For the best experience, open
https://m.punjabitribuneonline.com
on your mobile browser.
Advertisement

ਜੇਲ੍ਹ ਯਾਤਰਾ ਬਾਰੇ ਦੱਸਣ ’ਤੇ ‘ਮੁੱਕਿਆ’ ਮੇਜਰ ਸਿੰਘ ਉਬੋਕੇ ਦਾ ਸਿਆਸੀ ਸਫ਼ਰ !

08:43 AM Apr 13, 2024 IST
ਜੇਲ੍ਹ ਯਾਤਰਾ ਬਾਰੇ ਦੱਸਣ ’ਤੇ ‘ਮੁੱਕਿਆ’ ਮੇਜਰ ਸਿੰਘ ਉਬੋਕੇ ਦਾ ਸਿਆਸੀ ਸਫ਼ਰ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 12 ਅਪਰੈਲ
ਅਕਾਲੀ ਦਲ ਦੇ ਚੋਟੀ ਦੇ ਆਗੂਆਂ ਵਿੱਚ ਸ਼ੁਮਾਰ ਰਹੇ ਮਰਹੂਮ ਮੇਜਰ ਸਿੰਘ ਉੱਬੋਕੇ ਵੱਲੋਂ ਕੀਤੀਆਂ ਰਾਜਸੀ ਗ਼ਲਤੀਆਂ ਨੇ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਖੋਰਾ ਲਾਇਆ ਹੈ। 27 ਅਪਰੈਲ, 1927 ਨੂੰ ਪੱਟੀ ਨੇੜਲੇ ਪਿੰਡ ਉੱਬੋਕੇ ਵਿੱਚ ਜਨਮੇ ਮੇਜਰ ਸਿੰਘ ਦਾ 3 ਨਵੰਬਰ, 2020 ਨੂੰ ਤਰਨ ਤਾਰਨ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ 1980 ਅਤੇ 1985 ਵਿੱਚ ਵਲਟੋਹਾ (ਹੁਣ ਖੇਮਕਰਨ) ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਜਿੱਤੀ। ਸਾਲ 1985 ਵਿੱਚ ਉਹ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਮਾਲ ਮੰਤਰੀ ਬਣੇ। ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੀ ਅਕਾਲੀ ਰਾਜਨੀਤੀ ਅੰਦਰ ਪ੍ਰਕਾਸ਼ ਸਿੰਘ ਅਤੇ ਮੇਜਰ ਸਿੰਘ ਉੱਬੋਕੇ ਦੋ ਧੜੇ ਹੁੰਦੇ ਸਨ। ਉੱਬੋਕੇ ਨੂੰ 1996 ਦੀ ਲੋਕ ਸਭਾ ਚੋਣ ਵਿੱਚ ਤਰਨ ਤਾਰਨ (ਹੁਣ ਖਡੂਰ ਸਾਹਿਬ) ਤੋਂ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਅਤੇ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਕੁੜਮ ਸੁਰਿੰਦਰ ਸਿੰਘ ਕੈਰੋਂ ਨੂੰ ਫਸਵੇਂ ਮੁਕਾਬਲੇ ਵਿੱਚ ਹਰਾਇਆ। ਲੋਕ ਸਭਾ ਦੀ ਚੋਣ ਦੇ ਨਾਲ ਹੀ ਫਰਵਰੀ, 1997 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਆ ਗਈ ਅਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ| ਇਸੇ ਦੌਰਾਨ ਕੇਂਦਰ ਦੀ ਵਾਜਪਾਈ ਸਰਕਾਰ ਡਿੱਗ ਗਈ ਜਿਸ ਕਰਕੇ 1998 ਲਈ ਲੋਕ ਸਭਾ ਚੋਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ| ਮੇਜਰ ਸਿੰਘ ਉੱਬੋਕੇ ਨੂੰ ਤਰਨ ਤਾਰਨ ਤੋਂ ਪਾਰਟੀ ਦਾ ਟਿਕਟ ਲੈਣ ਵਿਚ ਕੈਰੋਂ ਖਾਨਦਾਨ ਮੁੱਖ ਅੜਿੱਕਾ ਬਣਿਆ ਰਿਹਾ। ਇਕ ਦਿਨ ਮੇਜਰ ਸਿੰਘ ਉੱਬੋਕੇ ਤਰਨ ਤਾਰਨ ਤੋਂ ਪਾਰਟੀ ਦਾ ਟਿਕਟ ਲੈਣ ਲਈ ਦਾਅਵੇਦਾਰੀ ਪੇਸ਼ ਕਰਨ ਲਈ ਪਾਰਟੀ ਲਈ ਕੀਤੀ ਕੁਰਬਾਨੀ ਦੇ ਦਸਤਾਵੇਜ਼ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਚੰਡੀਗੜ੍ਹ ਆਏ। ਉਨ੍ਹਾਂ ਅਕਾਲੀ ਮੋਰਚਿਆਂ ਦੌਰਾਨ ਆਪਣੀ 17 ਵਾਰ ਦੀ ਜੇਲ੍ਹ ਯਾਤਰਾ ਦੇ ਦਸਤਾਵੇਜ਼ ਪੇਸ਼ ਕਰਦਿਆਂ ਸ੍ਰੀ ਬਾਦਲ ਨੂੰ ਕਿਹਾ ਕਿ ਉਸ (ਮੇਜਰ ਸਿੰਘ ਉੱਬੋਕੇ) ਦੀ ਜੇਲ੍ਹ ਯਾਤਰਾ ਉਨ੍ਹਾਂ ਦੀ ਜੇਲ੍ਹ ਨਾਲੋਂ ਵੀ ਜ਼ਿਆਦਾ ਹੈ, ਜਿਸ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਵੇਂ ਤਾਂ ਉਹ ਉਸ ਤੋਂ (ਬਾਦਲ) ਵੀ ਸੀਨੀਅਰ ਹੋਏ। ਇਸੇ ਦੌਰਾਨ ਪੱਟੀ ਸ਼ਹਿਰ ਵਿੱਚ ਕੀਤੀ ਇਕ ਹੋਰ ਗੱਲ ਨੂੰ ਵੀ ਉਨ੍ਹਾਂ ਆਪਣੀ ਗ਼ਲਤੀ ਸਮਝਿਆ। 1996 ਦੀਆਂ ਲੋਕ ਸਭਾ ਦੀਆਂ ਚੋਣਾਂ ਉਪਰੰਤ 1997 ਦੀ ਵਿਧਾਨ ਸਭਾ ਦੀ ਚੋਣ ਲਈ ਪ੍ਰਕਾਸ਼ ਸਿੰਘ ਬਾਦਲ ਪੱਟੀ ਹਲਕੇ ਤੋਂ ਜਦੋਂ ਆਪਣੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ ਹਲਕੇ ਤੋਂ ਚੋਣ ਲੜਾਉਣ ਦੀਆਂ ਤਿਆਰੀਆਂ ਵਜੋਂ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਲਈ ਯੋਜਨਾ ਬਣਾ ਸਨ ਤਾਂ ਟਕਸਾਲੀ ਅਕਾਲੀਆਂ ਨੇ ਪੱਟੀ ਸ਼ਹਿਰ ਅੰਦਰ ਇਕ ਇਕੱਠ ਕਰਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਦਾ ਵਿਰੋਧ ਕੀਤਾ। ਇਸ ਮੌਕੇ ਉਬੋਕੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਪਣੀ ਹਮਦਰਦੀ ਪੁਰਾਣੇ ਅਕਾਲੀਆਂ ਨਾਲ ਜ਼ਾਹਿਰ ਕੀਤੀ ਸੀ। ਇਸ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਗਾਵਤ ਸਮਝਿਆ। ਇਸ ਤੋਂ ਬਾਅਦ ਸ੍ਰੀ ਉੱਬੋਕੇ ਨੂੰ 1998 ਦੀ ਚੋਣ ਵਿਚ ਪਾਰਟੀ ਟਿਕਟ ਨਹੀਂ ਮਿਲ ਸਕਿਆ।

Advertisement

Advertisement
Author Image

joginder kumar

View all posts

Advertisement
Advertisement
×