For the best experience, open
https://m.punjabitribuneonline.com
on your mobile browser.
Advertisement

ਤਕਲੇ, ਖੁਰਚਣੇ ਬਣਵਾ ਲਓ...

10:00 AM Sep 14, 2024 IST
ਤਕਲੇ  ਖੁਰਚਣੇ ਬਣਵਾ ਲਓ
Advertisement

ਡਾ. ਬਿਕਰਮਜੀਤ ਪੁਰਬਾ

Advertisement

ਗਾਡੀਆ ਲੋਹਾਰ ਜਾਂ ਗਾਡੀ-ਲੁਹਾਰ ਰਾਜਸਥਾਨ ਵਿੱਚ ਇੱਕ ਟੱਪਰੀਵਾਸ ਕਬੀਲਾ ਹੈ। ਇਹ ਲੋਕ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਵੀ ਮਿਲਦੇ ਹਨ। ਇਹ ਟੋਲੀਆਂ ਵਿੱਚ ਜੀਵਨ ਬਤੀਤ ਕਰਦੇ ਹਨ ਅਤੇ ਆਪਣਾ ਸਾਰਾ ਸਾਮਾਨ ਗੱਡੀਆਂ ਉੱਤੇ ਲੱਦ ਕੇ ਰੱਖਦੇ ਹਨ ਅਤੇ ਥੋੜ੍ਹੇ ਸਮੇਂ ਬਾਅਦ ਆਪਣਾ ਠਿਕਾਣਾ ਬਦਲ ਲੈਂਦੇ ਹਨ। ਇਹ ਲੋਹਾਰਾ ਕੰਮ ਕਰਦੇ ਹਨ। ਇਸੇ ਲਈ ਇਨ੍ਹਾਂ ਨੂੰ ‘ਗਾਡੀ ਲੋਹਾਰ’ ਕਿਹਾ ਜਾਂਦਾ ਹੈ।
ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਦਾ ਹੈ। ਪਿੰਡਾਂ ਵਿੱਚ ਆਪਣੀਆਂ ਬੈਲ ਗੱਡੀਆਂ ਨੂੰ ਕਾਫ਼ਲੇ ਦੇ ਰੂਪ ਵਿੱਚ ਲੈ ਕੇ ਘੁੰਮਣ ਵਾਲੇ ਇਨ੍ਹਾਂ ਲੋਕਾਂ ਨੂੰ ਪੰਜਾਬ ਵਿੱਚ ‘ਗੱਡੀਆਂ ਵਾਲੇ’ ਸ਼ਬਦ ਨਾਲ ਪੁਕਾਰਿਆ ਜਾਂਦਾ ਹੈ। ਪਿੰਡਾਂ ਵਿੱਚ ਇਨ੍ਹਾਂ ਦਾ ਆਧਾਰ ਹੁਣ ਕਾਫ਼ੀ ਘਟ ਚੁੱਕਾ ਹੈ, ਪਰ ਫਿਰ ਵੀ ਘਰਾਂ ਦੇ ਚੁੱਲ੍ਹਿਆਂ ਦੀ ਸੁਆਹ ਕੱਢਣ ਵਾਲੀਆਂ ਕੜਛੀਆਂ, ਚਿਮਟੇ, ਤੱਕਲੇ, ਖੁਰਚਣੇ, ਬੱਠਲ ਰਿਪੇਅਰ ਕਰਨੇ, ਡੱਬਿਆਂ, ਪੀਪਿਆਂ ਨੂੰ ਢੱਕਣ ਲਾਉਣਾ ਇਨ੍ਹਾਂ ਦਾ ਮੁੱਖ ਕੰਮ ਜਾਰੀ ਹੈ। ਰਾਜਸਥਾਨ ਵਿੱਚ ਮਹਾਰਾਣਾ ਪ੍ਰਤਾਪ ਦੀ ਅਕਬਰ ਕੋਲੋਂ ਹੋਈ ਹਾਰ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਨੂੰ ਤਿਆਗ ਕੇ ਕਬੀਲਿਆਂ ਦੇ ਰੂਪ ਵਿੱਚ ਆਏ ਦੱਸੇ ਜਾਂਦੇ ਹਨ। ਇਸ ਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਹਿੱਤ ਕਿਰਪਾਲ ਕਜ਼ਾਕ ਦੁਆਰਾ ਸੰਪਾਦਿਤ ਕਿਤਾਬ ‘ਗਾਡੀ ਲੁਹਾਰ ਕਬੀਲੇ ਦਾ ਸੱਭਿਆਚਾਰ’ ਰਾਹੀਂ ਵੀ ਕੀਤੀ ਗਈ ਹੈ।
ਕੁਝ ਸਦੀਆਂ ਪਹਿਲਾਂ ਗਾਡੀ ਲੁਹਾਰ ਰਾਜਪੂਤ ਸ਼ਾਨੋ-ਸ਼ੌਕਤ ਵਾਲੀ ਆਪਣੀ ਮੁੱਖ ਧਾਰਾ ਨਾਲੋਂ ਟੁੱਟ ਗਏ ਸਨ। ਉਹ ਆਪਣੀ ਜਨਮ ਭੌਂਇੰ ਨੂੰ ਤਿਆਗ ਕੇ ਟੱਪਰੀਵਾਸ ਕਬੀਲੇ ਦੇ ਰੂਪ ਵਿੱਚ ਤਬਦੀਲ ਹੋ ਗਏ ਸਨ। ਸਿੱਟੇ ਵਜੋਂ ਇਨ੍ਹਾਂ ਵੱਲੋਂ ਮੁਗ਼ਲ ਸ਼ਾਸਕਾਂ ਨਾਲ ਲੰਮੀ ਲੜਾਈ ਲੜਨ ਬਦਲੇ ਯੋਧਿਆਂ ਨੇ ਖਾਨਾਬਦੋਸ਼ੀ ਨੂੰ ਆਪਣੇ ਨਸੀਬਾਂ ਨਾਲ ਜੋੜ ਲਿਆ ਹੈ। ਉਸ ਤੋਂ ਪਹਿਲਾਂ ਇਹ ਲੋਕ ਰਾਜਪੂਤਾਂ ਦੀਆਂ ਉੱਚ ਜਾਤੀਆਂ ਵਿੱਚੋਂ ਸਮਝੇ ਜਾਂਦੇ ਸਨ।
ਇਹ ਆਪਣੇ-ਆਪ ਨੂੰ ਮਹਾਰਾਣਾ ਪ੍ਰਤਾਪ ਦੇ ਪੈਰੋਕਾਰ ਸਮਝਦੇ ਹਨ, ਜਿਸ ਸਬੰਧੀ ਇਤਿਹਾਸਕ ਹਵਾਲੇ ਵੀ ਦਿੱਤੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਇਨ੍ਹਾਂ ਦਾ ਪ੍ਰਣ ਹੈ ਕਿ ਉਹ ਚਿਤੌੜ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਉਨ੍ਹਾਂ ਦਾ ਬਣਦਾ ਸਤਿਕਾਰ ਫਿਰ ਪ੍ਰਾਪਤ ਨਾ ਕੀਤਾ ਜਾ ਸਕੇ। ਮਹਾਰਾਣਾ ਪ੍ਰਤਾਪ ਦੇ ਨਾਲ ਜੁੜੇ ਰਾਜਪੂਤਾਂ ਨੇ ਇਸ ਅਹਿਦ ਦੀ ਪੂਰਤੀ ਲਈ ਹੀ ਘਰ-ਬਾਰ ਤਿਆਗੇ ਸਨ। ਆਪਣੇ ਪਰਿਵਾਰ ਸਮੇਤ ਜੰਗਲਾਂ ਵਿੱਚ ਰਹਿ ਕੇ ਮੁਗ਼ਲ ਸ਼ਾਸਕਾਂ ਵਿਰੁੱਧ ਲੜੀ ਲੰਬੀ ਲੜਾਈ ਨੂੰ ਇਹ ਹਾਰ ਗਏ ਸਨ ਤੇ ਇਨ੍ਹਾਂ ਦਾ ਵੱਕਾਰ ਗੁਆਚ ਗਿਆ ਸੀ।
ਇਤਿਹਾਸਕਾਰਾਂ ਅਨੁਸਾਰ ਵੀ ਰਾਜਪੂਤ ਲੋਕ ਅਕਬਰ ਤੋਂ ਹਾਰਨ ਉਪਰੰਤ ਆਪਣੀ ਅਣਖ ਆਬਰੂ ਦੀ ਦੁਬਾਰਾ ਪ੍ਰਾਪਤੀ ਤੱਕ ਚਿਤੌੜ ਦੀ ਮਿੱਟੀ ਨੂੰ ਨਾ ਛੂਹਣ ਲਈ ਵਚਨਬੱਧ ਹੋ ਗਏ ਸਨ। ਉਨ੍ਹਾਂ ਦਾ ਖੁਫ਼ੀਆ ਐਲਾਨ ਸੀ ਕਿ ਜਦੋਂ ਤੱਕ ਚਿਤੌੜ ਵਿੱਚ ਗੁਆਚਿਆ ਵੱਕਾਰ ਬਹਾਲ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਉਹ ਕਾਫ਼ਲਿਆਂ ਵਿੱਚ ਘੁੰਮਦੇ ਰਹਿਣਗੇ ਤੇ ਕਿਸੇ ਤੋਂ ਮੰਗ ਕੇ ਨਹੀਂ ਖਾਣਗੇ। ਹੁਣ ਤੱਕ ਇਹ ਛੋਟਾ-ਮੋਟਾ ਤਰਖਾਣਾ, ਲੁਹਾਰਾ ਕੰਮ ਕਰਕੇ ਆਪਣਾ ਡੰਗ ਟਪਾ ਰਹੇ ਹਨ। ਮਹਾਰਾਣਾ ਪ੍ਰਤਾਪ ਨੇ ਰਾਜਪੂਤਾਂ ਦੀਆਂ ਬਿਖਰੀਆਂ ਸ਼ਕਤੀਆਂ ਨੂੰ ਇਕੱਠਾ ਕਰਨ ਦਾ ਕੰਮ ਆਰੰਭਿਆ। ਉਸ ਨੇ ਰਾਜਪੂਤ ਕੌਮ ਵਿੱਚ ਨਵੀਂ ਰੂਹ ਫੂਕੀ। ਮਹਾਰਾਣਾ ਪ੍ਰਤਾਪ ਦੇ ਮਨਾਹੀਆ ਦੇ ਨਿਯਮਾਂ ਦੀ ‘ਗੱਡੀਆਂ ਵਾਲੇ’ ਅੱਜ ਵੀ ਪਾਲਣਾ ਕਰ ਰਹੇ ਹਨ। ਜਿਵੇਂ ਕਿ ਮੇਵਾੜ ਦੀ ਸੁਤੰਤਰਤਾ ਤੱਕ ਰਾਜ ਮਹਿਲਾਂ ਦਾ ਤਿਆਗ, ਪੰਜ ਧਾਤੂ- ਸੋਨਾ, ਚਾਂਦੀ, ਤਾਂਬਾ, ਪਿੱਤਲ ਬਰਤਨਾਂ ਦੀ ਭੋਜਨ ਸਮੇਂ ਵਰਤੋਂ ਦੀ ਮਨਾਹੀ। ਪਲੰਘਾਂ ਦੀ ਸੇਜ ਦੀ ਮਨਾਹੀ, ਦਾੜ੍ਹੀ-ਮੁੱਛ ਕਤਰਨ ਦੀ ਮਨਾਹੀ, ਯੁੱਧ ਨਗਾਰੇ ਦੀ ਵਰਤੋਂ ਦੀ ਮਨਾਹੀ ਆਦਿ।
ਇਤਿਹਾਸ ਅਨੁਸਾਰ ਮੇਵਾੜ ਦੀ ਅਕਬਰ ਦੁਆਰਾ ਕੀਤੀ ਤਬਾਹੀ ਦੀ ਹਾਲਤ ਵੇਖ ਕੇ ਮਹਾਰਾਣਾ ਪ੍ਰਤਾਪ ਦੇ ਮਨ ਵਿੱਚ ਚੀਸ ਉੱਠਦੀ ਸੀ। ਉਸ ਨੇ ਦੁਬਾਰਾ ਜਿੱਤ ਦੀ ਲਾਲਸਾ ਨੂੰ ਲੈ ਕੇ ਟੁੱਟ ਚੁੱਕੇ ਲੋਕਾਂ ਨੂੰ ਕਮਲਮੀਰ ਕਿਲ੍ਹੇ ਵਿੱਚ ਇਕੱਠ ਕੀਤਾ। ਜਿੱਥੇ ਉਸ ਨੇ ਗੁਰੀਲਾ ਫੌਜ ਲਈ ਵੱਡੇ ਪੱਧਰ ’ਤੇ ਭਰਤੀ ਆਰੰਭੀ। ਭਰਤੀ ਦੌਰਾਨ ਮਹਾਰਾਣਾ ਪ੍ਰਤਾਪ ਵੱਲੋਂ ਸ਼ਰਤ ਰੱਖੀ ਗਈ ਕਿ ਜੋ ਯੋਧਾ ਲੜਨਾ ਚਾਹੁੰਦਾ ਹੈ, ਉਹ ਘਰ-ਬਾਰ ਛੱਡ ਕੇ ਮੇਰੇ ਕੋਲ ਆਵੇ। ‘ਗੱਡੀਆਂ ਵਾਲਿਆਂ’ ਦੇ ਵਡੇਰੇ ਮਹਾਰਾਣਾ ਪ੍ਰਤਾਪ ਵੱਲੋਂ ਬਣਾਈ ਜਾ ਰਹੀ ਫੌਜ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਕਬੀਲੇ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਲੁਹਾਰਗੜ੍ਹ ਵਿੱਚ ਰਹਿਣ ਵਾਲੇ ਗਾਡੀ ਲੁਹਾਰ ਰਾਜਪੂਤਾਂ ਨੇ ਚਿਤੌੜਗੜ੍ਹ ਦੇ ਸ਼ਾਸਕਾਂ ਲਈ ਕਈ ਤਰ੍ਹਾਂ ਦੇ ਹਥਿਆਰ ਬਣਾਉਣ ਦਾ ਕੰਮ ਵੀ ਕੀਤਾ ਹੈ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਤੋਪਾਂ ਦਾ ਨਾਂ ਲਿਆ ਜਾਂਦਾ ਹੈ, ਜਿਨ੍ਹਾਂ ਵਿੱਚ ਕੰਕਰਪਾਨੀ ਅਤੇ ਧੁਰਧਾਨੀ ਤੋਪ ਸ਼ਾਮਲ ਹਨ।
ਇਹ ਦੋਵੇਂ ਤੋਪਾਂ ਅਕਬਰ ਚਿਤੌੜਗੜ੍ਹ ਨੂੰ ਜਿੱਤ ਲੈਣ ਉਪਰੰਤ ਵੀ ਨਾਲ ਨਹੀਂ ਲਿਜਾ ਸਕਿਆ ਸੀ। ਹੋਰ ਬਹੁਤ ਕੁਝ ਲੁੱਟਣ ਦੇ ਨਾਲ ਉਹ ‘ਸ਼ਿਆਮ ਚੈਰਾਗ’ ਅਤੇ ‘ਰਣਜੀਤ ਨਗਾਰਾ’ ਵੀ ਆਪਣੇ ਨਾਲ ਲੈ ਗਿਆ ਸੀ। ਗੱਡੀਆਂ ਵਾਲੇ ਕਬੀਲੇ ਦੇ ਲੋਕ ਇਸ ਨੂੰ ਕਲੰਕ ਦੇ ਰੂਪ ਵਿੱਚ ਮੰਨਦੇ ਹਨ ਕਿਉਂਕਿ ਕਬੀਲੇ ਦੇ ਪੁਰਖੇ ਉਸ ਸਮੇਂ ਲੋਹਾਰਗੜ੍ਹ ਦੀ ‘ਲਖੋਦਾ ਬਾਰੀ’ ਵਿੱਚੋਂ ਭੱਜ ਨਿਕਲੇ ਸਨ, ਜਿਸ ਸਮੇਂ ਜੈਮਲ ਅਤੇ ਪੱਤੋ, ਅਕਬਰ ਦੇ ਵਿਰੁੱਧ ਵੱਡਾ ਜੰਗ ਲੜ ਰਹੇ ਸਨ। ਮੰਨਿਆ ਜਾਂਦਾ ਹੈ ਕਿ ਇਹ ਲੋਕ ਕਾਇਰਤਾ ਨਾ ਵਿਖਾਉਂਦੇ ਤਾਂ ਅਕਬਰ ਦੀ ਜਿੱਤ ਨੂੰ ਕੁਰਬਾਨੀ ਦੇ ਕੇ ਠੱਲ੍ਹਿਆ ਜਾ ਸਕਦਾ ਸੀ। ਅੰਤ ਵਿੱਚ ਹਾਲਾਤ ਇਹ ਬਣੇ ਕਿ ਇੱਜ਼ਤ, ਅਣਖ ਮੁਗ਼ਲਾਂ ਹੱਥੀਂ ਦੇਣ ਦੀ ਬਜਾਏ ਰਾਜਪੂਤ ਔਰਤਾਂ, ਮੁਟਿਆਰਾਂ, ਬੱਚੇ, ਇੱਕ-ਇੱਕ ਕਰਕੇ ਅੱਗ ਵਿੱਚ ਭਸਮ ਹੋ ਗਏ।
ਵਰਤਮਾਨ ਸਥਿਤੀ ਵਿੱਚ ਇਹ ਛੋਟਾ-ਮੋਟਾ ਤਰਖਾਣਾ, ਲੋਹੇ ਦਾ ਕੰਮ ਕਰਕੇ ਆਪਣੀ ਜ਼ਿੰਦਗੀ ਟਪਾ ਰਹੇ ਹਨ। ਬੇਸ਼ੱਕ ਇਸ ਕਬੀਲੇ ਨੇ ਵੱਖ-ਵੱਖ ਥਾਵਾਂ ’ਤੇ ਜਾ ਕੇ ਜ਼ਿੰਦਗੀ ਬਸਰ ਕੀਤੀ ਹੈ, ਪਰ ਇਹ ਕਬੀਲਾ ਖ਼ੁਸ਼ਨੁਮਾ ਜ਼ਿੰਦਗੀ ਨੂੰ ਛੋਟੇ-ਛੋਟੇ ਪਲਾਂ ਵਿੱਚ ਗੁਜ਼ਾਰਦਾ ਹੈ। ਕਬੀਲੇ ਦਾ ਕੋਈ ਸਥਾਈ ਟਿਕਾਣਾ ਨਹੀਂ ਰਿਹਾ ਹੈ, ਪਰ ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਦੇ ਵੀ ਆਪਣੇ ਘਰ ਹੋਣ, ਇਨ੍ਹਾਂ ਦੇ ਵੀ ਆਧਾਰ ਕਾਰਡ ਹੋਣ, ਇਨ੍ਹਾਂ ਦੇ ਬੱਚੇ ਵੀ ਦੂਜੇ ਬੱਚਿਆਂ ਵਾਂਗ ਤਾਲੀਮ ਲੈ ਸਕਣ ਤਾਂ ਕਿ ਇਨ੍ਹਾਂ ਦੀ ਘੁਮੱਕੜ ਜ਼ਿੰਦਗੀ ਵਿੱਚ ਠਹਿਰਾਅ ਆ ਸਕੇ।

Advertisement

Advertisement
Author Image

joginder kumar

View all posts

Advertisement