ਮਹਿਤਪੁਰ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਸ਼ਾਹਕੋਟ, 11 ਜਨਵਰੀ
ਮਹਿਤਪੁਰ ਪੁਲੀਸ ਨੇ ਮਹਿਤਪੁਰ ਗੋਲੀਬਾਰੀ ਦੇ ਮੁੱਖ ਮੁਲਜ਼ਮ ਰੌਕੀ ਫਾਜ਼ਿਲਕਾ ਗਰੋਹ ਦੇ ਮੁਖੀ ਗੁਰਵਿੰਦਰ ਸਿੰਘ ਨੂੰ ਤਿੰਨ ਪਿਸਤੌਲਾਂ ਅਤੇ ਪੰਜ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਹਿਤਪੁਰ ਗੋਲੀਬਾਰੀ ਅਤੇ ਪਰਵਾਸੀ ਭਾਰਤੀ ਅਗਵਾ ਮਾਮਲੇ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਇਹ ਜਾਣਕਾਰੀ ਅੱਜ ਇੱਥੇ ਐੱਸਐੱਸਪੀ ਜਲੰਧਰ (ਦਿਹਾਤੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦਿੱਤੀ। ਖੱਖ ਨੇ ਦੱਸਿਆ ਕਿ ਮੁਲਜ਼ਮ ਨੇ 22 ਦਸੰਬਰ 2024 ਨੂੰ ਜੇ.ਕੇ. ਰੈਸਟੋਰੈਂਟ ਵਿੱਚ ਮਹਿਤਪੁਰ ਗੋਲੀਬਾਰੀ ਦੀ ਯੋਜਨਾ ਬਣਾਈ ਤੇ ਫਿਰ ਇਕ ਕਾਰੋਬਾਰੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਮੁਲਜ਼ਮ ਨੇ 2020 ਵਿੱਚ ਪਰਵਾਸੀ ਭਾਰਤੀ ਨਛੱਤਰ ਸਿੰਘ ਨੂੰ 20 ਕਰੋੜ ਰੁਪਏ ਦੀ ਫਿਰੌਤੀ ਲਈ ਅਗਵਾ ਵੀ ਕੀਤਾ ਸੀ। ਪੁਲੀਸ ਮੁਖੀ ਨੇ ਦੱਸਿਆ ਕਿ ਇਸ ਦੇ ਤਿੰਨ ਸਾਥੀਆਂ ਪਰਮਜੀਤ ਸਿੰਘ ਉਰਫ ਮੋਰਸਿੱਧੂ, ਹੀਰਾ ਸਿੰਘ ਉਰਫ ਗੁਰਪ੍ਰਦੀਪ ਸਿੰਘ ਅਤੇ ਸੁਨੀਲ ਕੁਮਾਰ ਉਰਫ ਸੋਨੂੰ ਕੰਬੋਜ ਨੂੰ ਪਹਿਲਾਂ ਹੀ 32 ਬੋਰ ਰਿਵਾਲਵਰ, ਅਪਰਾਧ ਵਿਚ ਵਰਤੀ ਗਈ ਮਾਰੂਤੀ ਕਾਰ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮੌਕੇ ਡੀ.ਐਸ.ਪੀ ਸ਼ਾਹਕੋਟ ਉਕਾਂਰ ਸਿੰਘ ਬਰਾੜ,ਥਾਣਾ ਮਹਿਤਪੁਰ ਦੇ ਮੁਖੀ ਸੁਖਦੇਵ ਸਿੰਘ ਅਤੇ ਕਈ ਹੋਰ ਪੁਲੀਸ ਮੁਲਾਜ਼ਮ ਹਾਜ਼ਰ ਸਨ।