ਘਰ ਵਿਚ ਬਣਾਓ ਚਟਣੀ
ਰਜਿੰਦਰ ਕੌਰ ਸਿੱਧੂ/
ਡਾ. ਜੀ.ਪੀ. ਐੱਸ. ਸੋਢੀ
ਘੀਆ ਦੀ ਚਟਣੀ
ਘੀਆ ਗਰਮੀਆਂ ਵਿਚ ਮਿਲਣ ਵਾਲੀ ਇਕ ਆਮ ਹਰੀ ਅਤੇ ਸਸਤੀ ਸਬਜ਼ੀ ਹੈ। ਇਸ ਦੀ ਕਾਸ਼ਤ ਘਰ ਵਿਚ ਹੀ ਆਸਾਨੀ ਨਾਲ ਘੱਟ ਜਗ੍ਹਾ ਵਿਚ ਕੀਤੀ ਜਾ ਸਕਦੀ ਹੈ। ਘੀਆ ਪਾਚਨ-ਕਿਰਿਆ ਵਿਚ ਬਹੁਤ ਸਹਾਇਕ ਹੁੰਦੀ ਹੈ। ਇਹ ਸਬਜ਼ੀ ਬਹੁਤ ਜਲਦੀ ਹਜ਼ਮ ਹੁੰਦੀ ਹੈ। ਘੀਆ ਤੋਂ ਸਬਜ਼ੀ ਤੋਂ ਬਿਨਾਂ ਵੀ ਕਈਂ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਘੀਆ ਜਾਂ ਇਸਤੋਂ ਬਣਾਏ ਜਾਣ ਵਾਲੇ ਹੋਰ ਪਕਵਾਨ ਵਜ਼ਨ ਘੱਟ ਕਰਨ ਵਿਚ ਵੀ ਸਹਾਇਕ ਹੁੰਦੇ ਹਨ। ਇਹ ਰੋਗੀਆਂ ਲਈ ਦਵਾਈ ਦੇ ਤੌਰ ’ਤੇ ਕੰਮ ਕਰਦੀ ਹੈ।
ਸਮੱਗਰੀ : ਕੱਦੂਕਸ ਕੀਤਾ ਘੀਆ 1 ਕਿਲੋ, ਖੰਡ 500 ਗ੍ਰਾਮ, ਲੂਣ 10 ਗ੍ਰਾਮ, ਛੋਟੀ ਇਲਾੲਚੀ 10 ਗ੍ਰਾਮ, ਦਾਲਚੀਨੀ 10 ਗ੍ਰਾਮ, ਲਾਲ ਮਿਰਚ 3 ਗ੍ਰਾਮ, ਅਦਰਕ 10 ਗ੍ਰਾਮ, ਸਿਰਕਾ 60 ਮਿਲੀਲਿਟਰ, ਸੋਡੀਅਮ ਬੈਨਜ਼ੋਏਟ 1 ਗ੍ਰਾਮ।
ਵਿਧੀ : ਘੀਆ ਨੂੰ ਧੋ ਕੇ ਅਤੇ ਉੱਪਰੋਂ ਛਿਲਕਾ ਉਤਾਰ ਕੇ ਕੱਦੂਕਸ ਕਰ ਲਵੋ। ਇਸਨੂੰ ਸਟੀਲ ਦੇ ਚਾਕੂ ਨਾਲ ਹੀ ਛਿੱਲੋ। ਕੱਦੂਕਸ ਕੀਤੀ ਘੀਆ ਨੂੰ ਥੋੜ੍ਹੇ ਪਾਣੀ ਵਿਚ ਨਰਮ ਹੋਣ ਤਕ ਪ੍ਰੈੱਸ਼ਰ ਕੁੱਕਰ ਵਿਚ ਪਾ ਕੇ ਪਕਾਓ। ਹੁਣ ਇਸ ਨੂੰ ਕੜਾਹੀ ਵਿਚ ਪਾ ਲਵੋ। ਇਸ ਵਿਚ ਖੰਡ ਅਤੇ ਲੂਣ ਪਾ ਦਿਓ। ਸਾਰੇ ਮਸਾਲੇ ਕੁੱਟ ਕੇ ਮਲਮਲ ਦੇ ਕੱਪੜੇ ਵਿਚ ਬੰਨ੍ਹ ਦਿਓ। ਇਸ ਨਾਲ ਇਸ ਦਾ ਸਾਰਾ ਅਸਰ ਚਟਣੀ ਵਿਚ ਘੁਲ ਜਾਵੇਗਾ। ਇਹ ਪੋਟਲੀ ਘੀਆ ਦੇ ਘੋਲ ਵਿਚ ਰੱਖ ਦਿਓ ਅਤੇ ਗਾੜ੍ਹਾ ਹੋਣ ਤਕ ਪਕਾਓ। ਪੋਟਲੀ ਵਿਚੋਂ ਕੱਢ ਕੇ ਚੰਗੀ ਤਰ੍ਹਾਂ ਨਿਚੋੜ ਦਿਓ ਅਤੇ ਸਿਰਕਾ ਪਾ ਕੇ ਗਾੜ੍ਹਾ ਹੋਣ ਤਕ ਪਕਾਓ। ਚਟਣੀ ਦਾ ਪੱਕਣ ਦਾ ਸਤਰ ਚੈੱਕ ਕਰਨ ਲਈ ਚਟਨੀ ਨੂੰ ਪਲੇਟ ਵਿਚ ਪਾ ਲਓ ਅਤੇ ਦੇਖੋ ਕਿ ਚਟਣੀ ਆਪਣੇ ਆਲੇ-ਦੁਆਲੇ ਪਾਣੀ ਛੱਡਦੀ ਹੈ ਜਾਂ ਨਹੀਂ। ਜੇਕਰ ਪਾਣੀ ਛੱਡਦੀ ਹੈ ਤਾਂ ਉਸ ਨੂੰ ਹੋਰ ਪਕਾਓ। ਫਿਰ ਇਸ ਨੂੰ ਠੰਢਾ ਕਰਕੇ ਸਾਫ਼ ਡੱਬਿਆਂ ਵਿਚ ਪਾ ਦਿਓ ਅਤੇ ਚੰਗੀ ਤਰ੍ਹਾਂ ਬੰਦ ਕਰ ਦਿਓ। ਇਸ ਨੂੰ ਤੁਸੀਂ ਕਾਫ਼ੀ ਸਮੇਂ ਤਕ ਵਰਤ ਸਕਦੇ ਹੋ।
ਅੰਬ ਦੀ ਚਟਣੀ
ਅੱਜਕੱਲ੍ਹ ਅੰਬ ਦੀ ਬਹੁਤ ਭਰਮਾਰ ਹੈ, ਪਰ ਅੰਬ ਸਾਰਾ ਸਾਲ ਸਾਨੂੰ ਨਹੀਂ ਮਿਲ ਸਕਦਾ ਇਸ ਲਈ ਅੰਬ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਅੰਬ ਵਿਟਾਮਿਨ ਏ ਦਾ ਭਰਪੂਰ ਸਰੋਤ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਜ਼ਰੂਰੀ ਹੈ। ਇਸ ਲਈ ਅਸੀਂ ਘਰ ਵਿਚ ਅੰਬ ਦੀ ਚਟਣੀ ਬਣਾ ਕੇ ਸਾਰਾ ਸਾਲ ਖਾ ਸਕਦੇ ਹਾਂ।
ਸਮੱਗਰੀ : ਛਿਲਕਾ ਉਤਰੇ ਕੱਦੂਕਸ ਕੀਤੇ ਹੋਏ ਕੱਚੇ ਅੰਬ 1 ਕਿਲੋਗ੍ਰਾਮ, ਪਿਆਜ਼ 100 ਗ੍ਰਾਮ, ਅਦਰਕ 50 ਗ੍ਰਾਮ, ਮੇਥੇ 20 ਗ੍ਰਾਮ, ਸੌਂਫ 20 ਗ੍ਰਾਮ, ਚੀਨੀ 1 ਕਿਲੋਗ੍ਰਾਮ, ਕਲੌਂਜੀ 5 ਗ੍ਰਾਮ, ਨਮਕ 35 ਗ੍ਰਾਮ, ਲਾਲ ਮਿਰਚ 10 ਗ੍ਰਾਮ, ਗਰਮ-ਮਸਾਲਾ 15 ਗ੍ਰਾਮ, ਚਾਰੇ ਮਗਜ਼ ਤੇ ਸੌਗੀ 100 ਗ੍ਰਾਮ, ਗਲੇਸ਼ੀਅਲ ਐਸੀਟਿਕ ਐਸਿਡ5 ਮਿਲੀਲਿਟਰ (1 ਛੋਟਾ ਚਮਚ), ਸੋਡੀਅਮ ਬੈਨਜ਼ੋਏਟ 1 ਗ੍ਰਾਮ (1/3 ਛੋਟਾ ਚਮਚ)।
ਵਿਧੀ : ਪਿਆਜ਼ ਅਤੇ ਅਦਰਕ ਨੂੰ ਛਿੱਲ ਲਓ ਅਤੇ ਫਿਰ ਕੱਦੂਕਸ ਕਰੋ। ਕੱਦੂਕਸ ਕੀਤੇ ਅੰਬਾਂ ਵਿਚ ਪਿਆਜ਼, ਅਧਰਕ, ਨਮਕ, ਮੇਥੇ, ਸੌਂਫ ਅਤੇ ਕਲੌਂਜੀ ਪਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ 15-20 ਮਿੰਟਾਂ ਲਈ ਪਤੀਲੇ ਨੂੰ ਢਕ ਕੇ ਰੱਖੋ ਅਤੇ ਇਸ ਦੌਰਾਨ ਸਾਰੇ ਸਾਮਾਨ ਨੂੰ 1-2 ਵਾਰ ਚੰਗੀ ਤਰ੍ਹਾਂ ਹਿਲਾਓ। ਫਿਰ ਪਤੀਲੇ ਨੂੰ ਅੱਗ ’ਤੇ ਰੱਖੋ ਅਤੇ 1-2 ਮਿੰਟ ਬਾਅਦ ਇਸ ਵਿਚ ਚੀਨੀ ਪਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ ਚੀਨੀ ਦਾ ਅੱਧਾ ਪਾਣੀ ਸੁੱਕਣ ਤਕ ਪਕਾਓ। ਹੁਣ ਇਸ ਵਿਚ ਲਾਲ ਮਿਰਚ, ਗਰਮ ਮਸਾਲਾ, ਚਾਰੇ ਮਗਜ਼ ਤੇ ਸੌਗੀ ਪਾ ਕੇ 5-7 ਮਿੰਟ ਲਈ ਪਕਾਓ। ਫਿਰ ਪਲੇਟ ਟੈਸਟ ਕਰੋ ਅਤੇ ਤਿਆਰ ਚਟਣੀ ਵਿਚ ਸਿਰਕੇ ਦਾ ਤੇਜ਼ਾਬ ਤੇ ਸੋਡੀਅਮ ਬੈਨਜ਼ੋਏਟ ਪਾ ਕੇ ਚੰਗੀ ਤਰ੍ਹਾਂ ਹਿਲਾਓ। ਗਰਮ-ਗਰਮ ਚਟਣੀ ਨੂੰ ਜੈਮ ਵਾਲੀਆਂ ਸ਼ੀਸ਼ੀਆਂ ਵਿਚ ਦੱਬ-ਦੱਬ ਕੇ ਉੱਪਰ ਤਕ ਭਰ ਕੇ ਚੂੜੀਦਾਰ ਢੱਕਣ ਲਗਾ ਦਿਓ। ਅੰਬ ਦੀ ਥਾਂ ਆਂਵਲੇ ਲੈ ਕੇ ਉਪਰੋਕਤ ਸਾਮਾਨ ਅਤੇ ਵਿਧੀ ਰਾਹੀਂ ਆਂਵਲੇ ਦੀ ਚਟਣੀ ਵੀ ਬਣਾਈ ਜਾ ਸਕਦੀ ਹੈ।