For the best experience, open
https://m.punjabitribuneonline.com
on your mobile browser.
Advertisement

ਮਾਈ ਦੇ ਲਾਲ: ਜਿਨ੍ਹਾਂ ਲਈ ਹਨੇਰੀ ਝੁੱਲ ਗਈ..!

09:04 AM Apr 06, 2024 IST
ਮਾਈ ਦੇ ਲਾਲ  ਜਿਨ੍ਹਾਂ ਲਈ ਹਨੇਰੀ ਝੁੱਲ ਗਈ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਅਪਰੈਲ
ਪੰਜਾਬ ਦੇ ਲੋਕ ਸਭਾ ਚੋਣਾਂ ਦੇ ਰਾਜਸੀ ਅਤੀਤ ’ਤੇ ਝਾਤ ਮਾਰਦੇ ਹਾਂ ਤਾਂ ਅਜਿਹੀਆਂ ਟਾਵੀਆਂ ਹਸਤੀਆਂ ਨਜ਼ਰ ਪੈਂਦੀਆਂ ਹਨ ਜਿਨ੍ਹਾਂ ਦੇ ਜਿੱਤ ਦੇ ਨਿਸ਼ਾਨ ਅੱਜ ਤੱਕ ਕੋਈ ਮਿਟਾ ਨਹੀਂ ਸਕਿਆ ਹੈ। ਇਨ੍ਹਾਂ ਸਿਆਸੀ ਸ਼ਖ਼ਸੀਅਤਾਂ ਨੂੰ ਲੋਕਾਂ ਨੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ। ਇਸ ਕਰਕੇ ਵੱਡੀ ਜਿੱਤ ਦਾ ਰਿਕਾਰਡ ਅੱਜ ਵੀ ਇਨ੍ਹਾਂ ਦੇ ਨਾਮ ਬੋਲਦਾ ਹੈ। ਇਹ ਵੱਖਰਾ ਮਸਲਾ ਹੈ ਕਿ ਵੱਡੇ ਫ਼ਰਕ ਨਾਲ ਜਿਤਾਏ ਇਨ੍ਹਾਂ ਸੰਸਦ ਮੈਂਬਰਾਂ ਨੇ ਲੋਕਾਂ ਦੀ ਘਾਲਣਾ ਦਾ ਮੁੱਲ ਮੋੜਿਆ ਜਾਂ ਨਹੀਂ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦਾ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਸਕਿਆ। ਸਾਲ 1989 ਵਿਚ ਬਦਲਾਅ ਵਰਗੀ ਹਨੇਰੀ ਚੋਣਾਂ ਵਿਚ ਝੁੱਲੀ ਸੀ ਜਦੋਂ ਤਰਨ ਤਾਰਨ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ 4.80 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਸਨ।

Advertisement


ਉਸ ਸਮੇਂ ਸਿਮਰਨਜੀਤ ਮਾਨ ਨਾਲੋਂ ਵੱਧ ਵੋਟਾਂ ਨਾਲ ਦੇਸ਼ ਭਰ ਵਿੱਚ ਬਿਹਾਰ ਦੇ ਹਾਜੀਪੁਰ ਹਲਕੇ ਤੋਂ ਜਨਤਾ ਦਲ ਦੇ ਰਾਮ ਵਿਲਾਸ ਪਾਸਵਾਨ ਜਿੱਤੇ ਸਨ ਜਿਨ੍ਹਾਂ ਨੇ 5.04 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਪੰਜਾਬ ਵਿੱਚ ਹੁਣ ਤੱਕ 17 ਲੋਕ ਸਭਾ ਚੋਣਾਂ ਹੋਈਆਂ ਹਨ। ਸਿਮਰਨਜੀਤ ਮਾਨ ਤੋਂ ਬਾਅਦ ਦੂਜਾ ਨੰਬਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਉਂਦਾ ਹੈ ਜਿਨ੍ਹਾਂ ਨੇ 2014 ਵਿੱਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਹਲਕੇ ਤੋਂ 2.11 ਲੱਖ ਵੋਟਾਂ ਨਾਲ ਹਰਾਇਆ ਸੀ। 2014 ਦੀਆਂ ਵੋਟਾਂ ਵਿੱਚ ਪੰਜਾਬ ਭਰ ਵਿੱਚੋਂ ਇਹ ਸਭ ਤੋਂ ਵੱਡਾ ਫਰਕ ਸੀ। ਪੰਜਾਬ ਵਿੱਚੋਂ ਤੀਜਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਆਉਂਦਾ ਹੈ ਜਿਨ੍ਹਾਂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਫ਼ਿਰੋਜ਼ਪੁਰ ਹਲਕੇ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 1.98 ਲੱਖ ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਸੀ। 2019 ਦੀਆਂ ਚੋਣਾਂ ਵਿੱਚ ਸਭ ਤੋਂ ਵੱਡਾ ਫਰਕ ਸੁਖਬੀਰ ਬਾਦਲ ਦਾ ਰਿਹਾ। ਇਸੇ ਤਰ੍ਹਾਂ ਸਾਲ 2014 ਵਿੱਚ ਸੂਬੇ ਵਿੱਚੋਂ ਸਭ ਤੋਂ ਵੱਧ ਫ਼ਰਕ ਨਾਲ ਸੰਗਰੂਰ ਤੋਂ ਭਗਵੰਤ ਮਾਨ ਜੇਤੂ ਰਹੇ। ਸਾਲ 2009 ਦੀਆਂ ਚੋਣਾਂ ਵਿਚ ਸੂਬੇ ਭਰ ਵਿੱਚੋਂ ਹਰਸਿਮਰਤ ਕੌਰ ਬਾਦਲ ਨੇ ਸਭ ਤੋਂ ਵੱਡੇ ਫ਼ਰਕ 1.20 ਲੱਖ ਨਾਲ ਚੋਣ ਜਿੱਤੀ ਸੀ।
ਲੋਕ ਸਭਾ ਚੋਣਾਂ 2004 ਵਿਚ ਫ਼ਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਧ 1.35 ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ। 1999 ਵਿੱਚ ਸਭ ਤੋਂ ਵੱਧ ਜਿੱਤ ਦਾ ਵੱਡਾ ਫ਼ਰਕ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਗੁਰਚਰਨ ਸਿੰਘ ਗ਼ਾਲਬਿ ਦਾ ਰਿਹਾ ਸੀ, ਜਿਨ੍ਹਾਂ ਨੇ 1.05 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। 1998 ਵਿੱਚ ਤਰਨ ਤਾਰਨ ਹਲਕੇ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਲਾਲਪੁਰਾ 1.41 ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਹੋ ਨਿਕਲੇ ਸਨ ਜਦੋਂ ਕਿ 1996 ਵਿਚ ਸੂਬੇ ਭਰ ਵਿੱਚੋਂ ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਨਾਰਵੇ ਨੇ 92,229 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਬਾਜ਼ੀ ਮਾਰੀ ਸੀ।
ਸਾਲ 1991 ਵਿੱਚ ਜਲੰਧਰ ਤੋਂ ਯਸ਼ ਨੇ 1.13 ਵੋਟਾਂ ਦੇ ਫ਼ਰਕ ਨਾਲ, 1989 ਵਿਚ ਤਰਨ ਤਾਰਨ ਤੋਂ ਸਿਮਰਨਜੀਤ ਸਿੰਘ ਮਾਨ ਨੇ 4.80 ਲੱਖ ਵੋਟਾਂ ਦੇ ਫ਼ਰਕ ਨਾਲ, 1984 ਵਿੱਚ ਸੰਗਰੂਰ ਤੋਂ ਬਲਵੰਤ ਸਿੰਘ ਰਾਮੂਵਾਲੀਆ ਨੇ 1.22 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ ਜਦੋਂ ਕਿ ਸਾਲ 1980 ਵਿਚ ਫ਼ਿਰੋਜ਼ਪੁਰ ਤੋਂ ਬਲਰਾਮ ਜਾਖੜ ਨੇ 1.94 ਲੱਖ ਵੋਟਾਂ ਦੇ ਫ਼ਰਕ ਨਾਲ, 1977 ਵਿਚ ਬਠਿੰਡਾ ਤੋਂ ਧੰਨਾ ਸਿੰਘ ਗੁਲਸ਼ਨ ਨੇ 1.75 ਲੱਖ ਵੋਟਾਂ ਦੇ ਫਰਕ ਨਾਲ, 1971 ਵਿੱਚ ਫਿਲੌਰ ਤੋਂ ਸਾਧੂ ਰਾਮ ਨੇ 1.05 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ।
ਸਮੁੱਚੇ ਦੇਸ਼ ਵਿੱਚੋਂ 2019 ਵਿੱਚ ਗੁਜਰਾਤ ਦੇ ਨਵਸਾਰੀ ਹਲਕੇ ਤੋਂ ਭਾਜਪਾ ਦੇ ਸੀਆਰ ਪਾਟਿਲ ਨੇ 6.89 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ ਅਤੇ ਅੱਜ ਤੱਕ ਇਹ ਰਿਕਾਰਡ ਕੋਈ ਤੋੜ ਨਹੀਂ ਸਕਿਆ। 2009 ਵਿੱਚ ਨਾਗਾਲੈਂਡ ਦੇ ਸੀਐੱਮ ਚਾਂਗ ਦਾ 4.83 ਲੱਖ ਵੋਟਾਂ ਦਾ ਫ਼ਰਕ ਰਿਹਾ ਜਦੋਂ ਕਿ 2004 ਵਿੱਚ ਰਿਕਾਰਡ ਪੱਛਮੀ ਬੰਗਾਲ ਦੇ ਅਨਿਲ ਬਾਸੂ ਨੇ 5.92 ਲੱਖਾਂ ਵੋਟਾਂ ਨਾਲ ਬਣਾਇਆ।

ਨਰਿੰਦਰ ਮੋਦੀ ਤੇ ਰਾਜੀਵ ਗਾਂਧੀ ਦੀ ਰਹੀ ਝੰਡੀ

ਪ੍ਰਧਾਨ ਮੰਤਰੀਆਂ ਵਿੱਚ ਵੱਡੇ ਅੰਤਰ ਨਾਲ ਜਿੱਤਣ ਦੀ ਇਹ ਝੰਡੀ ਨਰਿੰਦਰ ਮੋਦੀ ਦੇ ਨਾਮ ਹੈ, ਜਿਨ੍ਹਾਂ 2014 ਵਿੱਚ ਵਡੋਦਰਾ ਹਲਕੇ ਤੋਂ 5.70 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਦੂਜਾ ਨੰਬਰ ਰਾਜੀਵ ਗਾਂਧੀ ਦਾ ਆਉਂਦਾ ਹੈ ਜਿਨ੍ਹਾਂ ਨੇ 1984 ਵਿੱਚ ਅਮੇਠੀ ਤੋਂ 3.14 ਲੱਖ ਵੋਟਾਂ ਦੇ ਫ਼ਰਕ ਨਾਲ ਸਫ਼ਲਤਾ ਹਾਸਲ ਕੀਤੀ ਸੀ।

ਗਾਇਤਰੀ ਦੇਵੀ ਨੂੰ ਮਾਤ ਕੌਣ ਦੇਊ

ਰਾਜਸਥਾਨ ਵਿੱਚੋਂ ਪਹਿਲੀ ਮਹਿਲਾ ਸੰਸਦ ਮੈਂਬਰ ਮਹਾਰਾਣੀ ਗਾਇਤਰੀ ਦੇਵੀ ਸੀ ਜਿਸ ਨੇ 1962 ਵਿੱਚ ਸਮੁੱਚੇ ਮੁਲਕ ਵਿੱਚੋਂ ਸਭ ਤੋਂ ਵੱਧ ਅੰਤਰ 1.57 ਲੱਖ ਨਾਲ ਚੋਣ ਜਿੱਤੀ ਸੀ। ਹੁਣ ਤੱਕ ਹੋਈਆਂ 17 ਚੋਣਾਂ ਵਿੱਚ ਗਾਇਤਰੀ ਦੇਵੀ ਤੋਂ ਬਿਨਾਂ ਕੋਈ ਵੀ ਮਹਿਲਾ ਉਮੀਦਵਾਰ ਦੇਸ਼ ਵਿੱਚੋਂ ਵੋਟਾਂ ਦੇ ਅੰਤਰ ਵਿੱਚ ਪਹਿਲੇ ਨੰਬਰ ’ਤੇ ਨਹੀਂ ਆਈ ਹੈ। ਜੈਪੁਰ ਹਲਕੇ ਤੋਂ ਜੇਤੂ ਰਹੀ ਗਾਇਤਰੀ ਦੇਵੀ ਨੂੰ ਹੁਸਨ ਦੀ ਸ਼ਹਿਜ਼ਾਦੀ ਕਿਹਾ ਜਾਂਦਾ ਸੀ।

ਆਜ਼ਾਦ ਉਮੀਦਵਾਰਾਂ ਨੇ ਬਣਾਏ ਰਾਹ

ਦੇਸ਼ ਵਿਚ ਦੋ ਵਾਰ ਅਜਿਹਾ ਮੌਕਾ ਆਇਆ ਜਦੋਂ ਆਜ਼ਾਦ ਉਮੀਦਵਾਰਾਂ ਦੀ ਸਰਦਾਰੀ ਰਹੀ। 1967 ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਡਾ ਵੋਟਾਂ ਦਾ ਅੰਤਰ ਬੀਕਾਨੇਰ ਤੋਂ ਆਜ਼ਾਦ ਉਮੀਦਵਾਰ ਮਹਾਰਾਜਾ ਕਰਨੀ ਸਿੰਘ ਦਾ ਸੀ ਜਿਸ ਨੇ 1.93 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। 1980 ਵਿੱਚ ਪਹਿਲੇ ਨੰਬਰ ’ਤੇ ਮੱਧ ਪ੍ਰਦੇਸ਼ ਦੇ ਹਲਕਾ ਰੀਵਾ ਤੋਂ ਆਜ਼ਾਦ ਉਮੀਦਵਾਰ ਮਹਾਰਾਜਾ ਮਰਤੰਡ ਸਿੰਘ ਸੀ ਜਿਸ ਨੇ 2.38 ਲੱਖ ਵੋਟਾਂ ਦੇ ਫ਼ਰਕ ਨਾਲ ਕਾਮਯਾਬੀ ਪਾਈ ਸੀ।

Advertisement
Author Image

sukhwinder singh

View all posts

Advertisement
Advertisement
×