ਬਲਾਚੌਰੀਆ ਅਤੇ ਕੌਸ਼ਲ ਗਰੋਹ ਦਾ ਮੁੱਖ ਸ਼ੂਟਰ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 6 ਜਨਵਰੀ
ਇੱਥੋਂ ਦੀ ਦਿਹਾਤੀ ਪੁਲੀਸ ਨੇ ਬਲਾਚੌਰੀਆ ਅਤੇ ਕੌਸ਼ਲ ਗਰੋਹ ਦੇ ਮੁੱਖ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸ਼ੂਟਰ ਨੇ ਹਿਮਾਚਲ ਪ੍ਰਦੇਸ਼ ਵਿੱਚ ਕਰੱਸ਼ਰ ਮਾਲਕ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ ਅਤੇ ਉਹ ਗਰੋਹ ਵੱਲੋਂ ਜਬਰੀ ਵਸੂਲੀ ਲਈ ਫੋਨ ਕਰਦਾ ਸੀ।
ਮੁਲਜ਼ਮ ਦੀ ਪਛਾਣ ਮਨਜੋਤ ਸਿੰਘ ਉਰਫ਼ ਮਨੀ ਵਾਸੀ ਮੋਰਾਂਵਾਲੀ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ, ਜਿਸ ਨੂੰ ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਦੇ ਇੰਚਾਰਜ ਸਬ-ਇੰਸਪੈਕਟਰ ਅਮਨਦੀਪ ਵਰਮਾ ਦੀ ਅਗਵਾਈ ਹੇਠਲੀ ਟੀਮ ਨੇ ਕਾਬੂ ਕੀਤਾ ਹੈ। ਇਹ ਗ੍ਰਿਫ਼ਤਾਰੀ ਮਕਸੂਦਾਂ ਪੁਲੀਸ ਸਟੇਸ਼ਨ ਅਧੀਨ ਜੀਟੀ ਰੋਡ ਨੇੜੇ ਅੱਡਾ ਨੂਰਪੁਰ ਵਿਚ ਨਾਕੇ ਦੌਰਾਨ ਹੋਈ। ਪੁੱਛ ਪੜਤਾਲ ਦੌਰਾਨ ਮੁਲਜ਼ਮ ਨੇ ਹੋਰ ਨਾਜਾਇਜ਼ ਹਥਿਆਰ ਰੱਖਣ ਦੇ ਟਿਕਾਣੇ ਦਾ ਖੁਲਾਸਾ ਕੀਤਾ, ਜਿਸ ਦੇ ਸਿੱਟੇ ਵਜੋਂ ਊਨਾ (ਹਿਮਾਚਲ ਪ੍ਰਦੇਸ਼) ਤੋਂ ਇੱਕ 32 ਬੋਰ ਦਾ ਪਿਸਤੌਲ ਬਰਾਮਦ ਹੋਇਆ। ਜਾਂਚ ਤੋਂ ਪਤਾ ਲੱਗਾ ਹੈ ਕਿ ਮਨਜੋਤ ਸਿੰਘ ਹੁਸ਼ਿਆਰਪੁਰ ਵਿੱਚ ਦਰਜ ਆਰਮਜ਼ ਐਕਟ ਦੇ ਇੱਕ ਕੇਸ ਵਿੱਚ ਲੋੜੀਂਦਾ ਸੀ ਅਤੇ ਰਵੀ ਬਲਾਚੌਰੀਆ ਗਰੋਹ ਦਾ ਮੁੱਖ ਸਰਗਨਾ ਸੀ। ਪੁਲੀਸ ਨੇ ਉਸ ਕੋਲੋਂ ਦੋ 32 ਬੋਰ ਦੇ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ। ਐਸਐਸਪੀ ਨੇ ਕਿਹਾ ਕਿ ਮੁਲਜ਼ਮ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਗਰੋਹ ਦੇ ਨੈੱਟਵਰਕ ਨੂੰ ਖਤਮ ਕਰਨ, ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।