For the best experience, open
https://m.punjabitribuneonline.com
on your mobile browser.
Advertisement

ਮਾਲਵਾ ਖੇਤਰ ਦੇ ਹਰਿਆਣਾ ਨਾਲ ਲੱਗਦੇ ਮਾਰਗਾਂ ’ਤੇ ਵੱਡੀਆਂ ਰੋਕਾਂ ਲਾਈਆਂ

09:31 AM Feb 12, 2024 IST
ਮਾਲਵਾ ਖੇਤਰ ਦੇ ਹਰਿਆਣਾ ਨਾਲ ਲੱਗਦੇ ਮਾਰਗਾਂ ’ਤੇ ਵੱਡੀਆਂ ਰੋਕਾਂ ਲਾਈਆਂ
ਮਾਨਸਾ ਦੇ ਨਾਲ ਲੱਗਦੀ ਹਰਿਆਣਾ ਦੀ ਇੱਕ ਲਿੰਕ ਸੜਕ ’ਤੇ ਲਾਈਆਂ ਰੋਕਾਂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 11 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਅਤੇ ਹੋਰ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ‘ਦਿੱਲੀ ਚੱਲੋ’ ਪ੍ਰੋਗਰਾਮ ਦੇ ਮੱਦੇਨਜ਼ਰ ਭਾਵੇਂ ਹਰਿਆਣਾ ਨੇ ਕੌਮੀ ਮਾਰਗਾਂ ’ਤੇ ਵੱਡੀਆਂ ਰੋਕਾਂ ਲਾ ਕੇ ਆਵਾਜਾਈ ਰੋਕਣ ਦਾ ਉਪਰਾਲਾ ਬੀਤੇ ਦਿਨ ਤੋਂ ਹੀ ਕਰਨਾ ਆਰੰਭ ਕਰ ਦਿੱਤਾ ਸੀ, ਪਰ ਇਸ ਦੇ ਨਾਲ ਹੀ ਅੱਜ ਹਰਿਆਣਾ ਪੁਲੀਸ ਨੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ’ਚੋਂ ਹਰਿਆਣਾ ਵਿੱਚ ਜਾਣ ਵਾਲੀਆਂ ਲਿੰਕ ਸੜਕਾਂ ਉੱਤੇ ਵੀ ਪਹਿਰੇਦਾਰੀ ਲਾ ਕੇ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮਾਲਵਾ ਖੇਤਰ ’ਚੋਂ ਮਾਨਸਾ, ਬਠਿੰਡਾ, ਸੰਗਰੂਰ, ਫਾਜ਼ਿਲਕਾ ਜ਼ਿਲ੍ਹਿਆਂ ’ਚੋਂ ਅਨੇਕਾਂ ਲਿੰਕ ਸੜਕਾਂ ਹਰਿਆਣਾ ਦੇ ਸਿਰਸਾ, ਫਤਿਆਬਾਦ, ਹਿਸਾਰ ਜ਼ਿਲ੍ਹਿਆਂ ਨਾਲ ਜੁੜਦੀਆਂ ਹਨ, ਜਿਸ ਉਪਰ ਪੁਲੀਸ ਨੇ ਨਾਕਾਬੰਦੀ ਕਰ ਕੇ ਵੱਡੇ-ਵੱਡੇ ਪੱਥਰ ਧਰ ਦਿੱਤੇ ਹਨ।
ਹਰਿਆਣਾ ਪੁਲੀਸ ਦੇ ਇੱਕ ਫ਼ਤਿਆਬਾਦ ਸਥਿਤ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਤਹਿਤ ਅਜਿਹੀਆਂ ਦਿਨ-ਰਾਤ ਦੀਆਂ ਨਾਕਾਬੰਦੀਆਂ ਸਖ਼ਤੀ ਨਾਲ ਰੋਕਣ ਲਈ ਕਿਹਾ ਗਿਆ ਹੈ। ਉੱਧਰ ਮਾਨਸਾ ਇਲਾਕੇ ’ਚੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਅਤੇ ਕਾਕਾ ਸਿੰਘ ਕੋਟੜਾ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ’ਚੋਂ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਨੇ ਹਰਿਆਣਾ ਵੱਲ ਚਾਲੇ ਪਾ ਦਿੱਤੇ ਹਨ। ਇਹ ਟਰੈਕਟਰਾਂ ਦੇ ਕਾਫ਼ਲੇ ਖਨੌਰੀ ਹੋ ਕੇ ਹਰਿਆਣਾ ਵਿੱਚ ਜਾਣ ਦਾ ਉਪਰਾਲਾ ਕਰਨਗੇ।
ਦੂਜੇ ਪਾਸੇ, ਹਰਿਆਣਾ ਨੂੰ ਜਾਣ ਵਾਲੀਆਂ ਸੜਕਾਂ ਉਪਰੋਂ ਕੋਈ ਐਮਰਜੈਂਸੀ ਸੇਵਾ ਵੀ ਬਾਰਡਰ ਨੂੰ ਕਰਾਸ ਨਹੀਂ ਕਰ ਸਕਦੀ, ਜਿਸ ਕਰਕੇ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਲੋਕਾਂ ਨੇ ਦਿੱਲੀ ਹਵਾਈ ਅੱਡੇ ਰਾਹੀਂ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਸਮੇਤ ਹੋਰ ਦੇਸ਼ਾਂ ਨੂੰ ਪੜ੍ਹਾਈ ਦੇ ਵੀਜ਼ੇ ਨੂੰ ਲੈ ਕੇ ਜਾਣਾ ਹੈ, ਉਨ੍ਹਾਂ ਦੀਆਂ ਗੱਡੀਆਂ ਨੂੰ ਵੀਜ਼ਾ ਪਾਸਪੋਰਟ ਵਿਖਾਉਣ ਤੋਂ ਬਾਅਦ ਹਰਿਆਣਾ ਪੁਲੀਸ ਵੱਲੋਂ ਰੋਕਿਆ ਜਾ ਰਿਹਾ ਹੈ।

Advertisement

ਡੱਬਵਾਲੀ ’ਚ ਆਰਪੀਐੱਫ ਤਾਇਨਾਤ

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਸਰਹੱਦ ’ਤੇ ਕਰੀਬ ਚਾਰ ਪਰਤਾਂ ਵਾਲੀ ਪੁਖਤਾ ਬੰਦਿਸ਼ਾਂ ਖੜ੍ਹੀਆਂ ਕਰਨ ਦੀ ਕਵਾਇਦ ਵਿੱਚ ਡੱਬਵਾਲੀ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਲਗਭਗ ਨਜ਼ਰਬੰਦ ਕਰ ਦਿੱਤਾ ਗਿਆ ਹੈ। ਰੇਲਵੇ ਲਾਈਨ ਦੇ ਦੋਵਾਂ ਪਾਸੇ ਵਸੇ ਸ਼ਹਿਰ ਨੂੰ ਜੋੜਦੇ ਰੇਲਵੇ ਅੰਡਰ ਪਾਸ ਨੂੰ ਵਿਸ਼ਾਲ ਪੱਥਰਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਵੱਲੋਂ ਰੋਸ ਜਤਾਉਣ ਦੇ ਬਾਵਜੂਦ ਪ੍ਰਸ਼ਾਸਨ ਰੱਤੀ ਭਰ ਰਿਸਕ ਲੈਣ ਦੇ ਮੂਡ ਵਿੱਚ ਨਹੀਂ ਦਿਖਾਈ ਨਹੀਂ ਦਿੰਦਾ। ਡੱਬਵਾਲੀ ਵਿੱਚ ਰੈਪਿਡ ਐਕਸ਼ਨ ਫੋਰਸ ਦੀ 8 ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮਲੋਟ ਰੋਡ ’ਤੇ ਸਥਿਤ ਅੰਤਰਰਾਜੀ ਰੇਲਵੇ ਫਲਾਈਓਵਰ ’ਤੇ ਇੱਕ ਸਾਈਡ ਨੂੰ ਬੰਦਿਸ਼ਾਂ ਨੂੰ ਪੱਕੇ ਤੌਰ ’ਤੇ ਬੰਦ ਕਰਕੇ ਰੈਪਿਡ ਐਕਸ਼ਨ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਫਲਾਈਓਵਰ ’ਤੇ ਵਹੀਕਲਾਂ ਨੂੰ ਇੱਕ ਪਾਸਿਓਂ ਲੰਘਾਇਆ ਜਾ ਰਿਹਾ ਹੈ। ਪੁਲੀਸ ਨੇ ਐੱਨਐੱਚ ਬਠਿੰਡਾ ਰੋਡ ਹੱਦ ’ਤੇ ਵਿਸ਼ਾਲ ਪੱਥਰਾਂ ਨਾਲ ਲਾਈਆਂ ਰੋਕਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਕੇ ਅੱਜ ਚਾਰ ਪਰਤੀ ਕਰ ਦਿੱਤਾ ਜਿਸ ਕਰਕੇ ਸ਼ਹਿਰ ਵਿੱਚ ਹਾਈਵੇਅ ਅਤੇ ਹੋਰ ਸੜਕਾਂ ‘ਤੇ ਜਾਮ ਦਾ ਮਾਹੌਲ ਰਿਹਾ। ਸਰਕਾਰੀ ਨਿਰਦੇਸ਼ਾਂ ’ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਰੋਕ ਅਤੇ ਸ਼ਹਿਰ ਵਿੱਚ ਆਵਾਜਾਈ ਪਾਬੰਦੀਆਂ ਲੱਗਣ ਨਾਲ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਦੂਜੇ ਪਾਸੇ, ਜ਼ਿਲ੍ਹਾ ਬਠਿੰਡਾ ਪੁਲੀਸ ਵੱਲੋਂ ਡੱਬਵਾਲੀ ਨਾਲ ਖਹਿੰਦੇ ਪਿੰਡ ਡੂਮਵਾਲੀ ਵਿੱਚ ਇੰਟਰਸਟੇਟ ਨਾਕੇ ’ਤੇ ਵਿਸ਼ਾਲ ਪੱਥਰ ਰਖਵਾ ਕੇ ਮੋਰਚਾਬੰਦੀ ਕੀਤੀ ਗਈ ਹੈ।

Advertisement
Author Image

Advertisement
Advertisement
×