ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਤਵਿਕ ਤੇ ਚਿਰਾਗ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ

08:24 AM Dec 21, 2023 IST
ਸਾਤਵਿਕ ਸਾਈਰਾਜਰੰਕੀਰੈੱਡੀ, ਚਿਰਾਗ ਸ਼ੈੱਟੀ

ਨਵੀਂ ਦਿੱਲੀ, 20 ਦਸੰਬਰ
ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਾਤਵਿਕ ਸਾਈਰਾਜਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਸਾਲ 2023 ਲਈ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਦਿੱਤਾ ਜਾਵੇਗਾ, ਜਦਕਿ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਏਸ਼ਿਆਈ ਖੇਡਾਂ ਦੀ ਚੈਂਪੀਅਨ ਤੀਰਅੰਦਾਜ਼ ਸ਼ੀਤਲ ਦੇਵੀ ਸਣੇ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲੇਗਾ। ਇਹ ਐਵਾਰਡ ਰਾਸ਼ਟਰਪਤੀ ਭਵਨ ਵਿੱਚ ਨੌਂ ਜਨਵਰੀ ਨੂੰ ਹੋਣ ਵਾਲੇ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦਿੱਤੇ ਜਾਣਗੇ। ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਸਿਫ਼ਾਰਸ਼ ਕੀਤੇ ਨਾਵਾਂ ਦੇ ਆਧਾਰ ’ਤੇ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਪੁਰਸ਼ ਡਬਲਜ਼ ਟੀਮ ਚਿਰਾਗ ਅਤੇ ਸਾਤਵਿਕ ਨੂੰ ਸਰਵਉੱਚ ਖੇਡ ਸਨਮਾਨ ਖੇਲ ਰਤਨ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤਾ ਜਾਵੇਗਾ, ਜਿਸ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ 33 ਸਾਲਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸ਼ਾਮਲ ਹੈ। ਭਾਰਤ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਗਿਆ ਸੀ।
ਖੇਡ ਮੰਤਰਾਲੇ ਦੇ ਸੂਤਰਾਂ ਅਨੁਸਾਰ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਸ਼ਮੀ ਦਾ ਨਾਂ ਸੂਚੀ ਵਿੱਚ ਸ਼ਾਮਲ ਕਰਨ ਲਈ ਵਿਸ਼ੇਸ਼ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਉਸ ਦਾ ਨਾਂ ਦੇਸ਼ ਦੇ ਦੂਜੇ ਸਰਵੋਤਮ ਖੇਡ ਐਵਾਰਡਾਂ ਲਈ ਨਾਮਜ਼ਦ ਕੀਤੇ ਗਏ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ। ਸ਼ਮੀ ਨੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸਿਰਫ਼ ਸੱਤ ਮੈਚਾਂ ’ਚ 24 ਵਿਕਟਾਂ ਲਈਆਂ ਸੀ। ਪਹਿਲੇ ਚਾਰ ਮੈਚ ਵਿੱਚ ਬਾਹਰ ਰਹਿਣ ਮਗਰੋਂ ਸ਼ਮੀ ਨੂੰ ਜਦੋਂ ਮੌਕਾ ਮਿਲਿਆ ਤਾਂ ਉਸ ਨੇ ਇਸ ਦਾ ਪੂਰਾ ਲਾਹਾ ਲਿਆ। ਸ਼ਮੀ ਤੋਂ ਇਲਾਵਾ 25 ਹੋਰ ਖਿਡਾਰੀਆਂ ਨੂੰ ਵੀ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਦਰੋਣਾਚਾਰੀਆ ਐਵਾਰਡ ਲਈ ਪੰਜ ਕੋਚ ਗਣੇਸ਼ ਪ੍ਰਭਾਕਰਨ (ਮਲਖੰਭ), ਮਹਾਵੀਰ ਸੈਣੀ (ਪੈਰਾ ਅਥਲੈਟਿਕਸ), ਲਲਿਤ ਕੁਮਾਰ (ਕੁਸ਼ਤੀ), ਆਰਬੀ ਰਮੇਸ਼ (ਸ਼ਤਰੰਜ) ਅਤੇ ਸ਼ਿਵੇਂਦਰ ਸਿੰਘ (ਹਾਕੀ) ਦੀ ਚੋਣ ਕੀਤੀ ਗਈ ਹੈ। ਧਿਆਨ ਚੰਦ ਐਵਾਰਡ ਲਈ ਕਵਿਤਾ ਸੇਲਵਰਾਜ (ਕਬੱਡੀ), ਮੰਜੂਸ਼ਾ ਕੰਵਰ (ਬੈਡਮਿੰਟਨ) ਅਤੇ ਵਿਨੀਤ ਕੁਮਾਰ ਸ਼ਰਮਾ (ਹਾਕੀ) ਨੂੰ ਚੁਣਿਆ ਗਿਆ ਹੈ। ਖੇਡ ਮੰਤਰਾਲੇ ਨੇ ਇਸ ਸਾਲ ਦੇ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਅਤੇ ਅਰਜੁਨ ਐਵਾਰਡ ਦਾ ਫ਼ੈਸਲਾ ਕਰਨ ਲਈ 12 ਮੈਂਬਰੀ ਕਮੇਟੀ ਬਣਾਈ ਸੀ।
ਇਸ ਕਮੇਟੀ ਦੇ ਪ੍ਰਧਾਨ ਸੇਵਾਮੁਕਤ ਜੱਜ ਏਐੱਮ ਖਾਨਵਿਲਕਰ ਤੋਂ ਇਲਾਵਾ ਹਾਕੀ ਖਿਡਾਰੀ ਧਨਰਾਜ ਪਿੱਲੈ, ਸਾਬਕਾ ਟੇਬਲ ਟੈਨਿਸ ਖਿਡਾਰੀ ਕਮਲੇਸ਼ ਮਹਿਤਾ, ਸਾਬਕਾ ਮੁੱਕੇਬਾਜ਼ ਅਖਿਲ ਕੁਮਾਰ, ਮਹਿਲਾ ਨਿਸ਼ਾਨੇਬਾਜ਼ ਅਤੇ ਮੌਜੂਦਾ ਕੌਮੀ ਕੋਚ ਸ਼ੁਮਾ ਸ਼ਿਰੂਰ, ਸਾਬਕਾ ਕ੍ਰਿਕਟਰ ਅੰਜੁਮ ਚੋਪੜਾ, ਬੈਡਮਿੰਟਨ ਖਿਡਾਰੀ ਤ੍ਰਿਪਤੀ ਮੁਰਗੁੰਡੇ ਅਤੇ ਪਾਵਰਲਿਫਟਰ ਫਰਮਾਨ ਪਾਸ਼ਾ ਸ਼ਾਮਲ ਸੀ। ਇਸੇ ਤਰ੍ਹਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ 2023 ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਮਿਲੇਗੀ। -ਪੀਟੀਆਈ

Advertisement

ਅਰਜੁਨ ਐਵਾਰਡ ਜੇਤੂ ਖਿਡਾਰੀ

ਇਸ ਸਾਲ ਦੇ ਅਰਜੁਨ ਐਵਾਰਡ ਲਈ ਚੁਣੇ ਗਏ ਖਿਡਾਰੀਆਂ ਵਿੱਚ ਮੁਹੰਮਦ ਸ਼ਮੀ (ਕ੍ਰਿਕਟ), ਅਜੈ ਰੈੱਡੀ (ਨੇਤਰਹੀਣਾਂ ਦੀ ਕ੍ਰਿਕਟ), ਓਜਸ ਪ੍ਰਵੀਨ ਦੇਵਤਾਲੇ, ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਸ਼ੀਤਲ ਦੇਵੀ (ਪੈਰਾ ਤੀਰਅੰਦਾਜ਼ੀ), ਪਾਰੁਲ ਚੌਧਰੀ ਅਤੇ ਮੁਰਲੀ ਸ੍ਰੀਸ਼ੰਕਰ (ਅਥਲੈਟਿਕਸ), ਮੁਹੰਮਦ ਹੁਸਾਮੂਦੀਨ (ਮੁੱਕੇਬਾਜ਼ੀ), ਆਰ ਵੈਸ਼ਾਲੀ (ਸ਼ਤਰੰਜ), ਦਿਵੈਕ੍ਰਿਤੀ ਸਿੰੰਘ ਅਤੇ ਅਨੁਸ਼ ਅਗਰਵਾਲ (ਘੋੜਸਵਾਰੀ), ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨ ਬਹਾਦੁਰ ਪਾਠਕ ਅਤੇ ਸੁਸ਼ੀਲਾ ਚਾਨੂ (ਹਾਕੀ), ਪਿੰਕੀ (ਲਾਅਨ ਬਾਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਈਸ਼ਾ ਸਿੰਘ (ਨਿਸ਼ਾਨੇਬਾਜ਼ੀ), ਅੰਤਿਮ ਪੰਘਾਲ ਅਤੇ ਸੁਨੀਲ ਕੁਮਾਰ (ਕੁਸ਼ਤੀ), ਅਯਹਿਕਾ ਮੁਖਰਜੀ (ਟੇਬਲ ਟੈਨਿਸ), ਨਾਓਰੇਮ ਰੋਸ਼ਬਿਿਨਾ ਦੇਵੀ (ਵੁਸ਼ੂ), ਪਵਨ ਕੁਮਾਰ ਅਤੇ ਰਿਤੂ ਨੇਗੀ (ਕਬੱਡੀ), ਨਸਰੀਨ (ਖੋ-ਖੋ), ਹਰਿੰਦਰਪਾਲ ਸਿੰਘ ਸੰਧੂ (ਸਕੁਐਸ਼), ਪ੍ਰਾਚੀ ਯਾਦਵ (ਪੈਰਾ ਕੇਨੋਇੰਗ) ਸ਼ਾਮਲ ਹਨ।

Advertisement
Advertisement