ਸਮਾਜਿਕ ਸੇਵਾਵਾਂ ਦਾ ਸਮਾਜ ਉਸਾਰੀ ’ਚ ਵੱਡਾ ਯੋਗਦਾਨ: ਕਰੀਮਪੁਰੀ
ਸੁਰਜੀਤ ਮਜਾਰੀ
ਬੰਗਾ, 29 ਨਵੰਬਰ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੇ ਵਿਹੜੇ ਸ਼ਿਰਕਤ ਕੀਤੀ। ਡਾ. ਕਰੀਮਪੁਰੀ ਨੇ ਕਿਹਾ ਕਿ ਸਮਾਜਿਕ ਸੇਵਾਵਾਂ ਦਾ ਸਮਾਜ ਨਿਰਮਾਣ ’ਚ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਸਥਾਪਿਤ ਅਦਾਰਿਆਂ ਦੀ ਸ਼ਲਾਘਾ ਕੀਤੀ। ਉਕਤ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਡਾ. ਅਵਤਾਰ ਸਿੰਘ ਕਰੀਮਪੁਰੀ ਨਾਲ ਗੁਰੂ ਨਾਨਕ ਮਿਸ਼ਨ ਨੂੰ ਸਮਰਪਿਤ ਹਸਪਤਾਲ, ਸੈਕੰਡਰੀ ਸਕੂਲ, ਨਰਸਿੰਗ ਕਾਲਜ, ਪੈਰਾ ਮੈਡੀਕਲ ਕਾਲਜ ਆਦਿ ਅਦਾਰਿਆਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਜੁਗਿੰਦਰ ਸਿੰਘ ਸਾਧੜਾ, ਮੀਤ ਸਕੱਤਰ ਜਗਜੀਤ ਸਿੰਘ ਸੋਢੀ, ਸੀਨੀਅਰ ਮੈਂਬਰ ਅਜਮੇਰ ਸਿੰਘ ਮਾਨ ਤੇ ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਆਦਿ ਵੀ ਸ਼ਾਮਲ ਸਨ।