ਮਜੀਠਾ ਵਿਧਾਨ ਸਭਾ ਹਲਕਾ ਅਕਾਲੀ ਦਲ ਅਜੇਤੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਜੂਨ
ਅਕਾਲੀ ਉਮੀਦਵਾਰ ਅਨਿਲ ਜੋਸ਼ੀ ਭਾਵੇਂ ਲੋਕ ਸਭਾ ਚੋਣ ਹਾਰ ਗਏ ਹਨ ਪਰ ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਹੇਠ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਜੇਤੂ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਤ ਇਹ ਵਿਧਾਨ ਸਭਾ ਹਲਕਾ ਅੱਜ ਵੀ ਅਕਾਲੀ ਦਲ ਦਾ ਅਜੇਤੂ ਗੜ੍ਹ ਰਿਹਾ। ਮਜੀਠਾ ਵਿਧਾਨ ਸਭਾ ਹਲਕੇ ਵਿੱਚੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਸਭ ਤੋਂ ਵਧੇਰੇ 40,981 ਵੋਟਾਂ ਹਾਸਲ ਕੀਤੀਆਂ ਹਨ। ਜਦੋਂ ਕਿ ਇਹ ਚੋਣ ਜਿੱਤਣ ਵਾਲੇ ਕਾਂਗਰਸ ਤੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਮਜੀਠਾ ਹਲਕੇ ਵਿੱਚੋਂ ਸਿਰਫ 16,505 ਵੋਟਾਂ ਮਿਲੀਆਂ ਹਨ ਤੇ ਦੂਜੇ ਸਥਾਨ ’ਤੇ ਰਹੇ ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 28530 ਵੋਟਾਂ ਮਿਲੀਆਂ ਹਨ। ਜਦੋਂ 2022 ਦੀਆਂ ਅਸੈਂਬਲੀ ਚੋਣਾਂ ਵਿੱਚ ‘ਆਪ’ ਨੇ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਸੀ ਤਾਂ ਉਸ ਵੇਲੇ ਵੀ ਮਜੀਠਾ ਵਿਧਾਨ ਸਭਾ ਹਲਕੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦੇ ਸਿਲਸਿਲੇ ਨੂੰ ਬਰਕਰਾਰ ਰੱਖਿਆ ਸੀ। ਇਸ ਹਲਕੇ ਵਿਚ ਇਸ ਵਾਰ ਵੀ ਕੋਈ ਹੋਰ ਸਿਆਸੀ ਪਾਰਟੀ ਸੰਨ੍ਹ ਲਾਉਣ ’ਚ ਸਫਲ ਨਹੀਂ ਸਕੀ।