ਮਈ ਮਹੀਨੇ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ
ਡਾ. ਤੇਜਿੰਦਰ ਸਿੰਘ ਰਿਆੜ/ਡਾ. ਜਗਵਿੰਦਰ ਸਿੰਘ
ਝੋਨਾ: ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ। ਪੀਆਰ 121, ਪੀਆਰ 122, ਪੀਆਰ 131, ਪੀਆਰ 128, ਪੀਆਰ 129, ਪੀਆਰ 114 ਅਤੇ ਪੀਆਰ 113 ਮਈ 20 ਤੋਂ 25; ਪੀਆਰ 127, ਪੀਆਰ 130 ਅਤੇ ਐਚਕੇਆਰ 47 ਮਈ ਦੇ ਅਖ਼ੀਰਲੇ ਹਫ਼ਤੇ ਅਤੇ ਪੀਆਰ 126 ਕਿਸਮ ਦੀ ਪਨੀਰੀ ਦੀ ਬਿਜਾਈ 25 ਮਈ ਤੋਂ 20 ਜੂਨ ਤੱਕ ਕਰ ਸਕਦੇ ਹਾਂ। ਪਨੀਰੀ ਦੀ ਬਿਜਾਈ ਲਈ ਖੇਤ ਵਿੱਚ 12-15 ਟਨ ਗਲੀ-ਸੜੀ ਰੂੜੀ ਦੀ ਖਾਦ ਪਾ ਕੇ ਚੰਗੀ ਤਰ੍ਹਾਂ ਰਲਾਉਣ ਉਪਰੰਤ ਪਾਣੀ ਲਾਉ ਤਾਂ ਕਿ ਨਦੀਨ ਉੱੱਗ ਪੈਣ। ਨਦੀਨਾਂ ਨੂੰ ਮਾਰਨ ਲਈ ਇੱਕ ਵਾਰ ਫਿਰ ਖੇਤ ਨੂੰ ਵਾਹੋ। ਖੇਤ ਨੂੰ ਭਰਵਾਂ ਪਾਣੀ ਦਿਉ ਅਤੇ ਕੱਦੂ ਕਰੋ। ਕੱਦੂ ਕਰਨ ਸਮੇਂ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਜ਼ਿੰਕ ਸਲਫੇਟ (ਹੈਪਟਾਹਾਈਡਰੇਟ) ਜਾਂ 25 ਕਿਲੋ ਜ਼ਿੰਕ ਸਲਫੇਟ (ਮੋਨੋਹਾਈਡਰੇਟ) ਪ੍ਰਤੀ ਏਕੜ ਦੇ ਹਿਸਾਬ ਪਾ ਦਿਉ। ਖੇਤ ਵਿਚ ਕਿਆਰੇ ਸੌਖ ਦੇ ਹਿਸਾਬ ਅਨੁਸਾਰ ਤਿਆਰ ਕਰੋ। ਜੜ੍ਹ-ਗੰਢ ਨੀਮਾਟੋਡ ਦੇ ਹਮਲੇ ਤੋਂ ਬਚਾਅ ਲਈ ਸਰ੍ਹੋਂ ਦੀ ਖਲ 40 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਦੀ ਰਾਉਣੀ ਉਪਰੰਤ ਆਖ਼ਰੀ ਵਾਹੀ ਵੇਲੇ ਪਾਓ। ਬੀਜ ਉੱਗਣ ਦੀ ਪਹਿਲੀ ਹਾਲਤ ’ਤੇ ਦਸ ਦਿਨ ਤੱਕ ਹਲਕਾ ਪਾਣੀ ਦੇਣਾ ਚਾਹੀਦਾ ਹੈ। ਬਾਅਦ ਵਿੱਚ ਲਗਾਤਾਰ ਪਾਣੀ ਦਿੰਦੇ ਰਹੋ। ਪਾਣੀ ਦੀ ਘਾਟ ਕਾਰਨ ਹਲਕੀਆਂ (ਰੇਤਲੀਆਂ) ਜ਼ਮੀਨਾਂ ਵਿੱਚ ਲੋਹੇ ਦੀ ਘਾਟ ਆਉਂਦੀ ਹੈ। ਜੇ ਪਨੀਰੀ ਦੇ ਨਵੇਂ ਨਿਕਲਣ ਵਾਲੇ ਪੱਤੇ ਪੀਲੇ ਦਿਖਣ ਤਾਂ 0.5-1 ਫ਼ੀਸਦੀ ਫੈਰਸ ਸਲਫੇਟ (0.5-1 ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ) ਦੇ ਘੋਲ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਕਰੋ। ਜੇ ਪੱਤੇ ਜੰਗਾਲੇ ਹੋ ਜਾਣ ਤਾਂ 0.5 ਫ਼ੀਸਦੀ ਜ਼ਿੰਕ ਸਲਫੇਟ (21%) ਜਾਂ 0.3% ਜ਼ਿੰਕ ਸਲਫੇਟ (33%) ਦੇ ਘੋਲ ਦਾ ਛਿੜਕਾਅ ਕਰੋ।
ਨਰਮਾ ਤੇ ਕਪਾਹ: ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਬਿਜਾਈ ਹਰ ਹਾਲਤ ਵਿੱਚ ਖ਼ਤਮ ਕਰ ਲਓ। ਨਰਮਾ ਨਿੰਬੂ ਜਾਤੀ ਦੇ ਬਾਗਾਂ ਨੇੜੇ ਨਾ ਬੀਜੋ। ਇਸ ਦੇ ਨੇੜੇ ਭਿੰਡੀ, ਮੂੰਗੀ, ਢੈਂਚਾ, ਅਰਿੰਡ, ਅਰਹਰ ਆਦਿ ਦੀ ਫ਼ਸਲ ਵੀ ਨਾ ਲਗਾਉ। ਚਿੱਟੀ ਮੱਖੀ ਦਾ ਫੈਲਾਅ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ, ਖਾਲਾਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਦਿਉ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਕਿ ਬੈਂਗਣ, ਆਲੂ, ਟਮਾਟਰ, ਮਿਰਚਾ, ਮੂੰਗੀ ਆਦਿ ’ਤੇ ਵੀ ਪਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਫ਼ਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਕ ਇਸ ਦੀ ਰੋਕਥਾਮ ਕਰੋ। ਇਸ ਮਹੀਨੇ ਨਰਮੇ ਦੀ ਫ਼ਸਲ ’ਤੇ ਵੀ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਜਿੱਥੇ ਕਿਤੇ ਇਟਸਿੱਟ ਨਦੀਨ ਪਹਿਲੀ ਸਿੰਜਾਈ ਜਾਂ ਬਰਸਾਤ ਮਗਰੋਂ ਉੱਗਦੇ ਹਨ ਤਾਂ ਸਟੌਂਪ 30 ਤਾਕਤ ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਛਿੜਕੋ।
ਮੱਕੀ: ਮਈ ਮਹੀਨੇ ਦੇ ਅਖੀਰ ਵਿੱਚ ਮੱਕੀ ਦੀ ਕਾਸ਼ਤ ਸ਼ੁਰੂ ਕਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਸਿਫ਼ਾਰਸ਼ ਕਿਸਮਾਂ ਹੀ ਬੀਜੋ। ਖੇਲਾਂ ਵਿੱਚ ਮੱਕੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ਡੂੰਘਾਈ ’ਤੇ ਕਰੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖੋ ਜਾਂ 60 ਸੈਂਟੀਮੀਟਰ ਦੀ ਵਿੱਥ ’ਤੇ ਵੱਟਾਂ ਦੇ ਪਾਸੇ ਉੱਤੇ 6-7 ਸੈਂਟੀਮੀਟਰ ਦੀ ਉਚਾਈ ’ਤੇ ਬਿਜਾਈ ਕਰੋ। ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ। ਬੈੱਡ ਬਣਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੈੱਡ ਜਾਂ ਵੱਟਾਂ ’ਤੇ ਮੱਕੀ ਦੀ ਬਿਜਾਈ ਕਰਨ ਨਾਲ ਉੱਗਣ ਸਮੇਂ ਜ਼ਿਆਦਾ ਮੀਂਹ ਨਾਲ ਖੜ੍ਹੇ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ।
ਕਮਾਦ: ਨਵੇਂ ਕਮਾਦ ਜਾਂ ਮੁੱਢੇ ਕਮਾਦ ਵਿੱੱਚੋਂ ਨਦੀਨਾਂ ਦੀ ਰੋਕਥਾਮ ਕਰੋ। ਕਮਾਦ ਦੀ ਫ਼ਸਲ ਨੂੰ 8-10 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿੰਦੇ ਰਹੋ। ਮੁੱਢੀ ਫ਼ਸਲ ਨੂੰ 65 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ। ਸਿੱਲ੍ਹ ਸੰਭਾਲਣ ਲਈ ਕਮਾਦ ਦੀਆਂ ਕਤਾਰਾਂ ਵਿਚਕਾਰ ਪਰਾਲੀ, ਕਣਕ ਦਾ ਨਾੜ ਜਾਂ ਝੋਨੇ ਦੀ ਫੱਕ ਖਿਲਾਰ ਦਿਉ। ਇਹ ਨਦੀਨਾਂ ਦੀ ਰੋਕਥਾਮ ਵੀ ਕਰਨਗੇ। ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਮਿਲਾ ਕੇ ਇਕ ਏਕੜ ’ਤੇ ਛਿੜਕਾਅ ਕਰੋ। ਛਿੜਕਾਅ ਦਾ ਰੁਖ਼ ਪੱਤਿਆਂ ਦੀ ਗੋਭ ਵੱਲ ਰੱਖੋ। ਕਮਾਦ ਦੀ ਜੂੰ ਦੀ ਰੋਕਥਾਮ ਲਈ ਫ਼ਸਲ ਕੋਲ ਬਰੂ ਦੇ ਬੂਟੇ ਹੋਣ ਤਾਂ ਜੜ੍ਹੋਂ ਪੁੱਟ ਕੇ ਨਸ਼ਟ ਕਰ ਦਿਉ ਕਿਉਂਕਿ ਇਨ੍ਹਾਂ ’ਤੇ ਵੀ ਕੀੜਾ ਹੋ ਸਕਦਾ ਹੈ।
ਅਰਹਰ: ਅਰਹਰ ਮਈ ਦੇ ਦੂਜੇ ਪੰਦਰਵਾੜੇ ਵਿੱਚ ਬੀਜ ਦਿਉ। 6 ਕਿਲੋ ਬੀਜ ਪ੍ਰਤੀ ਏਕੜ ਵਰਤੋ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਅਰਹਰ ਦੀ ਬਿਜਾਈ ਬੈੱਡਾਂ ਉੱਤੇ ਕੀਤੀ ਜਾ ਸਕਦੀ ਹੈ।
ਮੂੰਗੀ: ਸੱਠੀ ਮੂੰਗੀ ਉੱਪਰ ਜੂੰ (ਥਰਿੱਪ) ਦਾ ਬਹੁਤ ਜ਼ਿਆਦਾ ਹਮਲਾ ਹੁੰਦਾ ਹੈ ਜੋ ਛੋਟੇ, ਕਾਲੇ ਭੂਰੇ ਫੁੱਲਾਂ ਵਿੱਚ ਹੁੰਦੇ ਹਨ ਜਿਸ ਕਾਰਨ ਫੁੱਲ ਝੜ ਜਾਂਦੇ ਹਨ। ਜੂੰ (ਥਰਿੱਪ) ਨਾਲ ਫਲੀਆਂ ਭੈੜੀ ਸ਼ਕਲ ਦੀਆਂ ਹੋ ਜਾਂਦੀਆਂ ਹਨ ਅਤੇ ਦਾਣਿਆਂ ਦੀ ਗੁਣਵੱਤਾ ਘਟਣ ਦੇ ਨਾਲ-ਨਾਲ ਝਾੜ ਵੀ ਘਟ ਜਾਂਦਾ ਹੈ।
ਸੂਰਜਮੁਖੀ: ਮਈ ਵਿੱਚ ਕਾਫ਼ੀ ਗਰਮੀ ਹੋ ਜਾਂਦੀ ਹੈ, ਇਸ ਲਈ ਸੂਰਜਮੁਖੀ ਦੀ ਫ਼ਸਲ ਨੂੰ 8-10 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿੰਦੇ ਰਹੋ। ਕਈ ਤਰ੍ਹਾਂ ਦੀਆਂ ਸੁੰਡੀਆਂ ਜਿਵੇਂ ਪੱਤ ਗੋਭੀ ਦੀ ਸੁੰਡੀ, ਤੰਬਾਕੂ ਦੀ ਸੁੰਡੀ ਅਤੇ ਭੱਬੂਕੁੱਤਾ (ਸੁੰਡੀ) ਹਰੇ ਪੱਤੇ ਖਾਂਦੀਆਂ ਹਨ ਤੇ ਬੂਟੇ ਨੂੰ ਰੁੰਡ-ਮਰੁੰਡ ਕਰ ਦਿੰਦੀਆਂ ਹਨ। ਇਨ੍ਹਾਂ ਕੀੜਿਆਂ ਦੀਆਂ ਛੋਟੀਆਂ ਸੁੰਡੀਆਂ ਜੋ ਝੁੰਡਾਂ ਵਿੱਚ ਰਹਿੰਦੀਆਂ ਹਨ, ਨੂੰ ਹਮਲੇ ਵਾਲੇ ਪੱਤੇ ਤੋੜ ਕੇ ਨਸ਼ਟ ਕਰ ਦਿਓ।
ਮੈਂਥਾ (ਜਪਾਨੀ ਪੁਦੀਨਾ): ਗਰਮ ਤਾਪਮਾਨ ਕਾਰਨ ਮੈਂਥੇ ਦੀ ਫ਼ਸਲ ਨੂੰ ਸਿੰਜਾਈ ਦੀ ਜਲਦੀ-ਜਲਦੀ ਜ਼ਰੂਰਤ ਹੈ ਪਰ ਇਹ ਸਿੰਜਾਈ ਹਲਕੀ ਹੋਣੀ ਚਾਹੀਦੀ ਹੈ।
ਹਲਦੀ: ਨੀਮ ਪਹਾੜੀ ਅਤੇ ਉੱਤਰੀ ਜ਼ਿਲ੍ਹਿਆਂ ਵਿੱਚ ਪਹਿਲੇ ਹਫ਼ਤੇ ਵਿੱਚ ਹਲਦੀ ਦੀ ਬਿਜਾਈ ਮੁਕੰਮਲ ਕਰ ਲਵੋ। ਬੀਜੀ ਫ਼ਸਲ ਨੂੰ ਸੋਕਾ ਨਾ ਲੱਗਣ ਦਿਉ। ਹਲਕਾ ਪਾਣੀ ਦਿੰਦੇ ਰਹੋ।
ਚਾਰਾ: ਗ਼ੈਰ-ਫ਼ਲੀਦਾਰ ਅਤੇ ਫ਼ਲੀਦਾਰ ਚਾਰੇ ਜਿਵੇਂ ਮੱਕੀ ਰਵਾਂਹ ਰਲਾ ਕੇ ਬੀਜੋ, ਇਸ ਤਰ੍ਹਾਂ ਜ਼ਿਆਦਾ ਪੌਸ਼ਟਿਕ ਚਾਰਾ ਮਿਲੇਗਾ। ਚਾਰੇ ਦੇ ਚੰਗੇ ਵਾਧੇ ਲਈ ਕੁਝ ਵਕਫ਼ੇ ਬਾਅਦ ਲਗਾਤਾਰ ਪਾਣੀ ਦਿਉ।
ਸਬਜ਼ੀਆਂ: ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹਫ਼ਤੇ ਬਾਅਦ ਪਾਣੀ ਦਿਉ। ਸਾਰੀਆਂ ਸਬਜ਼ੀਆਂ ਜਿਵੇਂ ਕਿ ਹਲਵਾ ਕੱਦੂ, ਮਿਰਚਾਂ, ਰਾਮ ਤੋਰੀ, ਹਦਵਾਣੇ, ਖ਼ਰਬੂਜ਼ੇ, ਖੀਰੇ, ਬੈਂਗਣ, ਰਵਾਂਹ, ਭਿੰਡੀ ਆਦਿ ਦੀ ਤੁੜਾਈ ਸ਼ੁਰੂ ਕਰ ਦਿਓ। ਸਬਜ਼ੀਆਂ ਇੱਕ ਦਿਨ ਛੱਡ ਕੇ ਸ਼ਾਮ ਨੂੰ ਤੋੜੋ ਕਿਉਂਕਿ ਸਵੇਰ ਦੇ ਸਮੇਂ ਇਨ੍ਹਾਂ ਦੀ ਪਰ-ਪ੍ਰਾਗਣ ਕਿਰਿਆ ਖ਼ਰਾਬ ਹੋ ਸਕਦੀ ਹੈ। ਪਰ ਘੀਆ ਕੱਦੂ ਅਤੇ ਰਾਮ ਤੋਰੀ ਸਵੇਰੇ ਤੋੜ ਸਕਦੇ ਹੋ ਕਿਉਂਕਿ ਇਨ੍ਹਾਂ ਦੇ ਫੁੱਲਾਂ ਦੇ ਮੂੰਹ ਸ਼ਾਮ ਨੂੰ ਖੁੱਲ੍ਹਦੇ ਹਨ। ਬੈਂਗਣ ਦੇ ਫਲ ਅਤੇ ਤਣੇ ਦੇ ਗੜੂੰਏ ਦੀ ਰੋਕਥਾਮ ਲਈ 80 ਮਿਲੀਲਿਟਰ ਕੋਰਾਜਨ 18.5 ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਨੂੰ 100-125 ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਫ਼ਸਲ ’ਤੇ ਛਿੜਕਾਅ ਕਰੋ।
ਇਸ ਸਮੇਂ ਫਲ-ਲੱਦੇ ਬੂਟਿਆਂ ਦੀ ਸਿੰਜਾਈ ਵੱਲ ਵਿਸ਼ੇਸ਼ ਧਿਆਨ ਦਿਉ। ਆੜੂ, ਅਲੂਚਿਆਂ ਅਤੇ ਨਾਖਾਂ ਦੇ ਵਧੀਆ ਫਲ ਅਤੇ ਆਕਾਰ ਲਈ ਦਰੱਖ਼ਤਾਂ ਨੂੰ ਜਲਦੀ-ਜਲਦੀ ਪਾਣੀ ਦਿਉ। ਇਸ ਮਹੀਨੇ ਅੰਗੂਰਾਂ ਨੂੰ ਹਫ਼ਤੇ ਦੇ ਵਕਫ਼ੇ ’ਤੇ ਪਾਣੀ ਦਿਉ। ਲੀਚੀ ਦੇ ਛੋਟੇ ਬੂਟਿਆਂ ਨੂੰ ਮਈ ਦੇ ਮਹੀਨੇ ਹਫ਼ਤੇ ਵਿੱਚ ਦੋ ਵਾਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਅਮਰੂਦਾਂ ਦਾ ਬਰਸਾਤ ਰੁੱਤ ਦਾ ਫਲ ਰੋਕਣ ਅਤੇ ਸਰਦੀ ਰੁੱਤ ਅਮਰੂਦ ਦੀ ਵਧੀਆ ਫ਼ਸਲ ਲੈਣ ਲਈ 10 ਫ਼ੀਸਦੀ ਯੂਰੀਆ ਜਾਂ ਐਨਏਏ 600 ਗ੍ਰਾਮ ਦੇ ਘੋਲ ਦਾ ਛਿੜਕਾਅ ਦਰੱਖਤਾਂ ’ਤੇ ਕਰੋ ਇਹ ਛਿੜਕਾਅ ਪੂਰੇ ਖੁੱਲ੍ਹੇ ਫੁੱਲਾਂ ’ਤੇ ਕਰੋ ਅਤੇ ਸਿੰਜਾਈ ਰੋਕ ਦਿਉ। ਇਸ ਮਹੀਨੇ ਲੀਚੀ, ਅਨਾਰ ਅਤੇ ਨਿੰਬੂ ਦੇ ਫਲਾਂ ਦਾ ਛਿਲਕਾ ਫਟਦਾ ਹੈ। ਇਸ ਨੂੰ ਰੋਕਣ ਲਈ ਬੂਟਿਆਂ ਹੇਠ ਪਰਾਲੀ ਵਿਛਾਈ ਜਾ ਸਕਦੀ ਹੈ ਅਤੇ ਬੂਟਿਆਂ ਉੱਪਰ ਪਾਣੀ ਦਾ ਛਿੜਕਾਅ ਲਾਭਦਾਇਕ ਹੋ ਸਕਦਾ ਹੈ। ਨਿੰਬੂ ਜਾਤੀ ਅਤੇ ਅਲੂਚਿਆਂ ਵਿੱਚ ਜ਼ਿੰਕ ਦੀ ਘਾਟ ਦੀ ਰੋਕਥਾਮ ਲਈ 0.3 ਫ਼ੀਸਦੀ (3.0 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਕਰੋ। ਆੜੂ, ਅਲੂਚਾ, ਫਾਲਸਾ ਅਤੇ ਪਰਲਿਟ ਅੰਗੂਰਾਂ ਦੇ ਤਿਆਰ ਗੁੱਛਿਆਂ ਦੀ ਤੁੜਾਈ ਕਰ ਲਉ ਤੇ ਫਿਰ ਦਰਜਾਬੰਦੀ ਕਰ ਕੇ ਮੰਡੀ ਭੇਜ ਦਿਉ। ਅੰਗੂਰਾਂ ਵਿੱਚ ਬੋਰਡੋ ਮਿਸ਼ਰਨ ਦਾ ਘੋਲ 2:2:250 ਮਈ ਦੇ ਅਖ਼ੀਰਲੇ ਹਫ਼ਤੇ ਛਿੜਕਾਅ ਕੇ ਐਨਥਰੈਕਨੋਜ਼ ਦੀ ਰੋਕਥਾਮ ਕਰੋ।
ਡੇਅਰੀ ਫਾਰਮਿੰਗ ਅਤੇ ਮੁਰਗੀ ਪਾਲਣ: ਇਸ ਮੌਸਮ ਵਿੱਚ ਪਸ਼ੂਆਂ ਨੂੰ ਹਵਾਦਾਰ ਸ਼ੈੱਡ ਅੰਦਰ ਰੱਖੋ। ਉਨ੍ਹਾਂ ਨੂੰ ਠੰਢਾ ਅਤੇ ਤਾਜ਼ਾ ਪਾਣੀ ਦਿਉ। ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਇਸ ਮੌਸਮ ਵਿੱਚ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਜੇ ਲੋੜ ਹੋਵੇ ਤਾਂ ਸ਼ੈੱਡ ਅੰਦਰ ਕੂਲਰ ਅਤੇ ਛੱਤ ਵਾਲੇ ਪੱਖੇ ਲਾਏ ਜਾਣ ਅਤੇ ਪਾਣੀ ਦੇ ਛਿੜਕਾਅ ਲਈ ਫੁਹਾਰੇ ਲਗਾਓ। ਪਾਣੀ ਦੀ ਵਧਦੀ ਹੋਈ ਮੰਗ ਦੇਖਦੇ ਹੋਏ ਮੁਰਗੀਆਂ ਲਈ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ।