For the best experience, open
https://m.punjabitribuneonline.com
on your mobile browser.
Advertisement

ਵੱਡਿਆਂ ਰਾਹ ਬਣਾਏ, ਨੂੰਹਾਂ ਕਦਮ ਵਧਾਏ..!

08:34 AM Apr 11, 2024 IST
ਵੱਡਿਆਂ ਰਾਹ ਬਣਾਏ  ਨੂੰਹਾਂ ਕਦਮ ਵਧਾਏ
ਪਰਨੀਤ ਕੌਰ, ਮਹਿੰਦਰ ਕੌਰ, ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 10 ਅਪਰੈਲ
ਪੰਜਾਬ ਚੋਣਾਂ ਦਾ ਪਿੜ ਵੱਡੇ ਘਰਾਂ ਦੀਆਂ ਨੂੰਹਾਂ ਲਈ ਕਦੇ ਓਪਰਾ ਨਹੀਂ ਰਿਹਾ। ਚੋਣ ਛੋਟੀ ਹੋਵੇ ਤੇ ਚਾਹੇ ਵੱਡੀ, ਚੋਣ ਮੈਦਾਨ ਵਿਚ ਸਿਰਫ਼ ਨੂੰਹਾਂ ਦਾ ਨਹੀਂ, ਪਹਿਲਾਂ ਦਾ ਸੱਸਾਂ ਵੀ ਚੋਣ ਸਿਆਸਤ ਨਾਲ ਗਹਿਰਾ ਰਿਸ਼ਤਾ ਰਿਹਾ ਹੈ। ਕਈ ਵੱਡੇ ਪਰਿਵਾਰਾਂ ’ਚ ਜਿੱਤ ਦਾ ਤਾਜ ਪਹਿਲਾਂ ਸੱਸ ਸਿਰ ਸਜਿਆ ਅਤੇ ਮਗਰੋਂ ਨੂੰਹਾਂ ਨੂੰ ਇਹੋ ਤਾਜ ਨਸੀਬ ਹੋਇਆ। ਲੋਕ ਸਭਾ ਚੋਣਾਂ ’ਚ ਐਤਕੀਂ ਪ੍ਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਹਨ। ਉਹ ਪਹਿਲਾਂ ਵੀ ਚਾਰ ਦਫ਼ਾ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਪਹਿਲਾਂ ਉਨ੍ਹਾਂ ਪੰਜੇ ਦੇ ਨਿਸ਼ਾਨ ’ਤੇ ਚੋਣ ਲੜੀ ਅਤੇ ਇਸ ਵਾਰ ਹੱਥ ਦੀ ਥਾਂ ਕਮਲ ਦਾ ਫੁੱਲ ਉਨ੍ਹਾਂ ਦਾ ਚੋਣ ਨਿਸ਼ਾਨ ਹੈ।
ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਸੱਸ ਮਹਿੰਦਰ ਕੌਰ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਸਨ, 1967 ਵਿਚ ਪਟਿਆਲਾ ਹਲਕੇ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਰਾਜ ਮਾਤਾ ਮਹਿੰਦਰ ਕੌਰ 1964-67 ’ਚ ਰਾਜ ਸਭਾ ਮੈਂਬਰ ਰਹੇ। ਸਾਲ 1977 ’ਚ ਉਹ ਜਨਤਾ ਦਲ ਵਿਚ ਸ਼ਾਮਲ ਹੋ ਗਏ ਸਨ ਅਤੇ 1978-84 ਤੱਕ ਰਾਜ ਸਭਾ ਦੇ ਮੁੜ ਮੈਂਬਰ ਰਹੇ। ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜ ਰਹੀ ਹਰਸਿਮਰਤ ਕੌਰ ਬਾਦਲ ਵੀ ਬਾਦਲ ਪਰਿਵਾਰ ਦੀ ਨੂੰਹ ਹੈ ਜੋ ਤਿੰਨ ਦਫ਼ਾ ਪਹਿਲਾਂ ਇਸ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ। ਪਹਿਲੀ ਦਫ਼ਾ ਉਹ ਭਾਜਪਾ ਦੇ ਸਾਥ ਬਿਨਾਂ ਚੋਣ ਮੈਦਾਨ ਵਿਚ ਉੱਤਰੇ ਹਨ। ਹਰਸਿਮਰਤ ਕੌਰ ਬਾਦਲ ਦੀ ਚੋਣ ਵਿਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਭੂਮਿਕਾ ਹੁੰਦੀ ਸੀ ਪਰ ਇਸ ਵਾਰ ਵੱਡੇ ਬਾਦਲ ਦੀ ਕਮੀ ਵੀ ਉਨ੍ਹਾਂ ਨੂੰ ਰੜਕੇਗੀ। ਬੇਸ਼ੱਕ ਹਰਸਿਮਰਤ ਕੌਰ ਦੀ ਸੱਸ ਨੇ ਕੋਈ ਚੋਣ ਤਾਂ ਨਹੀਂ ਲੜੀ ਪਰ ਉਨ੍ਹਾਂ ਦੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਨੇ 1977 ਵਿਚ ਸੰਸਦ ਵਿਚ ਪੈਰ ਪਾਏ ਸਨ ਅਤੇ ਕੇਂਦਰੀ ਮੰਤਰੀ ਵੀ ਬਣੇ ਸਨ। ਸਰਾਏਨਾਗਾ ਵਾਲੇ ਬਰਾੜ ਪਰਿਵਾਰ ਵਿਚ ਨੂੰਹਾਂ ਨੂੰ ਵੀ ਲੋਕ ਫ਼ਤਵਾ ਮਿਲਿਆ। ਮਰਹੂਮ ਹਰਚਰਨ ਸਿੰਘ ਬਰਾੜ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਰਹੇ, ਦੀ ਨੂੰਹ ਕਰਨ ਕੌਰ ਬਰਾੜ ਸਾਲ 2012 ਵਿਚ ਵਿਧਾਇਕਾ ਬਣੀ ਸੀ। ਕਰਨ ਕੌਰ ਬਰਾੜ ਦੀ ਸੱਸ ਗੁਰਬਿੰਦਰ ਕੌਰ ਬਰਾੜ ਵੀ ਸੰਸਦ ਮੈਂਬਰ ਰਹੀ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਵੀ ਬਣੀ।
ਮਜੀਠੀਆ ਪਰਿਵਾਰ ਦੀ ਨੂੰਹ ਗਨੀਵ ਕੌਰ ਮਜੀਠੀਆ ਵੀ ਹੁਣ ਐੱਮਐੱਲਏ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਦਾਦਾ ਸੁਰਜੀਤ ਸਿੰਘ ਮਜੀਠੀਆ ਵੀ ਨਹਿਰੂ ਵਜ਼ਾਰਤ ਵਿਚ ਮੰਤਰੀ ਰਹੇ ਹਨ। ਬਾਜਵਾ ਪਰਿਵਾਰ ਦੀ ਨੂੰਹ ਚਰਨਜੀਤ ਕੌਰ ਬਾਜਵਾ ਵੀ ਵਿਧਾਨ ਸਭਾ ਮੈਂਬਰ ਰਹਿ ਚੁੱਕੀ ਹੈ। ਚਰਨਜੀਤ ਕੌਰ ਬਾਜਵਾ ਦਾ ਸਹੁਰਾ ਸਤਨਾਮ ਸਿੰਘ ਬਾਜਵਾ ਮੰਤਰੀ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਪਤੀ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਹਨ। ਚੌਧਰੀ ਪਰਿਵਾਰ ਦੀ ਨੂੰਹ ਕਰਮਜੀਤ ਕੌਰ ਨੇ ਜਲੰਧਰ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਵਜੋਂ ਕਿਸਮਤ ਅਜ਼ਮਾਈ ਸੀ ਪਰ ਕਾਮਯਾਬੀ ਨਹੀਂ ਮਿਲੀ ਸੀ। ਮਾਸਟਰ ਗੁਰਬੰਤਾ ਸਿੰਘ ਕੈਰੋਂ ਵਜ਼ਾਰਤ ਵਿਚ ਮੰਤਰੀ ਸਨ ਜਿਨ੍ਹਾਂ ਦੀ ਨੂੰਹ ਕਰਮਜੀਤ ਕੌਰ ਨੂੰ ਜਲੰਧਰ ਦੀ ਜ਼ਿਮਨੀ ਚੋਣ ’ਚ ਉਤਾਰਿਆ ਗਿਆ ਸੀ।
ਮਲੂਕਾ ਪਰਿਵਾਰ ਦੀ ਨੂੰਹ ਪਰਮਪਾਲ ਕੌਰ ਮਲੂਕਾ ਦੇ ਵੀ ਐਤਕੀਂ ਚੋਣ ਮੈਦਾਨ ਵਿਚ ਕੁੱਦਣ ਦੀ ਸੰਭਾਵਨਾ ਹੈ ਜਿਨ੍ਹਾਂ ਨੇ ਆਪਣੇ ਅਹੁਦਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੇ ਕਿਆਸ ਹਨ। ਫ਼ਰੀਦਕੋਟ ਦਾ ਢਿੱਲੋਂ ਪਰਿਵਾਰ ਵੀ ਸਿਆਸਤ ’ਚ ਮੋਹਰੀ ਰਿਹਾ ਹੈ। ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਪਿਤਾ ਜਸਮੱਤ ਸਿੰਘ ਢਿੱਲੋਂ ਅਤੇ ਮਾਤਾ ਜਗਦੀਸ਼ ਕੌਰ ਢਿੱਲੋਂ ਵੀ ਵਿਧਾਇਕ ਰਹੇ ਹਨ।
ਗੁਆਂਢੀ ਸੂਬੇ ਹਰਿਆਣਾ ਵਿਚ ਚੌਟਾਲਾ ਪਰਿਵਾਰ ਦੀ ਨੂੰਹ ਨੈਨਾ ਸਿੰਘ ਚੌਟਾਲਾ ਵਿਧਾਇਕ ਬਣਨ ਵਿਚ ਸਫਲ ਹੋਈ ਅਤੇ ਮਰਹੂਮ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਵੀ ਵਿਧਾਇਕਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮੁਲਾਇਮ ਯਾਦਵ ਦੀ ਨੂੰਹ ਡਿੰਪਲ ਯਾਦਵ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ। ਮਹਾਰਾਸ਼ਟਰ ਦੇ ਆਗੂ ਸ਼ਿਵ ਰਾਜ ਪਾਟਿਲ ਦੀ ਨੂੰਹ ਅਰਚਨਾ ਪਾਟਿਲ ਵੀ ਹੁਣ ਚੋਣ ਮੈਦਾਨ ਵਿਚ ਹਨ।

Advertisement

ਪਹਿਲੀ ਮਹਿਲਾ ਐਮਪੀ ਸੁਭਦਰਾ ਜੋਸ਼ੀ

ਸਾਂਝੇ ਪੰਜਾਬ ’ਚੋਂ ਪਹਿਲੀ ਮਹਿਲਾ ਸੰਸਦ ਮੈਂਬਰ ਬਣਨ ਦਾ ਮਾਣ ਸੁਭਦਰਾ ਜੋਸ਼ੀ ਨੂੰ ਰਿਹਾ ਹੈ। ਆਜ਼ਾਦੀ ਦੀ ਲਹਿਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਇਹ ਮਹਿਲਾ ਫਿਰ ਅੰਬਾਲਾ ਅਤੇ ਦਿੱਲੀ ਤੋਂ ਵੀ ਸੰਸਦ ਮੈਂਬਰ ਬਣੀ। ਉਹ ਪਹਿਲੀ ਦਫ਼ਾ ਕਰਨਾਲ ਤੋਂ ਜਿੱਤੇ ਸਨ। ਔਰਤਾਂ ’ਚੋਂ ਸਿਰਫ਼ ਸੁਖਬੰਸ ਕੌਰ ਭਿੰਡਰ ਅਜਿਹੀ ਮਹਿਲਾ ਹੈ ਜਿਸ ਨੇ ਗੁਰਦਾਸਪੁਰ ਤੋਂ ਪੰਜ ਦਫ਼ਾ ਚੋਣ ਜਿੱਤੀ। ਪ੍ਰਨੀਤ ਕੌਰ ਨੇ ਚਾਰ ਦਫ਼ਾ ਚੋਣ ਜਿੱਤੀ ਹੈ ਜਦੋਂਕਿ ਹਰਸਿਮਰਤ ਕੌਰ ਬਾਦਲ ਨੇ ਤਿੰਨ ਵਾਰ ਚੋਣ ਜਿੱਤੀ ਹੈ।

ਭੱਠਲ ਸਿਰ ਸਜਿਆ ਮੁੱਖ ਮੰਤਰੀ ਦਾ ਤਾਜ

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਤਾਜ ਬੀਬੀ ਰਜਿੰਦਰ ਕੌਰ ਭੱਠਲ ਦੇ ਸਿਰ ਸਜਿਆ ਹੈ ਜਿਹੜੇ ਲਹਿਰਾਗਾਗਾ ਤੋਂ ਪੰਜ ਦਫ਼ਾ ਵਿਧਾਇਕਾ ਬਣੇ। ਅਮਰਿੰਦਰ ਸਰਕਾਰ ਵਿਚ ਵੀ ਬੀਬੀ ਭੱਠਲ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਪੰਜਾਬ ਦੇ ਸਿਆਸੀ ਇਤਿਹਾਸ ਵਿਚ 1971 ਅਤੇ 1977 ਵਿਚ ਦੋ ਅਜਿਹੇ ਮੌਕੇ ਵੀ ਆਏ ਜਦੋਂ ਕਿ ਪੰਜਾਬ ’ਚੋਂ ਕੋਈ ਵੀ ਮਹਿਲਾ ਪਾਰਲੀਮੈਂਟ ਵਿਚ ਨਹੀਂ ਪੁੱਜੀ ਸੀ। ਸਾਲ 2009 ਵਿਚ ਸਭ ਤੋਂ ਵੱਧ ਚਾਰ ਮਹਿਲਾ ਸੰਸਦ ਮੈਂਬਰ ਬਣੀਆਂ ਸਨ।

ਧੀਆਂ ਨੂੰ ਵੀ ਮਾਣ ਮਿਲਿਆ

ਦੂਸਰੇ ਪਾਸੇ ਧੀਆਂ ਦੀ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਰਹਿ ਚੁੱਕੇ ਧੰਨਾ ਸਿੰਘ ਗੁਲਸ਼ਨ ਦੀ ਧੀ ਪਰਮਜੀਤ ਕੌਰ ਗੁਲਸ਼ਨ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਅਕਾਲੀ ਦਲ ਦੀ ਟਿਕਟ ’ਤੇ ਮਹਿੰਦਰ ਕੌਰ ਜੋਸ਼ ਤਿੰਨ ਦਫ਼ਾ ਵਿਧਾਇਕ ਬਣੇ ਹਨ ਜਿਨ੍ਹਾਂ ਦਾ ਪਿਤਾ ਅਰਜਨ ਸਿੰਘ ਜੋਸ਼ ਵੀ ਵਿਧਾਇਕ ਰਹੇ ਹਨ। ਅਕਾਲੀ ਵਜ਼ਾਰਤ ਵਿਚ ਮੰਤਰੀ ਰਹੇ ਆਤਮਾ ਸਿੰਘ ਦੀ ਬੇਟੀ ਉਪਿੰਦਰਜੀਤ ਕੌਰ ਵੀ ਮੰਤਰੀ ਰਹੇ ਹਨ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਵੀ ਸਾਲ 2002 ਵਿਚ ਜਲੰਧਰ ਕੈਂਟ ਤੋਂ ਵਿਧਾਇਕ ਬਣੀ ਸੀ।

Advertisement
Author Image

joginder kumar

View all posts

Advertisement
Advertisement
×