ਮਜੀਠੀਆ ਨੇ ਸਾਬਕਾ ਓਐੱਸਡੀ ਰਾਕੇਸ਼ ਪ੍ਰਾਸ਼ਰ ਨੂੰ ਮੁੜ ਅਕਾਲੀ ਦਲ ਵਿੱਚ ਕੀਤਾ ਸ਼ਾਮਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨ ਚੰਡੀਗੜ੍ਹ ਹਵਾਈ ਅੱਡੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਹਾਜ਼ ਵਿੱਚੋਂ ਉੱਤਰਨ ਵੇਲੇ ਕਥਿਤ ਤੌਰ ’ਤੇ ਡਿੱਗਣ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਤਰਕ ਦਿੱਤਾ ਕਿ ਭਗਵੰਤ ਮਾਨ ਨੇ ਦਿੱਲੀ ਤੋਂ ਚੰਡੀਗੜ੍ਹ ਆਉਣ ਵੇਲੇ ਚਾਰਟਡ ਫਲਾਈਟ ਵਿੱਚ ਗੈਰ-ਕਾਨੂੰਨੀ ਤੌਰ ’ਤੇ ਕਥਿਤ ਸ਼ਰਾਬ ਪੀਤੀ ਸੀ, ਜਿਸ ਕਾਰਨ ਹੀ ਉਹ ਜਹਾਜ਼ ਵਿੱਚੋਂ ਉਤਰਨ ਵੇਲੇ ਥੱਲੇ ਡਿੱਗ ਪਏ ਸਨ। ਇੱਥੇ ਅੱਜ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਛੱਡ ਕੇ ਭਾਜਪਾ ’ਚ ਗਏ ਸਾਬਕਾ ਓਐੱਸਡੀ ਰਾਕੇਸ਼ ਪ੍ਰਾਸ਼ਰ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਰਨ ਮੌਕੇ ਅਰਬਨ ਅਸਟੇਟ ਸਥਿਤ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਰਾਕੇਸ਼ ਪ੍ਰਾਸ਼ਰ ਦੇ ਆਉਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ।
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਉਦੋਂ ਤੋਂ ਪ੍ਰੇਸ਼ਾਨ ਹਨ, ਜਦੋਂ ਤੋਂ ਅਰਵਿੰਦ ਕੇਜਰੀਵਾਲ ਨੇ ਇਹ ਆਖਿਆ ਹੈ ਕਿ ਉਨ੍ਹਾਂ ਨੂੰ ਵੀ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ, ਜਿਸ ਕਾਰਨ ਹੀ ਉਨ੍ਹਾਂ ਨੂੰ ਕਥਿਤ ਤੌਰ ’ਤੇ ਸ਼ਰਾਬ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੁਬਾਰਾ ਚਾਰਟਡ ਫਲਾਈਟ ਵਿਚ ਵਾਪਸ ਦਿੱਲੀ ਲਿਜਾਣ ਦੀ ਕਾਰਵਾਈ ਵੀ ਸੂਬੇ ਦੇ ਸਰੋਤਾਂ ਦੀ ਸਿੱਧੀ ਬਰਬਾਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੱਸੇ ਕਿ ਉਨ੍ਹਾਂ ਨੂੰ ਚੰਡੀਗੜ੍ਹ ਜਾਂ ਪੰਜਾਬ ਦੇ ਕਿਸੇ ਹਸਪਤਾਲ ਵਿੱਚ ਦਾਖਲ ਕਿਉਂ ਨਹੀਂ ਦਾਖਲ ਕਰਵਾਇਆ ਗਿਆ। ਮਜੀਠੀਆ ਨੇ ਸਰਕਾਰ ਦੀ ਨਵੀਂ ਖੇਤੀ ਨੀਤੀ ਨੂੰ ਪੁਰਾਣੀ ਬੋਤਲ ਵਿੱਚ ਨਵੀਂ ਸ਼ਰਾਬ ਪਾਉਣ ਦੇ ਤੁੱਲ ਦੱਸਿਆ।
ਉਨ੍ਹਾਂ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਨੇ ਐਮਰਜੈਂਸੀ ਦੇ ਦਿਨ ਯਾਦ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੈਂਗਸਟਰਾਂ ’ਤੇ ਨਕੇਲ ਕਸਣ ਵਿੱਚ ਨਾਕਾਮ ਰਹੀ ਹੈ।