For the best experience, open
https://m.punjabitribuneonline.com
on your mobile browser.
Advertisement

ਸਿਹਤਮੰਦ ਜੀਵਨ ਲਈ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ: ਏਡੀਜੀਪੀ

06:58 AM Jun 22, 2024 IST
ਸਿਹਤਮੰਦ ਜੀਵਨ ਲਈ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ  ਏਡੀਜੀਪੀ
ਜਲੰਧਰ ਵਿੱਚ ਯੋਗ ਸੈਸ਼ਨ ’ਚ ਹਿੱਸਾ ਲੈਣ ਤੋਂ ਬਾਅਦ ਖੁਸ਼ੀ ਮਨਾਉਂਦੀਆਂ ਹੋਈਆਂ ਪੁਲੀਸ ਮੁਲਾਜ਼ਮਾਂ।
Advertisement

ਪੱਤਰ ਪ੍ਰੇਰਕ
ਜਲੰਧਰ, 21 ਜੂਨ
ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਮਾਗਮ ਏਡੀਜੀਪੀ ਸਟੇਟ ਆਰਮਡ ਪੁਲੀਸ ਐਮ.ਐਫ. ਫਾਰੂਕੀ ਦੀ ਪ੍ਰਧਾਨਗੀ ਹੇਠ ਪੀ.ਏ.ਪੀ. ਕੈਂਪਸ ਜਲੰਧਰ ਵਿਚ ਕਰਵਾਇਆ ਗਿਆ ਜਿਸ ਵਿੱਚ ਸਟੇਟ ਆਰਮਡ ਪੁਲੀਸ ਦੇ ਵੱਖ-ਵੱਖ ਰੈਂਕਾਂ ਦੇ ਤਕਰੀਬਨ 1100 ਪੁਲੀਸ ਅਧਿਕਾਰੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸ਼ਾਮਲ ਹੋਏ। ਇਸ ਮੌਕੇ ਏਡੀਜੀਪੀ ਵਲੋਂ ਤੰਦਰੁਸਤ ਤੇ ਖੁਸ਼ਹਾਲ ਜ਼ਿੰਦਗੀ ਲਈ ਯੋਗ ਅਭਿਆਸ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਮਨ ਅਤੇ ਸਰੀਰ ਜਦ ਇਕਸਾਰਤਾ ਵਿੱਚ ਆ ਜਾਂਦੇ ਹਨ ਤਾਂ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ। ਉਨ੍ਹਾਂ ਹਾਜ਼ਰੀਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸੇ ਤਰ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਕਾਲਜ ਕੈਂਪਸ ਵਿਖੇ ਯੋਗਾ ਸੈਸ਼ਨ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਯੋਗਾ ਦੀ ਮਹੱਤਤਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਦੀ ਵਧਦੀ ਪ੍ਰਸਿੱਧੀ ’ਤੇ ਜ਼ੋਰ ਦਿੱਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਲਈ ਯੋਗ ਪੱਕਾ ਹੱਲ ਹੈ। ਉਨ੍ਹਾਂ ਪੁਲੀਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿਚ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਅਤੇ ਵਿਧਾਇਕ ਡਾ. ਰਵਜੋਤ ਸਿੰਘ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਕਿਹਾ ਕਿ ਸੀ.ਐਮ ਦੀ ਯੋਗਸ਼ਾਲਾ ਰਾਹੀਂ ਯੋਗ ਪ੍ਰਤੀ ਜਾਗਰੂਕਤਾ ਫੈਲਾਈ ਜਾ ਰਹੀ ਹੈ, ਜਿਸ ਦਾ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਸੂਬੇ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਬਲਾਕ ਪੱਧਰ ’ਤੇ ਸੀ.ਐਮ ਦੀ ਯੋਗਸ਼ਾਲਵਾਂ ਦਾ ਵਿਸਥਾਰ ਕੀਤਾ ਜਾ ਚੁੱਕਾ ਹੈ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵਿਮੈਨ ਦੇ ਐਨ.ਐਸ.ਐਸ ਯੂਨਿਟ, ਐਨ.ਸੀ.ਸੀ ਅਤੇ ਸਪੋਰਟਸ ਵਿੰਗ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ। ਸਮਾਗਮ ਦੀ ਸ਼ੁਰੂਆਤ ਭਾਰਤੀ ਯੋਗ ਸੰਸਥਾਨ ਦੇ ਮੈਂਬਰ ਰਾਜੇਸ਼ ਭਾਟੀਆ, ਸ਼ਸ਼ੀ ਕੱਕੜ ਅਤੇ ਨੇਹਾ ਕੱਕੜ ਦੇ ਉਪਦੇਸ਼ਕ ਸੈਸ਼ਨ ਨਾਲ ਹੋਈ। ਐਨ.ਸੀ.ਸੀ ਗਰੁੱਪ ਹੈਡਕੁਆਟਰ ਅੰਮ੍ਰਿਤਸਰ ਦੀ ਅਗਵਾਈ ’ਚ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਐਨ.ਸੀ.ਸੀ ਕੈਡਿਟਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਰਾਊਂਡ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਜ਼ਿਲਾ ਪੱਧਰੀ ਸਮਾਗਮ ਇੱਥੇ ਇਤਿਹਾਸਕ ਕੰਪਨੀ ਬਾਗ ਵਿਚ ਕਰਵਾਇਆ ਗਿਆ ਜਿਸ ਵਿਚ ਭਾਰਤੀ ਯੋਗ ਸੰਸਥਾਨ ਦੀ ਅਗਵਾਈ ਹੇਠ ਪ੍ਰੋਗਰਾਮ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਵਿਧਾਇਕਾ ਜੀਵਨ ਜੋਤ ਕੌਰ ਤੋਂ ਇਲਾਵਾ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤਰ ਤੇ ਸਰਸਵਤੀ ਵੰਦਨਾ ਤੇ ਦੀਪ ਜਗਾ ਕੇ ਕੀਤੀ ਗਈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਯੋਗ ਨੂੰ ਰੋਜ਼ਾਨਾ ਆਪਣੀ ਜਿੰਦਗੀ ਦਾ ਹਿੱਸਾ ਬਣਾਓ ਤਾਂ ਜੋ ਆਪਣੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਿਆ ਜਾ ਸਕੇ।

Advertisement

Advertisement
Advertisement
Author Image

sukhwinder singh

View all posts

Advertisement