁੰਦਾ ਹੈ। ਇਹ ਵਿਧੀ ਸਾਨੂੰ ਨਵੀਆਂ ਰਾਹਾਂ ਦੀ ਤਲਾਸ਼ ਵਿੱਚ ਦੇਸਾਂ ਪ੍ਰਦੇਸਾਂ ਤੱਕ ਲੈ ਜਾਂਦੀ ਹੈ। ਵਿਧੀ ਦੀ ਸਹੀ ਵਰਤੋਂ ਨਾਲ ਅਸੀਂ ਆਪਣੀ ਮੰਜ਼ਿਲ ਤੱਕ ਪੁੱਜ ਸਕਦੇ ਹਾਂ। ਜੇਕਰ ਕਿਤੇ ਟਪਲਾ ਖਾ ਗਏ ਤਾਂ ਕੀਤੀ ਕਰਾਈ ਮਿਹਨਤ ਖੂਹ ਵਿੱਚ ਜਾ ਪੈਂਦੀ ਹੈ। ਇਸ ਲਈ ਅਜੋਕਾ ਸਮਾਂ ਸਿਰਫ਼ ਮਿਹਨਤ ਕਰਨ ਦਾ ਨਹੀਂ ਹੈ ਸਗੋਂ ਸਮਾਰਟ ਤਰੀਕੇ ਨਾਲ ਮਿਹਨਤ ਕਰਨ ਦਾ ਹੈ। ਕਈਆਂ ਕੋਲ ਗਿਆਨ ਦਾ ਭੰਡਾਰ ਹੁੰਦਾ ਹੈ, ਪਰ ਉਹ ਉਸ ਗਿਆਨ ਨੂੰ ਅਮਲੀ ਰੂਪ ਵਿੱਚ ਨਹੀਂ ਵਰਤ ਸਕਦੇ। ਜਿਵੇਂ ਇੱਕ ਅਧਿਆਪਕ ਕੋਲ ਡਿਗਰੀਆਂ ਨਾਲ ਤਾਂ ਝੋਲਾ ਭਰਿਆ ਹੋਇਆ ਹੈ, ਪਰ ਉਹ ਬੱਚਿਆਂ ਦੇ ਮਾਨਸਿਕ ਪੱਧਰ ਅਨੁਸਾਰ ਕੁੱਝ ਵੀ ਦੇਣ ਦੇ ਅਸਮਰੱਥ ਹੈ। ਅਜਿਹੇ ਅਧਿਆਪਕ ਦੇ ਵਿਦਿਆਰਥੀਆਂ ਦਾ ਕੀ ਨਤੀਜਾ ਹੋਵੇਗਾ। ਉਸ ਬਾਰੇ ਕੁੱਝ ਕਹਿਣ ਦੀ ਜ਼ਰੂਰਤ ਨਹੀਂ ਹੈ। ਲੋੜ ਹੈ ਪ੍ਰਾਪਤ ਕੀਤੇ ਗਿਆਨ ਨੂੰ ਸਹੀ ਢੰਗ ਅਤੇ ਸਹੀ ਸਮੇਂ ’ਤੇ ਇਸਤੇਮਾਲ ਕਰਨ ਦੀ। ਕਈ ਵਾਰ ਅਸੀਂ ਸਮਾਂ ਗੁਆ ਬੈਠਦੇ ਹਾਂ ਜਦਕਿ ਤਿਆਰੀ ਹਰ ਪੇਪਰ ਦੀ ਪੂਰੀ ਕੀਤੀ ਹੁੰਦੀ ਹੈ। ਇੱਕ ਵਿਦਿਆਰਥੀ ਨੇ ਆਈ.ਏ.ਐੱਸ. ਦੀ ਖੂਬ ਤਿਆਰੀ ਕੀਤੀ। ਜਿਸ ਦਿਨ ਪੇਪਰ ਦੇਣ ਪ੍ਰੀਖਿਆ ਕੇਂਦਰ ਤੱਕ ਜਾਣਾ ਸੀ ਤਾਂ ਰਸਤੇ ਵਿੱਚ ਉਸ ਦਾ ਇੱਕ ਘੰਟਾ ਪਹਿਲਾਂ ਐਕਸੀਡੈਂਟ ਹੋ ਜਾਂਦਾ ਹੈ, ਪਰ ਉਹ ਹੌਸਲਾ ਨਹੀਂ ਹਾਰਦਾ। ਫਸਟ ਏਡ ਲੈਣ ਉਪਰੰਤ ਪ੍ਰੀਖਿਆ ਵਿੱਚ ਬੈਠਦਾ ਹੈ ਅਤੇ ਪੂਰੇ ਭਾਰਤ ਵਿੱਚੋਂ ਸਭ ਤੋਂ ਅੱਗੇ ਨਿਕਲ ਜਾਂਦਾ ਹੈ। ਇਹ ਹੈ ਉਸ ਦੇ ਬੁਲੰਦ ਹੌਸਲੇ ਦਾ ਕਮਾਲ। ਜੇਕਰ ਉਹ ਉੱਥੇ ਬੈਠਾ ਇਹ ਆਖਦਾ ਕਿ ਉਸ ਦੀ ਤਾਂ ਕਿਸਮਤ ਹੀ ਮਾੜੀ ਹੈ। ਇਹ ਹਾਦਸਾ ਉਸ ਦੇ ਰਾਹ ਵਿੱਚ ਰੁਕਾਵਟ ਬਣ ਕੇ ਆਇਆ ਹੈ। ਉਸ ਦੀ ਕਿਸਮਤ ਵਿੱਚ ਆਈ.ਏ.ਐੱਸ. ਬਣਨਾ ਨਹੀਂ ਲਿਖਿਆ। ਇਹ ਸਭ ਕੁੱਝ ਨਿਰਾ ਵਹਿਮ ਹੈ। ਇਹ ਵੀ ਸੱਚ ਹੀ ਕਿਹਾ ਗਿਆ ਹੈ ਕਿ ਮਨੁੱਖ ਆਪਣੀ ਕਿਸਮਤ ਦਾ ਖ਼ੁਦ ਨਿਰਮਾਤਾ ਹੈ। ਕਿਸਮਤ ਨੂੰ ਕੋਸਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੋ ਕਿ ਅਸੀਂ ਮਾਲਕ ਦੀਆਂ ਬਖ਼ਸ਼ੀਆਂ ਹੋਈਆਂ ਰਹਿਮਤਾਂ ਦਾ ਕਿੰਨਾ ਕੁ ਕਿਸ ਢੰਗ ਨਾਲ ਇਸਤੇਮਾਲ ਕੀਤਾ ਹੈ।
ਜੇਕਰ ਮਨੁੱਖ ਮਨ ਵਿੱਚ ਪੱਕੀ ਧਾਰ ਲਵੇ ਤਾਂ ਕੋਈ ਵੀ ਅੜਚਣ ਉਸ ਦਾ ਰਾਹ ਨਹੀਂ ਰੋਕ ਸਕਦੀ। ਅਸਲ ਵਿੱਚ ਸਾਡੇ ਕੋਲ ਦ੍ਰਿੜ ਨਿਸ਼ਚੇ ਦੀ ਘਾਟ ਹੁੰਦੀ ਹੈ। ਨਿਸ਼ਚੇ ਕਰ ਆਪਣੀ ਜੀਤ ਕਰੋ ਦੇ ਸਿਧਾਂਤ ਅਨੁਸਾਰ ਮਿਹਨਤ ਦਾ ਲੜ ਘੁੱਟ ਕੇ ਫੜਨਾ ਚਾਹੀਦਾ ਹੈ। ਇੱਕ ਵਿਅਕਤੀ ਕਿੰਨੀ ਮਿਹਨਤ ਕਰ ਸਕਦਾ ਹੈ, ਇਸ ਦੀ ਕੋਈ ਹੱਦਬੰਦੀ ਨਹੀਂ ਹੈ। ਇੱਕ ਨੌਜਵਾਨ ਆਪਣੀ ਮਰਜ਼ੀ ਅਨੁਸਾਰ ਆਪਣੀ ਭੁੱਖ ਅਤੇ ਨੀਂਦ ਵਿੱਚ ਵਾਧਾ ਘਾਟਾ ਕਰ ਸਕਦਾ ਹੈ। ਇਹ ਸ਼ਕਤੀ ਪ੍ਰਮਾਤਮਾ ਨੇ ਮਨੁੱਖ ਨੂੰ ਬਖ਼ਸ਼ੀ ਹੋਈ ਹੈ।
ਜਦੋਂ ਇਨਸਾਨ ਦ੍ਰਿੜਤਾ ਨਾਲ ਆਪਣੇ ਨਿਸ਼ਾਨੇ ਵੱਲ ਵਧਦਾ ਜਾਂਦਾ ਹੈ ਤਾਂ ਕੁਦਰਤ ਉਸ ਦਾ ਸਾਥ ਦੇਣਾ ਆਰੰਭ ਕਰ ਦਿੰਦੀ ਹੈ। ਪ੍ਰਮਾਤਮਾ ਉਨ੍ਹਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਖ਼ੁਦ ਕਰਦੇ ਹਨ। ਕਹਿੰਦੇ ਨੇ ਇਸ ਬਹਿਮੰਡ ਵਿੱਚ ਪ੍ਰਮਾਤਮਾ ਤੋਂ ਬਾਅਦ ਮਨੁੱਖ ਦਾ ਦਰਜਾ ਹੈ। ਉਸ ਨੇ ਆਪਣੀਆਂ ਬਹੁਤੀਆਂ ਸ਼ਕਤੀਆਂ ਦਾ ਮਾਲਕ ਮਨੁੱਖ ਨੂੰ ਬਣਾਇਆ ਹੋਇਆ ਹੈ, ਪਰ ਇਹ ਦੁਨੀਆ ਦੇ ਦੁੱਖਾਂ ਦਰਦਾਂ ਦਾ ਝੰਬਿਆ ਹੋਇਆ ਉਹ ਸ਼ਕਤੀਆਂ ਵੱਲ ਕਦੀ ਧਿਆਨ ਹੀ ਨਹੀਂ ਕਰਦਾ ਸਗੋਂ ਲਕੀਰ ਦਾ ਫਕੀਰ ਬਣਿਆ ਰਹਿੰਦਾ ਹੈ। ਲੋੜ ਤਾਂ ਇਹ ਹੈ ਕਿ ਅਸੀਂ ਆਪਣਾ ਰਾਹ ਖ਼ੁਦ ਬਣਾਈਏ, ਪਰ ਅਸੀਂ ਕਿਸੇ ਮਗਰ ਲੱਗ ਕੇ ਆਪਣੀਆਂ ਸੰਭਾਵਨਾਵਾਂ ’ਤੇ ਨੱਕਾ ਲਾ ਬੈਠਦੇ ਹਾਂ। ਜਿਹੜੇ ਕਾਰਜ ਅਸੀਂ ਖ਼ੁਦ ਕਰਾਂਗੇ ਉਨ੍ਹਾਂ ਦੀਆਂ ਚੂਲਾਂ ਅਤੇ ਤਾਣੇ ਬਾਣੇ ਦਾ ਸਾਨੂੰ ਪੂਰਾ ਪੂਰਾ ਗਿਆਨ ਹੋਵੇਗਾ। ਜਿਹੜੇ ਅਸੀਂ ਕਿਸੇ ਮਗਰ ਤੁਰ ਕੇ ਕਰਦੇ ਹਾਂ, ਉਸ ਵਿੱਚ ਅਧੂਰੇ ਰਹਿ ਜਾਂਦੇ ਹਨ। ਕਿਸੇ ਦੇ ਤਜਰਬੇ ਦਾ ਲਾਭ ਲੈਣਾ ਚੰਗੀ ਗੱਲ ਹੁੰਦੀ ਹੈ, ਪਰ ਨਕਲ ਕਰਨ ਵੇਲੇ ਅਕਲ ਆਪਣੀ ਹੀ ਵਰਤਣੀ ਚਾਹੀਦੀ ਹੈ। ਆਪਣੀ ਗਿਆਨ ਦੀ ਸ਼ਕਤੀ ਨਾਲ ਅਸੀਂ ਹਰ ਖੇਤਰ ਵਿੱਚ ਸ਼ਾਨਦਾਰ ਪੈੜਾਂ ਪਾ ਸਕਦੇ ਹਾਂ। ਜਿਸ ਵਾਸਤੇ ਸਾਡੇ ਸਾਰੇ ਅਧਿਆਪਕ ਸਾਨੂੰ ਬਚਪਨ ਤੋਂ ਹੀ ਤਿਆਰ ਕਰਦੇ ਆ ਰਹੇ ਹਨ।
ਰਾਹਾਂ ਦੀਆਂ ਔਕੜਾਂ ਸਾਨੂੰ ਹੋਰ ਸੁਚੇਤ ਅਤੇ ਤਕੜਾ ਕਰਦੀਆਂ ਹਨ। ਸਾਡੀ ਮੰਜ਼ਿਲ ਜਿੰਨੀ ਉੱਚੀ ਹੋਵੇਗੀ ਉਸ ਵਾਸਤੇ ਤਿਆਰੀ ਵੀ ਉਸੇ ਪੱਧਰ ਦੀ ਕਰਨੀ ਪਵੇਗੀ। ਗਿੱਦੜ ਦਾ ਸ਼ਿਕਾਰ ਕਰਨ ਲਈ ਸ਼ੇਰ ਦੇ ਸਮਾਨ ਹੋਣਾ ਜ਼ਰੂਰੀ ਹੈ। ਭਾਵ ਤੁਸੀਂ ਹਰ ਪ੍ਰਕਾਰ ਦੀ ਔਕੜ ਨਾਲ ਨਜਿੱਠਣ ਦੇ ਕਾਬਲ ਬਣਨਾ ਹੋਵੇਗਾ। ਇਨ੍ਹਾਂ ਤੋਂ ਕਦੀ ਵੀ ਘਬਰਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਆਪਣੀ ਚਾਲ ਮੱਠੀ ਕਰਨੀ ਚਾਹੀਦੀ ਹੈ। ਸੁਰਜੀਤ ਪਾਤਰ ਦੀਆਂ ਇਹ ਸਤਰਾਂ ਹਮੇਸ਼ਾਂ ਚੜ੍ਹਦੀ ਕਲਾ ਲਈ ਪ੍ਰੇਰਿਤ ਕਰਦੀਆਂ ਹਨ:
ਕੀ ਹੋਇਆ ਜੇ ਪੱਤਝੜ ਰੁੱਤ ਆਈ
ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ।
ਮੈਂ ਕਿਤੋਂ ਲੱਭ ਕੇ ਲਿਆਉਂਦਾ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਜੀਵਨ ਦੀਆਂ ਦੁਸ਼ਵਾਰੀਆਂ ਤੇ ਔਕੜਾਂ ਸਾਡੀਆਂ ਪਰੇਕ ਪ੍ਰਸੰਗ ਹਨ। ਇਹ ਸਾਨੂੰ ਦੱਸਦੀਆਂ ਹਨ ਕਿ ਸਾਡੀ ਤਿਆਰੀ ਵਿੱਚ ਅਜੇ ਕਿੰਨੀ ਕਮੀ ਹੈ। ਤੁਹਾਨੂੰ ਹੋਰ ਕਿੰਨੀ ਅਤੇ ਕਿਸ ਪ੍ਰਕਾਰ ਦੀ ਮਿਹਨਤ ਦੀ ਜ਼ਰੂਰਤ ਹੈ। ਲੋੜ ਇਸ ਗੱਲ ਦੀ ਹੈ ਕਿ ਸਾਨੂੰ ਨਿਸ਼ਾਨੇ ’ਤੇ ਪੁੱਜਣ ਲਈ ਹਰ ਕਿਸੇ ਦੇ ਤਜਰਬੇ ਦਾ ਲਾਭ ਲੈਂਦਿਆਂ ਰਸਤਾ ਆਪਣਾ ਹੀ ਅਖ਼ਤਿਆਰ ਕਰਨਾ ਚਾਹੀਦਾ ਹੈ। ਕਿਉਂਕਿ ਹਰ ਮਨੁੱਖ ਦੀ ਆਪਣੀ ਇੱਕ ਵਿਲੱਖਣ ਬਿਰਤੀ ਹੈ ਜੋ ਉਸ ਨੂੰ ਜੀਵਨ ਰਾਹਾਂ ’ਤੇ ਤੋਰਦੀ ਹੈ। ਆਓ ਆਪਾਂ ਵੀ ਮੰਜ਼ਿਲਾਂ ਦੀ ਪ੍ਰਾਪਤੀ ਵਾਸਤੇ ਆਪਣੇ ਰਾਹਾਂ ਦਾ ਖ਼ੁਦ ਨਿਰਮਾਣ ਕਰੀਏ ਤਾਂ ਕਿ ਉਹ ਕਈਆਂ ਲਈ ਪ੍ਰੇਰਨਾ ਸਰੋਤ ਬਣਨ।
ਸੰਪਰਕ: 98150-18947

Advertisement
Advertisement