ਮਹਿਲਾ ਕਾਂਗਰਸ ਨੇ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਸਤੰਬਰ
ਮਹਿਲਾ ਕਾਂਗਰਸ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਖਿਲਾਫ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਅੱਜ ਬਿੱਟੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਚੇਅਰਪਰਸਨ ਕੰਚਨ ਠਾਕੁਰ ਨੇ ਕਿਹਾ ਕਿ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਜੇ ਤਿੰਨ ਵਾਰ ਕਾਂਗਰਸ ਤੋਂ ਸੰਸਦ ਮੈਂਬਰ ਨਾ ਹੁੰਦੇ ਤਾਂ ਭਾਜਪਾ ਨੇ ਇਸ ਨੂੰ ਨੇੜੇ ਨਹੀਂ ਲੱਗਣ ਦੇਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕ੍ਰਿਤਘਣ ਬਾਰੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਜਿੰਨ੍ਹਾਂ ਨੇ ਦੇਸ਼ ਦੀ ਰਾਜਨੀਤੀ ਨੂੰ ਨਵਾਂ ਮੋੜਾ ਦਿੱਤਾ ਹੈ। ਉਨ੍ਹਾਂ ਵਿਰੁੱਧ ਅਜਿਹੀ ਸ਼ਬਦਾਵਲੀ ਵਰਤਣੀ ਬਿੱਟੂ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਇੱਕ ਸੰਵਿਧਾਨ ਅਹੁਦਾ ਹੈ। ਮਹਿਲਾ ਆਗੂਆਂ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਨੇ ਚਮਚਾਗਿਰੀ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਪਰ ਭਾਜਪਾ ਨੇ ਲੋਕ ਫਤਵੇ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਹਾਰੇ ਹੋਏ ਆਗੂ ਨੂੰ ਮੰਤਰੀ ਬਣਾ ਕੇ ਉਨ੍ਹਾਂ ਲੱਖਾਂ ਲੋਕਾਂ ਦਾ ਅਪਮਾਨ ਹੈ ਜਿੰਨ੍ਹਾਂ ਨੇ ਬਿੱਟੂ ਖ਼ਿਲਾਫ਼ ਵੋਟਾਂ ਪਾਈਆਂ ਸਨ। ਇਸ ਮੌਕੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਦੇਵ, ਡਾ. ਜਸਲੀਨ ਸੇਠੀ, ਸੁਰਜੀਤ ਕੌਰ, ਮੀਨ ਬਾਗਾ, ਮਧੂ ਰਚਨਾ, ਮਨਦੀਪ ਕੌਰ ਆਦਿ ਮੌਜੂਦ ਸਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਖਿਲਾਫ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਪੱਪੂ ਦੀ ਅਗਵਾਈ ਹੇਠ ਇਸਲਾਮਾਬਾਦ ਚੌਕ ਵਿੱਚ ਕਾਂਗਰਸੀਆਂ ਵੱਲੋਂ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ। ਕਾਂਗਰਸੀ ਕਾਰਕੂਨਾ ਨੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ । ਇਸ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਰਵੀ ਪ੍ਰਕਾਸ਼ ਆਸ਼ੂ , ਵਿਕਾਸ ਮਿਸ਼ਰਾ, ਗੁਰਕਰਨ ਸਚਦੇਵਾ, ਅੰਮ੍ਰਿਤ ਪਾਲ , ਨਵਤੇਜ ਸਿੰਘ ਅਮਿਤ ਸ਼ਰਮਾ ਕਿਰਨਜੀਤ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਆਪ’ ਸਰਕਾਰ ਖਿਲਾਫ਼ ਰੋਸ ਧਰਨਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਬਦਤਰ ਸਥਿਤੀ ਦਾ ਦੋਸ਼ ਲਾਉਂਦਿਆਂ ‘ਆਪ’ ਸਰਕਾਰ ਦੇ ਖਿਲਾਫ਼ ਸ਼ੁਰੂ ਕੀਤੇ ਗਏ ਰੋਸ ਧਰਨੇ ਦਾ ਸਿਲਸਿਲਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਇੱਥੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਓਪੀ ਸੋਨੀ ਦੀ ਅਗਵਾਈ ਹੇਠ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪੁਲੀਸ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ। ਮਗਰੋਂ ਪੁਲੀਸ ਅਧਿਕਾਰੀ ਦੇ ਨਾਂ ਤੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਵਿਕਾਸ ਸੋਨੀ ਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।