ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ’ਚ ਕਾਂਗਰਸ ਨੂੰ ਬਹੁਮਤ, ਜੰਮੂ ਕਸ਼ਮੀਰ ’ਚ ਐੱਨਸੀ-ਕਾਂਗਰਸ ਗੱਠਜੋੜ ਨੂੰ ਲੀਡ

07:25 AM Oct 06, 2024 IST
ਹਰਿਆਣਾ ਦੇ ਹਿਸਾਰ ਵਿੱਚ ਇੱਕ ਬੂਥ ’ਤੇ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੀਆਂ ਮਹਿਲਾਵਾਂ। -ਫੋਟੋ: ਏਐੱਨਆਈ

ਨਵੀਂ ਦਿੱਲੀ, 5 ਅਕਤੂਬਰ
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਅੱਜ ਸ਼ਾਮੀਂ ਵੋਟਿੰਗ ਦਾ ਅਮਲ ਨਿੱਬੜਨ ਤੋਂ ਫੌਰੀ ਮਗਰੋਂ ਜਾਰੀ ਵੱਖ ਵੱਖ ਐਗਜ਼ਿਟ ਪੋਲਾਂ ਵਿਚ ਸੂਬੇ ’ਚ ਕਾਂਗਰਸ ਨੂੰ ਸਪਸ਼ਟ ਬਹੁਮਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸੱਤਾਧਾਰੀ ਭਾਜਪਾ ਲਈ ਜਿੱਤ ਦੀ ਹੈਟ੍ਰਿਕ ਲਾਉਣਾ ਥੋੜ੍ਹਾ ਮੁਸ਼ਕਲ ਲੱਗਦਾ ਹੈ। ਆਮ ਆਦਮੀ ਪਾਰਟੀ (ਆਪ) ਤੇ ਜਨਨਾਇਕ ਜਨਤਾ ਪਾਰਟੀ ਦਾ ਖਾਤਾ ਖੁੱਲ੍ਹਣ ਦੀ ਵੀ ਘੱਟ ਹੀ ਗੁੰਜਾਇਸ਼ ਲੱਗਦੀ ਹੈ। ਆਜ਼ਾਦ ਅਤੇ ਇਨੈਲੋ-ਬਸਪਾ ਗੱਠਜੋੜ ਨੂੰ ਵੀ 10 ਤੋਂ ਘੱਟ ਸੀਟਾਂ ਮਿਲਣ ਦੀ ਸੰਭਾਵਨਾ ਹੈ। ਉਧਰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੂੰ ਲੀਡ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਐਗਜ਼ਿਟ ਪੋਲ ਵਿਚ ਕਾਂਗਰਸ ਦੀ ਖੇਤਰੀ ਭਾਈਵਾਲ ਨੈਸ਼ਨਲ ਕਾਨਫਰੰਸ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੀ ਸੰਭਾਵਨਾ ਜਤਾਈ ਗਈ ਹੈ।

Advertisement

ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਟੋ: ਪੀਟੀਆਈ

ਇੰਡੀਆ ਟੂਡੇ-ਸੀ ਵੋਟਰ ਨੇ ਕਾਂਗਰਸ ਨੂੰ ਹਰਿਆਣਾ ਵਿਚ 50 ਤੋਂ 58 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਭਾਜਪਾ ਨੂੰ 20 ਤੋਂ 28 ਜਦੋਂਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ 0 ਤੋਂ 2 ਅਤੇ ਹੋਰਨਾਂ ਨੂੰ 10 ਤੋਂ 14 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਹਰਿਆਣਾ ਦੀ 90 ਮੈਂਬਰੀ ਅਸੈਂਬਲੀ ਵਿਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 46 ਸੀਟਾਂ ਦੀ ਦਰਕਾਰ ਹੈ। ਭਾਸਕਰ ਰਿਪੋਰਟਰਜ਼ ਪੋਲ ਵਿਚ ਕਾਂਗਰਸ ਨੂੰ 44 ਤੋਂ 54, ਭਾਜਪਾ ਨੂੰ 19 ਤੋਂ 29, ਇਨੈਲੋ ਤੇ ਹੋਰਨਾਂ ਨੂੰ 1 ਤੋਂ 5, ਜੇਜੇਪੀ ਤੇ ਹੋਰ 0 ਤੋਂ 1, ਹੋਰਾਂ ਨੂੰ 4-10 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।

Advertisement

ਰਿਪਬਲਿਕ-ਮੈਟਰੀਜ਼ ਦੇ ਐਗਜ਼ਿਟ ਪੋਲ ਵਿਚ ਕਾਂਗਰਸ 55-62, ਭਾਜਪਾ 18-24, ਇਨੈਲੋ 3-6, ਜੇਜੇਪੀ 0-3 ਤੇ ਹੋਰਨਾਂ ਨੂੰ 2-5 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਰੈੱਡ ਮਾਈਕ-ਦਾਤਾਂਸ਼ ਐਗਜ਼ਿਟ ਪੋਲ ਵਿਚ ਕਾਂਗਰਸ ਨੂੰ 50-55, ਭਾਜਪਾ 20-25; ਧਰੁਵ ਰਿਸਰਚ ਵਿਚ ਕਾਂਗਰਸ ਨੂੰ 50-64 ਤੇ ਭਾਜਪਾ ਨੂੰ 22-32 ਸੀਟਾਂ ਅਤੇ ਪੀਪਲਜ਼ ਪਲਸ ਐਗਜ਼ਿਟ ਪੋਲ ਵਿਚ ਕਾਂਗਰਸ ਨੂੰ 49 ਤੋਂ 60 ਸੀਟਾਂ ਤੇ ਭਾਜਪਾ ਨੂੰ 20 ਤੋਂ 32 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਸੀ-ਵੋਟਰ-ਇੰਡੀਆ ਟੂਡੇ ਸਰਵੇ ਵਿਚ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੂੰ 40 ਤੋਂ 48 ਤੇ ਭਾਜਪਾ ਨੂੰ 27 ਤੋਂ 32 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ। ਦੈਨਿਕ ਭਾਸਕਰ ਨੇ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੂੰ 35-40 ਤੇ ਭਾਜਪਾ ਨੂੰ 20 ਤੋਂ 25 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਪੀਪਲਜ਼ ਪਲਸ ਨੇ ਵੀ 46 ਤੋਂ 50 ਸੀਟਾਂ ਨਾਲ ਐੱਨਸੀ-ਕਾਂਗਰਸ ਗੱਠਜੋੜ ਦਾ ਹੱਥ ਉੱਤੇ ਦੱਸਿਆ ਹੈ। ਇਕੱਲੇ ਰਿਪਬਲਿਕਨ-ਗੁਲਿਸਤਾਨ ਨੇ ਭਾਜਪਾ ਨੂੰ 28 ਤੋਂ 30 ਸੀਟਾਂ ਦੇ ਮੁਕਾਬਲੇ 31-36 ਦੇ ਅੰਕੜੇ ਨਾਲ ਐੱਨਸੀ-ਕਾਂਗਰਸ ਨੂੰ ਮਿਲਣ ਵਾਲੀਆਂ ਸੀਟਾਂ ਦੀ ਗਿਣਤੀ ਘਟਾਈ ਹੈ। ਵੱੱਖੋ-ਵੱਖਰੇ ਪੋਲਜ਼ ਨੇ ਪੀਡੀਪੀ ਦੇ 5 ਤੋਂ 12 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਹਰਿਆਣਾ ਤੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਲਈ ਵੋਟਾਂ ਦੀ ਗਿਣਤੀ ਤੇ ਅਧਿਕਾਰਤ ਚੋਣ ਨਤੀਜਿਆਂ ਦਾ ਐਲਾਨ 8 ਅਕਤੂਬਰ ਨੂੰ ਕੀਤਾ ਜਾਣਾ ਹੈ। -ਪੀਟੀਆਈ

ਕਾਂਗਰਸ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ: ਹੁੱਡਾ

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਸਪਸ਼ਟ ਬਹੁਮਤ ਨਾਲ ਸੂਬੇ ਵਿਚ ਅਗਲੀ ਸਰਕਾਰ ਬਣਾਏਗੀ। ਰੋਹਤਕ ਵਿਚ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੁੱਡਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਬਾਰੇ ਫ਼ੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਕਾਂਗਰਸੀ ਵਿਧਾਇਕਾਂ ਦੀ ਰਾਏ ਨਾਲ ਕੀਤਾ ਜਾਵੇਗਾ। ਹੁੱਡਾ ਨੇ ਕਿਹਾ ਹਰਿਆਣਾ ਦੇ ਲੋਕ ਪਹਿਲਾ ਹੀ ਭਾਜਪਾ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾ ਚੁੱਕੇ ਸਨ ਤੇ 8 ਅਕਤੂਬਰ ਨੂੰ ਇਸਦੀ ਪੁਸ਼ਟੀ ਵੀ ਹੋ ਜਾਵੇਗੀ।

ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੇਗੀ: ਨਾਇਬ ਸੈਣੀ

ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਬਹੁਮਤ ਨਾਲ ਭਾਜਪਾ ਸਰਕਾਰ ਬਣਾਵੇਗੀ। ਹਰਿਆਣਾ ਦੇ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਭਾਜਪਾ ਦੇ ਕੰਮਾਂ ਨੂੰ ਵੇਖਿਆ ਹੈ। ਭਾਜਪਾ ਨੇ ਹਰੇਕ ਵਰਗ ਲਈ ਕੰਮ ਕੀਤਾ ਹੈ। ਭਾਜਪਾ ਨੇ ਹਰਿਆਣਾ ਨੂੰ ਪਰਿਵਾਰਵਾਦ ਤੇ ਭੇਦਭਾਵ ਤੋਂ ਮੁਕਤੀ ਦਵਾਈ ਹੈ। ਇਸੇ ਦੇ ਚਲਦਿਆਂ 8 ਅਕਤੂਬਰ ਨੂੰ ਭਾਜਪਾ ਤੀਜੀ ਵਾਰ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਕੁਝ ਵੀ ਦਿਖਾਵੇ ਪਰ 8 ਅਕਤੂਬਰ ਨੂੰ ਨਤੀਜੇ ਭਾਜਪਾ ਦੇ ਪੱਖ ਵਿੱਚ ਹੋਣਗੇ।

ਉਮਰ ਅਬਦੁੱਲਾ ਵੱਲੋਂ ਐਗਜ਼ਿਟ ਪੋਲਾਂ ਦੇ ਅਨੁਮਾਨ ਖਾਰਜ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਬਾਰੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਮਗਰੋਂ ਐਲਾਨੇ ਜਾਣ ਵਾਲੇ ਨਤੀਜੇ ਹੀ ਮਾਇਨੇ ਰੱਖਦੇ ਹਨ। ਅਬਦੁੱਲਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਹੈਰਾਨ ਹਾਂ ਕਿ ਟੀਵੀ ਚੈਨਲ ਐਗਜ਼ਿਟ ਪੋਲਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ, ਖਾਸ ਤੌਰ ’ਤੇ ਉਦੋਂ ਜਾਰੀ ਹਾਲੀਆ ਆਮ ਚੋਣਾਂ ਵਿਚ ਐਗਜ਼ਿਟ ਪੋਲ ਦੇ ਨਤੀਜੇ ਗ਼ਲਤ ਸਾਬਤ ਹੋਏ ਸਨ।

ਸਰਕਾਰ ਬਣਾਉਣ ਦੀ ਸਥਿਤੀ ’ਚ ਹੈ ਗੱਠਜੋੜ: ਕਾਂਗਰਸ

ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਕਿਹਾ ਕਿ ਕਾਂਗਰਸ-ਐੱਨਸੀ ਗੱਠਜੋੜ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਆਸਾਨੀ ਨਾਲ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ। ਉਨ੍ਹਾਂ ਆਖਿਆ, ‘‘ਮੁੱਢਲੇ ਤੌਰ ’ਤੇ ਇਹ ਚੋਣਾਂ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਦੇ ਨਾਲ-ਨਾਲ ਸੂਬੇ ਦਾ ਦਰਜਾ ਬਹਾਲ ਕਰਨ ਸਣੇ ਜ਼ਮੀਨ ਤੇ ਨੌਕਰੀ ਦੀ ਗਾਰੰਟੀ ’ਤੇ ਕੇਂਦਰਤ ਸਨ। ਮੈਂ ਦੇਖ ਰਿਹਾ ਹਾਂ ਕਿ ਕਾਂਗਰਸ-ਐੱਨਸੀ ਗੱਠਜੋੜ ਆਸਾਨੀ ਨਾਲ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ।’’

‘ਆਪ’ ਵੱਲੋਂ ਸਿੱਖਿਆ ਤੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ: ਸੁਸ਼ੀਲ ਗੁਪਤਾ

‘ਆਪ’ ਹਰਿਆਣਾ ਦੇ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਕਦੇ ਵੀ ਹਰਿਆਣਾ ਦੇ ਲੋਕਾਂ ਦਾ ਭਲਾ ਨਹੀਂ ਕੀਤਾ ਹੈ। ਪਰ ‘ਆਪ’ ਵੱਲੋਂ ਸਿੱਖਿਆ, ਸਿਹਤ, ਰੁਜ਼ਗਾਰ, ਭ੍ਰਿਸ਼ਟਾਚਾਰ ਦਾ ਖਾਤਮਾ ਤੇ ਮੁਫ਼ਤ ਬਿਜਲੀ ਦੇਣ ਦਾ ਲੋਕਾਂ ਨੂੰ ਵਾਅਦਾ ਕੀਤਾ ਹੈ। ਉਹ ਵਾਅਦਾ ਸੱਤਾ ਵਿੱਚ ਆਉਂਦਿਆ ਹੀ ਪੂਰਾ ਕੀਤਾ ਜਾਵੇਗਾ। ਸ੍ਰੀ ਗੁਪਤਾ ਨੇ ਕਿਹਾ ਕਿ 8 ਤਾਰੀਖ ਨੂੰ ਨਤੀਜੇ ‘ਆਪ’ ਦੇ ਹੱਕ ਵਿੱਚ ਆਉਣਗੇ।

ਭਾਜਪਾ ਦੀ ਸਰਕਾਰ ਬਣੇਗੀ: ਰੈਨਾ

ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਸੂਬੇ ’ਚ ਪਾਰਟੀ ਦੀ ਸਰਕਾਰ ਬਣਨ ਦੀ ਉਮੀਦ ਜਤਾਈ ਹੈ। ਐਗਜ਼ਿਟ ਪੋਲਾਂ ’ਤੇ ਟਿੱਪਣੀ ਕਰਦਿਆਂ ਰੈਨਾ ਨੇ ਕਿਹਾ, ‘‘ਭਾਜਪਾ ਨੇ ਅਸੈਂਬਲੀ ਚੋਣਾਂ ਪੂਰੀ ਤਾਕਤ ਨਾਲ ਲੜੀਆਂ ਹਨ। ਸਾਨੂੰ ਯਕੀਨ ਹੈ ਕਿ ਜਦੋਂ 8 ਅਕਤੂਬਰ ਨੂੰ ਨਤੀਜੇ ਆਉਣਗੇ ਤਾਂ ਭਾਜਪਾ ਇਕੱਲੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ। ਨਤੀਜਿਆਂ ਮਗਰੋਂ ਅਸੀਂ ਸਰਕਾਰ ਬਣਾਉਣ ਲਈ ਕੰਮ ਸ਼ੁਰੂ ਕਰਾਂਗੇ।’’ -ਪੀਟੀਆਈ

ਹਰਿਆਣਾ ਵਿੱਚ 62 ਫ਼ੀਸਦ ਮਤਦਾਨ; ਨਤੀਜੇ 8 ਨੂੰ

ਪਹਿਲਵਾਨ ਬਜਰੰਗ ਪੂਨੀਆਂ ਤੇ ਉਸਦੇ ਪਿਤਾ ਅਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੇ ਉਸਦੀ ਮਾਂ ਵੋਟ ਪਾਉਣ ਮਗਰੋਂ ਹੱਥ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋਆਂ: ਪੀਟੀਆਈ

ਆਤਿਸ਼ ਗੁਪਤਾ
ਚੰਡੀਗੜ੍ਹ, 5 ਅਕਤੂਬਰ
ਹਰਿਆਣਾ ਅਸੈਂਬਲੀ ਦੀਆਂ 90 ਸੀਟਾਂ ਲਈ ਵੋਟਿੰਗ ਦਾ ਅਮਲ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ ਹੈ। ਹਾਲਾਂਕਿ ਹਰਿਆਣਾ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਇੱਕਾ-ਦੁੱਕਾ ਥਾਵਾਂ ’ਤੇ ਹਿੰਸਕ ਘਟਨਾਵਾਂ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿੱਚ ਨੁਕਸ ਪੈਣ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ। ਚੋਣ ਕਮਿਸ਼ਨ ਦੇ ਟਰਨਆਊਟ ਐਪ ਮੁਤਾਬਕ ਰਾਤ 9 ਵਜੇ ਤੱਕ 62 ਫ਼ੀਸਦ ਦੇ ਕਰੀਬ ਵੋਟਾਂ ਪਈਆਂ ਹਨ। ਸਾਲ 2019 ਦੀਆਂ ਚੋਣਾਂ ਵਿੱਚ 68.20 ਫ਼ੀਸਦ ਪੋਲਿੰਗ ਦਰਜ ਕੀਤੀ ਗਈ ਸੀ। ਵਿਧਾਨ ਸਭਾ ਹਲਕਾ ਸਡੋਰਾ ਵਿਚ 76 ਫੀਸਦ ਨਾਲ ਸਭ ਤੋਂ ਵੱਧ ਤੇ ਬਡਖਲ ’ਚ 42 ਫੀਸਦਾ ਨਾਲ ਸਭ ਤੋਂ ਘੱਟ ਪੋਲਿੰਗ ਹੋਈ। ਇਨ੍ਹਾਂ ਚੋਣਾਂ ਲਈ 101 ਔਰਤਾਂ ਸਣੇ ਕੁੱਲ 1031 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਸਨ, ਜਿਨ੍ਹਾਂ ਪ੍ਰਮੁੱਖ ਆਗੂਆਂ ਦੀ ਸਿਆਸੀ ਕਿਸਮਤ ਦਾ ਫੈਸਲਾ ਈਵੀਐੱਮਜ਼ ਵਿੱਚ ਬੰਦ ਹੋ ਗਿਆ, ਉਨ੍ਹਾਂ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ, ਜੇੇਜੇਪੀ ਦੇ ਦੁਸ਼ਯੰਤ ਚੌਟਾਲਾ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਇਨੈਲੋ ਦੇ ਅਭੈ ਚੌਟਾਲਾ ਆਦਿ ਸ਼ਾਮਲ ਹਨ। ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਵਿੱਚ ਐਤਕੀਂ ਭਾਜਪਾ, ਕਾਂਗਰਸ, ‘ਆਪ’, ਇਨੈਲੋ-ਬਸਪਾ ਗਠਜੋੜ, ਜੇਜੇਪੀ-ਏਐੱਸਪੀ ਗਠਜੋੜ ਵੱਲੋਂ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ। ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਹੀ ਪਾਰਟੀਆਂ ਦਾ ਵਕਾਰ ਦਾਅ ’ਤੇ ਲੱਗਿਆ ਹੋਇਆ ਸੀ ਪਰ ਭਾਜਪਾ ਤੀਜੀ ਵਾਰ ਸੱਤਾ ਉੱਤੇ ਕਾਬਜ਼ ਹੋਣ ਅਤੇ ਕਾਂਗਰਸ 10 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕਰਨ ਲਈ ਪੁਰ-ਜ਼ੋਰ ਕੋਸ਼ਿਸ਼ਾਂ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ 7 ਵਜੇ ਵੋਟਿੰਗ ਦਾ ਅਮਲ ਸ਼ੁਰੂ ਹੋ ਕੇ ਸ਼ਾਮ 6 ਵਜੇ ਖ਼ਤਮ ਹੋਇਆ ਪਰ ਇਸ ਦੌਰਾਨ ਚੋਣ ਬੂਥ ਦੇ ਗੇਟ ਅੰਦਰ ਦਾਖਲ ਹੋਣ ਵਾਲੇ ਲੋਕਾਂ ਨੂੰ ਸ਼ਾਮ 6 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਦਿਹਾਤੀ ਖੇਤਰ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਵੋਟਰਾਂ ਨੇ ਸਵੇਰੇ 7 ਵਜੇ ਹੀ ਪੋਲਿੰਗ ਬੂਥਾਂ ਦੇ ਬਾਹਰ ਲੰਮੀਆਂ ਕਤਾਰਾਂ ਲਾ ਲਈਆਂ, ਜਦੋਂ ਕਿ ਸ਼ਹਿਰੀ ਖੇਤਰ ਵਿੱਚ ਵੋਟਾਂ ਦੇ ਭੁਗਤਾਨ ਦਾ ਅਮਲ ਪਿੰਡਾਂ ਦੇ ਮੁਕਾਬਲੇ ਘੱਟ ਰਿਹਾ ਹੈ। ਇਸ ਦੌਰਾਨ ਬਜ਼ੁਰਗ ਵੋਟਰਾਂ ਵੱਲੋਂ ਵੱਧ ਚੜ੍ਹ ਕੇ ਵੋਟਿੰਗ ਕੀਤੀ ਗਈ। ਵਿਧਾਨ ਸਭਾ ਚੋਣਾਂ ਦੌਰਾਨ ਨੂਹ ’ਚ ਧਿਰਾਂ ਦਰਮਿਆਨ ਟਕਰਾਅ ਹੋਣ ਕਾਰਨ ਤਣਾਅ ਪੈਦਾ ਹੋ ਗਿਆ। ਵੱਖ-ਵੱਖ ਧਿਰਾਂ ਦਰਮਿਆਨ ਪਥਰਾਅ ਵੀ ਹੋਇਆ ਹੈ, ਜਿਸ ਕਰਕੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਪਾਣੀਪਤ ਦੇ ਪਿੰਡ ਨੋਹਰਾ ਵਿੱਚ ਫਰਜ਼ੀ ਵੋਟ ਪਾਉਣ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਵਰਕਰਾਂ ਵਿੱਚ ਝੜਪ ਹੋ ਗਈ ਹੈ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ, ਜਿਸ ਕਰਕੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਇਸੇ ਤਰ੍ਹਾਂ ਹਿਸਾਰ, ਜਗਾਧਰੀ, ਯਮੁਨਾਨਗਰ ਤੇ ਕਰਨਾਲ ਵਿੱਚ ਵੀ ਹਿੰਸਕ ਝੜਪਾਂ ਹੋਈਆਂ ਹਨ। ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਬਾਅਦ ਅੰਬਾਲਾ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ, ਭਪਿੰਦਰ ਸਿੰਘ ਹੁੱਡਾ ਨੇ ਪਰਿਵਾਰ ਸਣੇ ਜੱਦੀ ਪਿੰਡ ਸਾਂਘੀ, ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪਰਿਵਾਰ ਸਣੇ ਸਿਰਸਾ, ਕਾਂਗਰਸ ਦੀ ਸਾਬਕਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸਿਰਸਾ, ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਨੇ ਪੰਚਕੂਲਾ, ਵਿਨੇਸ਼ ਫੋਗਾਟ ਨੇ ਆਪਣੇ ਪਿੰਡ ਬਲਾਲੀ ਸਣੇ ਹੋਰਨਾਂ ਆਗੂਆਂ ਨੇ ਆਪੋ-ਆਪਣੇ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਪਾਰਦਰਸ਼ੀ, ਨਿਰਪੱਖ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੂਬਾ ਪੁਲੀਸ ਤੇ ਅਰਧ ਸੈਨਿਕ ਬੱਲ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਸਨ।

ਈਵੀਐਮ ਚੁੱਕਣ ਲਈ ਪਿੰਡ ’ਚ ਅਣਪਛਾਤੇ ਵਿਅਕਤੀ ਦਾਖ਼ਲ ਹੋਣ ਕਾਰਨ ਤਣਾਅ

ਸਿਰਸਾ (ਪ੍ਰਭੂ ਦਿਆਲ): ਵਿਧਾਨ ਸਭਾ ਚੋਣਾਂ ਲਈ ਪੋਲਿੰਗ ਬੰਦ ਹੋਣ ਮਗਰੋਂ ਪਿੰਡ ਬਾਜੇਕਾਂ ’ਚੋਂ ਇਕ ਗੱਡੀ ’ਤੇ ਚਾਰ ਅਣਪਛਾਤੇ ਵਿਅਕਤੀ ਈਵੀਐੱਮ ਚੁੱਕਣ ਲਈ ਆਏ ਤਾਂ ਪਿੰਡ ਵਿੱਚ ਤਣਾਅ ਵਾਲੀ ਸਥਿਤੀ ਬਣ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਜੇਕਾਂ ਵਿੱਚ ਪੋਲਿੰਗ ਬੰਦ ਹੋਣ ਮਗਰੋਂ ਇਕ ਬਿਨਾਂ ਨੰਬਰ ਦੀ ਗੱਡੀ ’ਚ ਸਵਾਰ ਚਾਰ ਜਣੇ ਈਵੀਐੱਮ ਮਸ਼ੀਨਾਂ ਲੈਣ ਲਈ ਆਏ। ਜਦੋਂ ਬਿਨਾਂ ਨੰਬਰ ਵਾਲੀ ਗੱਡੀ ਸਕੂਲ ਦੇ ਅੰਦਰ ਗਈ ਤਾਂ ਪਿੰਡ ਦੇ ਲੋਕਾਂ ਨੂੰ ਸ਼ੱਕ ਹੋਇਆ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਜਿਨ੍ਹਾਂ ਦੀ ਨਿਗਰਾਨੀ ਹੇਠ ਈਵੀਐੱਮ ਮਸ਼ੀਨਾਂ ਨੂੰ ਸਟਰਾਂਗ ਰੂਮ ਪਹੁੰਚਾਇਆ ਗਿਆ।

Advertisement