ਸਮਾਣਾ ਅਨਾਜ ਮੰਡੀ ਵਿੱਚ ਮੱਕੀ ਆਉਣੀ ਸ਼ੁਰੂ
ਪੱਤਰ ਪ੍ਰੇਰਕ
ਸਮਾਣਾ, 13 ਜੂਨ
ਅਨਾਜ ਮੰਡੀ ਵਿਚ ਮੱਕੀ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਜਿਸ ਦੀ ਖ਼ਰੀਦ ਵਪਾਰੀ 1100 ਰੁਪਏ ਤੋਂ ਲੈ ਕੇ 1600 ਰੁਪਏ ਪ੍ਰਤੀ ਕੁਇੰਟਲ ਕਰ ਰਹੇ ਹਨ ਜਦੋਂਕਿ ਸਰਕਾਰ ਵੱਲੋਂ ਸਮਰਥਨ ਮੁੱਲ 2090 ਰੁਪਏ ਤੈਅ ਕੀਤਾ ਹੋਇਆ ਹੈ| ਇੱਥੇ ਸਰਕਾਰ ਕਿਸੇ ਵੀ ਖਰੀਦ ਏਜੰਸੀ ਰਾਹੀਂ ਖਰੀਦ ਨਹੀਂ ਕਰ ਰਹੀ | ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਧਰਮ ਪਾਲ ਸਿੰਘ ਸੀ਼ਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਨੂੰ ਮੱਕੀ ਦੀ ਫਸਲ ਜੋ ਸਮਰਥਨ ਮੁੱਲ ਤੋਂ ਘੱਟ ਰੇਟ ‘ਤੇ ਵਿਕ ਰਹੀ ਹੈ ਉਸ ਦਾ ਘਾਟਾ ਬੋਨਸ ਰਾਹੀਂ ਪੂਰਾ ਕਰੇ| ਮੰਡੀ ਵਿੱਚ ਆਏ ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫਸਲ ਦਾ ਝਾੜ ਵਧੀਆ ਹੈ ਪਰ ਸਰਕਾਰੀ ਖਰੀਦ ਨਾ ਹੋਣ ਕਰ ਕੇ ਸਮਰਥਨ ਮੁੱਲ ਤੋਂ ਘੱਟ ਕੀਮਤ ‘ਤੇ ਪ੍ਰਾਈਵੇਟ ਵਪਾਰੀ ਖਰੀਦ ਕਰ ਰਹੇ ਹਨ |
ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਮੱਕੀ ਦੀ ਆਮਦ ਮੰਡੀ ਵਿਚ ਜ਼ਿਆਦਾ ਹੋਣ ਦੀ ਸੰਭਾਵਨਾ ਹੈ| ਹੁਣ ਤੱਕ 1600 ਕੁਇੰਟਲ ਮੱਕੀ ਦੀ ਆਮਦ ਹੋਈ ਹੈ ਜਿਸ ਵਿਚੋਂ 1100 ਕੁਇੰਟਲ ਪ੍ਰਾਈਵੇਟ ਵਪਾਰੀਆਂ ਨੇ ਖਰੀਦ ਕੀਤੀ ਹੈ। ਇਸ ਸਬੰਧੀ ਖੇਤੀਬਾੜੀ ਅਫ਼ਸਰ ਸਤੀਸ਼ ਕੁਮਾਰ ਨੇ ਸਮਾਣਾ-ਪਾਤੜਾਂ ਵਿੱਚ ਮੱਕੀ ਦੀ ਫਸਲ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਿਸਾਨ ਮੱਕੀ ਵੇਚਣ ਤੋਂ ਇਲਾਵਾ ਇਸ ਦਾ ਦੁਧਾਰੂ ਪਸ਼ੂਆਂ ਲਈ ਹਰਾ ਚਾਰਾ ਅਤੇ ਆਚਾਰ ਪਾ ਲੈਂਦੇ ਹਨ।