ਮਜੀਠਾ: 11 ਨੂੰ ਪੰਜਾਬ ’ਚ ਸਾਇਲੋ ਗੁਦਾਮਾਂ ਅੱਗੇ ਧਰਨੇ ਦੇਣ ਦਾ ਐਲਾਨ
ਰਾਜਨ ਮਾਨ
ਮਜੀਠਾ, 9 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸਾਇਲੋ ਗੁਦਾਮਾਂ ਨੂੰ ਜ਼ਬਤ ਕਰਕੇ ਸਰਕਾਰੀ ਕੰਟਰੋਲ ਵਿੱਚ ਲੈਣ ਤੇ ਇਸ ਨੂੰ ਸਰਕਾਰੀ ਅਨਾਜ ਭੰਡਾਰਨ ਲਈ ਵਰਤਣ ਦੀ ਮੰਗ ਕਰਦਿਆਂ ਪੰਜਾਬ ਦੇ ਸਾਰੇ ਸਾਇਲੋ ਗੁਦਾਮ ਅੱਗੇ 11 ਅਪਰੈਲ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਦੀ ਤਿਆਰੀ ਲਈ ਅੱਜ ਕੱਥੂਨੰਗਲ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਜਥੇਬੰਦੀ ਦੇ ਵੱਖ ਵੱਖ ਪੱਧਰਾਂ ਦੇ ਆਗੂ-ਕਾਰਕੁਨਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬਾ ਆਗੂ ਕਸ਼ਮੀਰ ਸਿੰਘ ਧੰਗਾਈ ਤੇ ਬਘੇਲ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ 9 ਸਾਈਲੋ ਗਦਾਮਾਂ ਨੂੰ ਕਣਕ ਖਰੀਦਣ ਵੇਚਣ ਭੰਡਾਰਨ ਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇਣ ਦੇ ਫੈਸਲੇ ਤੋਂ ਭਾਵੇਂ ਕਿਸਾਨ ਰੋਹ ਨੂੰ ਦੇਖਦਿਆਂ ਇੱਕ ਵਾਰ ਸਰਕਾਰ ਪਿੱਛੇ ਹਟ ਗਈ ਹੈ ਪਰ ਇਸ ਫੈਸਲੇ ਨੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਕਿਸਾਨ ਤੇ ਲੋਕ ਵਿਰੋਧੀ ਨੀਤੀ ਮੁੜ ਤੋਂ ਜੱਗ ਜ਼ਾਹਰ ਕਰ ਦਿੱਤੀ ਹੈ। ਪੰਜਾਬ ਅੰਦਰ ਮੌਜੂਦ ਸਾਇਲੋ ਗੁਦਾਮਾਂ ਤੋਂ ਇਲਾਵਾ ਦੇਸੀ ਵਿਦੇਸ਼ੀ ਕੰਪਨੀਆਂ ਵੱਲੋਂ ਹੋਰ ਦਰਜਨਾਂ ਨਵੇਂ ਸਾਇਲੋ ਗੁਦਾਮ ਖੋਲ੍ਹਣ ਦੀ ਵਿਉਂਤ ਹੈ। 11 ਅਪਰੈਲ ਨੂੰ ਵੱਖ-ਵੱਖ ਸਾਇਲੋ ਗੁਦਾਮਾਂ ਅੱਗੇ ਜਨਤਕ ਪ੍ਰਦਰਸ਼ਨਾਂ ਰਾਹੀਂ ਜਥੇਬੰਦੀ ਵੱਲੋਂ ਮੰਗ ਕੀਤੀ ਜਾਵੇਗੀ ਕਿ ਸੂਬੇ ਅੰਦਰ ਕਾਰਪੋਰੇਟ ਵਪਾਰੀਆਂ ਨੂੰ ਨਵੇਂ ਸਾਈਲੋ ਗੁਦਾਮ ਬਣਾਉਣ ਦੀਆਂ ਸਾਰੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ। ਇਸ ਮੌਕੇ ਪ੍ਰਧਾਨ ਜਗਜੀਵਨ ਸਿੰਘ ਮੰਗਲ ਸਿੰਘ ਗੋਸਲ਼ ਕੁਲਬੀਰ ਜੇਠੂਵਾਲ ,ਸਤਿੰਦਰ ਸਿੰਘ ਫਤਹਿਗੜ੍ਹ, ਮੰਗਲ ਸਿੰਘ ਸਾਘਣਾ, ਲਖਵਿੰਦਰ ਮੂਧਲ, ਬਲਦੇਵ ਸਿੰਘ ਮਾਛੀਨੰਗਲ, ਪਲਵਿੰਦਰ ਕੌਰ, ਦਲਬੀਰ ਸਿੰਘ ਤੇ ਹੋਰ ਕਈ ਹਾਜ਼ਰ ਸਨ।