ਬਸਪਾ ਆਗੂ ਕਤਲ ਕਾਂਡ ਦਾ ਮੁੱਖ ਸ਼ੂਟਰ ਸਾਗਰ ਮੁਕਾਬਲੇ ’ਚ ਹਲਾਕ
ਰਤਨ ਸਿੰਘ ਢਿੱਲੋਂ
ਅੰਬਾਲਾ, 29 ਜਨਵਰੀ
ਬਸਪਾ ਆਗੂ ਹਰਬਿਲਾਸ ਰੱਜੂਮਾਜਰਾ ਕਤਲ ਕਾਂਡ ਦਾ ਮੁੱਖ ਸ਼ੂਟਰ ਸਾਗਰ ਅੰਬਾਲਾ ਪੁਲੀਸ ਅਤੇ ਐੱਸਟੀਐੱਫ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਇਹ ਮੁਕਾਬਲਾ ਮੁਲਾਣਾ ਦੇ ਐੱਮਪੀਐੱਨ ਕਾਲਜ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਮੁੱਖ ਸ਼ੂਟਰ ਸਾਗਰ ਦੀ ਲਾਸ਼ ਦੇਰ ਸ਼ਾਮ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦਾ ਇਲਾਜ ਮੁਲਾਣਾ ਦੇ ਹਸਪਤਾਲ ਵਿਚ ਚੱਲ ਰਿਹਾ ਹੈ। ਬਸਪਾ ਆਗੂ ਹਰਬਿਲਾਸ ਦੀ ਅੰਬਾਲਾ ਦੇ ਕਸਬਾ ਨਰਾਇਣਗੜ੍ਹ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲੇ ਦੌਰਾਨ ਹਰਬਿਲਾਸ ਰੱਜੂਮਾਜਰਾ ਤੋਂ ਇਲਾਵਾ ਉਸ ਦੇ ਦੋ ਸਾਥੀ ਪੁਨੀਤ ਅਤੇ ਗੁਗਲ ਨਵਾਬ ਜੱਸਾ ਸਿੰਘ ਵੀ ਜ਼ਖ਼ਮੀ ਹੋ ਗਏ ਸਨ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਬਸਪਾ ਆਗੂ ਹਰਬਿਲਾਸ ਰੱਜੂਮਾਜਰਾ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਜਦੋਂਕਿ ਉਸ ਦੇ ਦੋ ਸਾਥੀ ਜ਼ੇਰੇ ਇਲਾਜ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਗੈਂਗਸਟਰ ਵੈਂਕਟ ਗਰਗ, ਅਜੈ, ਅਰੁਣ, ਸਾਹਿਲ, ਮਨੀਸ਼ ਮਿੱਤਲ, ਤੁਸ਼ਾਰ, ਨੇਹਲ ਅਤੇ ਅੰਜੂ ਗਰਗ ਸਣੇ 8 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ ਪੁਲੀਸ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਅੱਜ ਇਸ ਮਾਮਲੇ ਦੇ ਮੁੱਖ ਸ਼ੂਟਰ ਨੂੰ ਵੀ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪੁਲੀਸ ਵੱਲੋਂ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ।