ਮਾਝੇ ਦੀਆਂ ਪ੍ਰਸਿੱਧ ਕਮਲਜੀਤ ਖੇਡਾਂ 28 ਨਵੰਬਰ ਤੋਂ
ਹਰਜੀਤ ਸਿੰਘ ਪਰਮਾਰ
ਬਟਾਲਾ, 3 ਨਵੰਬਰ
ਓਲੰਪਿਕਸ ਚਾਰਟਰ ਵਾਲੀਆਂ ਮਾਝੇ ਦੀਆਂ ਪ੍ਰਸਿੱਧ 31ਵੀਆਂ ਕਮਲਜੀਤ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਇਹ ਸਾਲਾਨਾ ਖੇਡਾਂ 28 ਨਵੰਬਰ ਤੋਂ 1 ਦਸੰਬਰ ਤੱਕ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ’ਚ ਕਰਵਾਈਆਂ ਜਾਣਗੀਆਂ। ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੀ ਮੀਟਿੰਗ ਦੌਰਾਨ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ 10 ਖੇਡਾਂ ਅਤੇ 50 ਅਥਲੈਟਿਕਸ ਟਰੈਕ ਐਂਡ ਫੀਲਡ ਦੇ ਮੁਕਾਬਲੇ ਹੋਣਗੇ। ਖੇਡਾਂ ਦਾ ਮੁੱਖ ਮਕਸਦ ਓਲੰਪਿਕ ਲਹਿਰ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦੌਰਾਨ ਨਾਮੀਂ ਖਿਡਾਰੀਆਂ ਨੂੰ ਨਗਦ ਇਨਾਮਾਂ ਤੇ ਵੱਖ-ਵੱਖ ਐਵਾਰਡਾਂ ਨਾਲ ਨਿਵਾਜਿਆ ਜਾਵੇਗਾ। ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਖੇਡਾਂ ਦੇ ਮੁੱਖ ਪ੍ਰਬੰਧਕ ਹੋਣਗੇ। ਖੇਡਾਂ ਪ੍ਰਿੰਸੀਪਲ ਗੁਰਮੁੱਖ ਸਿੰਘ ਮਾਣੂੰਕੇ ਅਤੇ ਰਣਜੀਤ ਕੌਰ ਅਖਾੜਾ (ਮਾਤਾ ਅਮਰੀਕ ਸਿੰਘ ਅਖਾੜਾ ਐਡਮਿੰਟਨ ਕੈਨੇਡਾ) ਨੂੰ ਸਮਰਪਿਤ ਹੋਣਗੀਆਂ। ਇਸ ਮੌਕੇ ਸੁਚਾਰੂ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ, ਜਿਸ ਅਨੁਸਾਰ ਨਿਸ਼ਾਨ ਸਿੰਘ ਰੰਧਾਵਾ ਵਧੀਕ ਮੁੱਖ ਪ੍ਰਬੰਧਕ ਹੋਣਗੇ। ਜਸਵੰਤ ਸਿੰਘ ਢਿੱਲੋਂ ਨੂੰ ਖੇਡਾਂ ਦੀ ਈਵੈਂਟ ਪਕਰਵਾਉਣ ਵਾਲੀ ਕਮੇਟੀ ਦਾ ਚੇਅਰਮੈਨ ਜਦਕਿ ਸੁਰਜੀਤ ਸਿੰਘ ਸੋਢੀ ਨੂੰ ਸਵਾਗਤੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਦਵਿੰਦਰ ਸਿੰਘ ਤਾਲਮੇਲ ਕਮੇਟੀ ਤੇ ਤਰਨਪ੍ਰੀਤ ਸਿੰਘ ਕਲਸੀ ਖੇਡ ਮੈਦਾਨ ਦੀ ਸਾਂਭ ਸੰਭਾਲ ਕਮੇਟੀ ਦੇ ਚੇਅਰਮੈਨ ਹੋਣਗੇ।