For the best experience, open
https://m.punjabitribuneonline.com
on your mobile browser.
Advertisement

ਤੁਰਦੇ ਚਲੇ ਨੇ ਜਾ ਰਹੇ ਮਹਿਫ਼ਲ ਉਦਾਸ ਕਰ

07:19 AM Nov 10, 2023 IST
ਤੁਰਦੇ ਚਲੇ ਨੇ ਜਾ ਰਹੇ ਮਹਿਫ਼ਲ ਉਦਾਸ ਕਰ
Advertisement

ਜਗਤਾਰਜੀਤ ਸਿੰਘ

“ਸੁਣਾ ਬਈ ਕੀ ਹਾਲ ਏ ਤੇਰਾ? ਹੋਰ ਕੀ ਕਰ ਰਿਹਾਂ ਏਂ?” ਜੁਗਿੰਦਰ ਅਮਰ ਵੱਲੋਂ ਜੇ ਫੋਨ ਨਹੀਂ ਸੁਣਿਆ ਗਿਆ ਤਾਂ ਮੋੜਵਾਂ ਫੋਨ ਜ਼ਰੂਰ ਆ ਜਾਂਦਾ। ਗੱਲਬਾਤ ਦੀ ਸ਼ੁਰੂਆਤ ਉਪਰੋਕਤ ਸਤਰਾਂ ਤੋਂ ਹੁੰਦੀ।
8.11.23 ਨੂੰ ਦੁਪਹਿਰੀਂ ਜਿਹੇ ਇਕ ਫੋਨ ਤੋਂ ਪਤਾ ਲੱਗਾ ਕਿ ਜੁਗਿੰਦਰ ਅਮਰ ਹੋਰੀਂ ਇਸ ਦੁਨੀਆ ਤੋਂ ਚਲੇ ਗਏ ਹਨ। ਮੈਂ ਪੁੱਛਿਆ, “ਕਦ…?” ਜਵਾਬ ਮਿਲਿਆ, “ਪਰਸੋਂ (6.11.23)।”
ਹੈਰਾਨੀ ਹੋਣੀ ਚਾਹੀਦੀ ਸੀ; ਹੋਈ ਵੀ ਕਿਉਂਕਿ ਮੈਨੂੰ ਜੁਗਿੰਦਰ ਅਮਰ ਦੇ ਗੁਜ਼ਰ ਜਾਣ ਦਾ ਪਤਾ ਨਹੀਂ ਲੱਗਾ। ਇਹ ਨਿਰੰਤਰ ਬਦਲਦੇ ਮਾਹੌਲ ਦਾ ਇਕ ਪੱਖ ਹੈ ਜਿਹੜਾ ਕਰੂਰ ਹੋ ਰਿਹਾ ਹੈ। ਦੂਰੀਆਂ ਵਧ ਰਹੀਆਂ ਹਨ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ।
ਗੁਜ਼ਰ ਗਏ ਸ਼ਾਇਰ ਦੀ ਕਿਹੜੀ ਗੱਲ ਛੋਹੀ ਜਾਵੇ? ਉਨ੍ਹਾਂ ਨੂੰ ਕਿਵੇਂ ਯਾਦ ਕੀਤਾ ਜਾਵੇ? ਉਹ ਸਾਹਤਿਕਾਰ ਸਨ। ਦਿੱਲੀ ਸਰਕਾਰ ਦਾ ਸਰਬੋਤਮ ਪੁਰਸਕਾਰ ‘ਸਾਹਤਿ ਸ਼੍ਰੋਮਣੀ’ ਵਰ੍ਹਿਆਂ ਪਹਿਲਾਂ ਮਿਲ ਚੁੱਕਾ ਸੀ।
ਮੈਂ ਉਹੀ ਗੱਲ ਕਰਾਂਗਾ ਜੋ ਮੇਰੇ ਨਾਲ ਸਬੰਧਤਿ ਹੈ। ਪਹਿਲੀ ਮੁਲਾਕਾਤ ਅਠੱਤੀ-ਉਨਤਾਲੀ ਸਾਲ ਪਹਿਲਾਂ ਉਨ੍ਹਾਂ ਦੇ ਘਰ ਹੀ ਹੋਈ ਸੀ। ਕੁਲਦੀਪ ਸਿੰਘ ਬੱਗਾ, ਰਜਿੰਦਰ ਕੌਰ, ਰਮੇਸ਼ ਰਾਜ (ਜਸਵਿੰਦਰ ਸਿੰਘ), ਇਕਬਾਲ ਦੀਪ ਅਤੇ ਦੋ-ਤਿੰਨ ਹੋਰ ਸੱਜਣ ਸਨ। ਸਾਰਿਆਂ ਨੇ ਆਪਣਾ ਲਿਖਿਆ ਸੁਣਾਇਆ, ਦੂਜਿਆਂ ਦਾ ਸੁਣਿਆ। ਕਹੇ ਉੱਪਰ ਟਿੱਪਣੀਆਂ ਹੋਈਆਂ। ਸਾਰਾ ਕੁਝ ਘਰੇਲੂ ਨਿੱਘ ਵਿਚ ਹੋਇਆ। ਨਾ ਕੋਈ ਵੱਡਾ ਸੀ, ਨਾ ਹੀ ਛੋਟਾ। ਮੈਨੂੰ ਮਾਹੌਲ ਚੰਗਾ ਲੱਗਾ। ਕਿਸੇ ਸਾਹਤਿਕ ਗੋਸ਼ਟੀ ਦਾ ਹਿੱਸਾ ਹੋਣ ਦਾ ਇਹ ਮੇਰਾ ਪਹਿਲਾ ਅਨੁਭਵ ਸੀ।
ਇਹਦੇ ਬਾਅਦ ਮੇਲ ਮੁਲਾਕਾਤ ਵਧਣ ਲੱਗੀ ਤਾਂ ਪਤਾ ਲੱਗਿਆ- ਇਹ ਸ਼ਖ਼ਸ ਕਿਰਤੀ ਹੈ। ‘ਲੇਥ ਮਸ਼ੀਨਾਂ’ ਦਾ ਕਾਮਾ ਮਿਹਨਤ ਕਰ ਕੇ ਮਸ਼ੀਨਾਂ ਦਾ ਸਿਰਜਕ ਬਣ ਗਿਆ ਜਿਨ੍ਹਾਂ ਦਾ ਸਬੰਧ ਛਪਾਈ ਨਾਲ ਹੁੰਦਾ ਆ ਰਿਹਾ ਹੈ। ਆਪ ਸ਼ੁਰੂ ਕੀਤਾ ਕੰਮ ਹੁਣ ਪਰਿਵਾਰਕ ਕਿੱਤਾ ਬਣ ਚੁੱਕਾ ਹੈ। ਕੀਤੇ ਕੰਮ ਅਤੇ ਤਿਆਰ ਮਸ਼ੀਨਾਂ ਦੀ ਪੁੱਛ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚ ਹੁੰਦੀ ਹੈ। ਇਹ ਵੀ ਪਤਾ ਲੱਗਿਆ ਕਿ ਸੋਚ ਪੱਖੋਂ ਉਹ ਖੱਬੇ ਪੱਖ ਵੱਲ ਦਾ ਹੈ ਅਤੇ ਸਿਖਰਲੇ ਆਗੂਆਂ ਤਕ ਪਹੁੰਚ ਰੱਖਦਾ ਹੈ। ਪਾਰਟੀ ਨੂੰ ਨਿਰੰਤਰ ਚੰਦਾ ਦਿੰਦਾ ਹੈ।
ਸਾਹਤਿਕਾਰ ਹੋਣ ਨਾਤੇ ‘ਜਨ ਲੇਖਕ ਮੰਚ’ ਨਾਲ ਗੂੜ੍ਹਾ ਗੱਠਜੋੜ ਸੀ। ਯਾਦ ਹੈ, ਅਸੀਂ ਦੋ ਵਾਰ ਭੀਸ਼ਮ ਸਾਹਨੀ ਹੋਰਾਂ ਨੂੰ ਉਨ੍ਹਾਂ ਦੇ ਪਟੇਲ ਨਗਰ ਵਾਲੇ ਘਰ ਮਿਲੇ। ਪਿਛੋਕੜ ਵਿਚ ‘ਤਮਸ’ ਵਿਚਲੇ ਸ਼ਬਦ ਚੱਲ ਰਹੇ ਸਨ। ਸਾਹਤਿ ਅਤੇ ‘ਜਨ ਲੇਖਕ ਮੰਚ’ ਦੇ ਪ੍ਰਬੰਧਕੀ ਕੰਮਾਂ ਬਾਬਤ ਵਿਚਾਰ ਹੋਏ।
ਸਮੇਂ ਨਾਲ ਸਾਡੀਆਂ ਮਿਲਣਗਾਹਾਂ ’ਚ ਵਾਧਾ ਹੋਇਆ। ਇਹ ਥਾਵਾਂ ਸਨ ਕਾਫ਼ੀ ਹਾਊਸ, ਅਮਰੀਕ ਸਿੰਘ ਪੂਨੀ ਤੇ ਡਾ. ਹਰਿਭਜਨ ਸਿੰਘ ਦਾ ਘਰ। ਜਗ੍ਹਾ ਨੇ ਹਮੇਸ਼ਾ ਵਿਸ਼ੇ ਅਤੇ ਪ੍ਰਸੰਗ ਨਿਸ਼ਚਤ ਕੀਤੇ। ‘ਆਲ੍ਹਣਾ ਨਾ ਪਾਈਂ’ ਜੁਗਿੰਦਰ ਅਮਰ ਦੀ ਚੰਗੀ, ਪ੍ਰਭਾਵੀ ਕਤਿਾਬ ਕਹੀ ਜਾ ਸਕਦੀ ਹੈ। ਕਤਿਾਬ ਦੀ ਵਿਸ਼ਾ-ਵਸਤੂ ਬਾਬਤ ਡਾ. ਹਰਿਭਜਨ ਸਿੰਘ ਦੇ ਘਰ ਖ਼ੂਬ ਵਿਚਾਰ ਚਰਚਾ ਹੋਈ। ਉਨ੍ਹਾਂ ਨੇ ਦੋ ਸੰਖੇਪ ਮੁੱਖਬੰਦ ਲਿਖੇ ਸਨ ਕਿਉਂਕਿ ਸ਼ਾਮਲ ਨਜ਼ਮਾਂ ਦੋ ਸੁਭਾਅ ਵਾਲੀਆਂ ਸਨ- ਅੱਧੀਆਂ ਕੁ ਸਾਧਾਰਨ ਅਤੇ ਅੱਧੀਆਂ ਕੁ ਮਿੱਥਕ ਬਿਰਤੀ ਵਾਲੀਆਂ।
ਮਹਿਸੂਸ ਹੁੰਦਾ ਆ ਰਿਹਾ ਹੈ, ਕਵੀ ਦੀ ਪਰਖ ਨਜ਼ਮ ਰਾਹੀਂ ਹੀ ਹੁੰਦੀ ਹੈ, ਗ਼ਜ਼ਲ ਨਾਲ ਨਹੀਂ। ਬਾਅਦ ’ਚ ਜੁਗਿੰਦਰ ਅਮਰ ਦਾ ਝੁਕਾਅ ਗ਼ਜ਼ਲ ਵੱਲ ਹੁੰਦਾ ਗਿਆ। ਉਨ੍ਹਾਂ ਗੱਲਬਾਤ ਦੌਰਾਨ ਕਹਿਣਾ- ਗ਼ਜ਼ਲ ਲਿਖ ਹੋ ਜਾਂਦੀ; ਦੱਸਿਆ- ਇਨ੍ਹਾਂ ਦੀ ਗਿਣਤੀ ਹਜ਼ਾਰ ਦੇ ਲਗਭੱਗ ਹੈ। ਮੈਨੂੰ ਕਈ ਵਾਰ ਕਹਿਣਾ- ਗ਼ਜ਼ਲ ਲਿਖਣੀ ਸਿੱਖ। ਉਹ ਗ਼ਜ਼ਲ ਦੇ ਨੇਮ ਡਟ ਕੇ ਪਾਲਦੇ ਪਰ ਇਹਦੇ ਨਾਲ ਵਿਚਾਰ ਅਤੇ ਲੈਅ ਨੂੰ ਸੱਟ ਲੱਗਦੀ ਰਹੀ।
ਸਾਰਾ ਕੁਝ ਤਾਂ ਹੀ ਸੋਭਦਾ ਹੈ ਜੇ ਪਰਿਵਾਰਕ ਜੀਵਨ ਸਹੀ ਰਹੇ। ਘਰ ਦਾ ਸੁਖੀ ਮਾਹੌਲ ਬੰਦੇ ਨੂੰ ਦੂਸਰੇ ਖੇਤਰਾਂ ਵਿਚ ਵਿਚਰਨ ਦਾ ਮੌਕਾ ਦਿੰਦਾ ਹੈ। ਇਹ ਪ੍ਰਾਪਤੀ ਵਾਲੀ ਗੱਲ ਹੈ ਕਿ ਜੁਗਿੰਦਰ ਅਮਰ ਨੇ ਸਮੁੱਚੇ ਪਰਿਵਾਰ ਨੂੰ ਬੰਨ੍ਹ ਕੇ ਰੱਖਿਆ ਅਤੇ ਸੁਚੱਜੀ ਅਗਵਾਈ ਦਿੰਦੇ ਰਹੇ। ਪੂਰੀ ਉਮੀਦ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਕਾਰਜ ਉਹ ਅੰਤ ਤਕ ਨਿਭਾਉਂਦੇ ਰਹੇ। ਉਨ੍ਹਾਂ ਦੇ ਚਲੇ ਜਾਣ ਦੀ ਕਿਰਿਆ ਨੂੰ ਉਨ੍ਹਾਂ ਦੇ ਸਬੰਧੀ, ਸੰਗੀ-ਸਾਥੀ ਆਪੋ-ਆਪਣੀ ਤਰ੍ਹਾਂ ਯਾਦ ਕਰਨਗੇ। ਉਨ੍ਹਾਂ ਦੇ ਕੁਝ ਸ਼ੇਅਰ ਏਦਾਂ ਹਨ:
ਹੋ ਗਿਆ ਹੈ ਜਿਸ ਦੀ ਉਮੀਦ ਨਾ ਸਾਨੂੰ ਸੀ ਕਦੇ
ਐਸੀ ਪੀੜ ਪਹਿਲਾਂ ਤਾਂ ਸ਼ਦੀਦ ਨਾ ਸਾਨੂੰ ਸੀ ਕਦੇ

Advertisement

ਇਨਕਲਾਬੀ ਸੇਧ ਤਾਂ ਕਰਦੀ ਦਿਲਾਂ ਵਿਚ ਵਾਸ ਹੈ
ਦਿਨ ’ਚ ਮਿਹਨਤ ਜ਼ਰੂਰੀ ਸੁਰ ਸੁਧਾਰਾਂ ਰਾਤ ਨੂੰ

ਮਿਲ ਗਿਆ ਮੇਲੇ ’ਚ ਫਿਰ ਮੇਰਾ ਗਵਾਚਾ ਆਜੜੀ
ਦਿਲ ’ਚ ਉਸ ਨੂੰ ਮੈਂ ਬਿਠਾਵਾਂ ਕੁਝ ਸ਼ਿੰਗਾਰਾਂ ਰਾਤ ਨੂੰ

ਕਿਵੇਂ ਤੁਰਦੇ ਚਲੇ ਨੇ ਜਾ ਰਹੇ ਮਹਿਫ਼ਲ ਉਦਾਸ ਕਰ
ਦਮਾਂ ਨੂੰ ਸਾਂਭਦੇ ਰਹਿਣਾ ਤੂੰ ਆਪਣਾ ਵੀ ਖਿ਼ਆਲ ਕਰ
ਸੰਪਰਕ: 98990-91186

Advertisement
Author Image

joginder kumar

View all posts

Advertisement
Advertisement
×