For the best experience, open
https://m.punjabitribuneonline.com
on your mobile browser.
Advertisement

ਬੰਗਾਲ ਦਾ ਮਹਿਬੂਬ ਨੇਤਾ

06:18 AM Aug 09, 2024 IST
ਬੰਗਾਲ ਦਾ ਮਹਿਬੂਬ ਨੇਤਾ
Advertisement

ਬੁੱਧਦੇਬ ਭੱਟਾਚਾਰਜੀ ਪੱਛਮੀ ਬੰਗਾਲ ਵਿੱਚ ਭਾਰਤੀ ਮਾਰਕਸਵਾਦੀ ਪਾਰਟੀ ਦੇ ਆਖਿ਼ਰੀ ਮੁੱਖ ਮੰਤਰੀ ਸਨ ਜਿਨ੍ਹਾਂ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਜਿਸ ਨੂੰ ਉੱਥੋਂ ਦੇ ਸਿਆਸੀ ਅਤੇ ਸੱਭਿਆਚਾਰਕ ਲੈਂਡਸਕੇਪ ਉੱਪਰ ਇੱਕ ਯੁੱਗ ਦੇ ਅੰਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਬੁੱਧਦੇਬ ਬੌਧਿਕ ਮੁਸ਼ੱਕਤ, ਸਾਹਿਤਕ ਜ਼ਹਾਨਤ ਅਤੇ ਸਮਾਜਵਾਦ ਦੇ ਆਦਰਸ਼ਾਂ ਬਾਰੇ ਗਹਿਰੀ ਸਾਂਝ ਪਾਲਣ ਵਾਲੇ ਆਗੂ ਦੇ ਤੌਰ ’ਤੇ ਜਾਣੇ ਜਾਂਦੇ ਸਨ। ਉਹ 1966 ਵਿੱਚ ਸੀਪੀਆਈ-ਐੱਮ ਦੇ ਮੈਂਬਰ ਬਣੇ ਸਨ ਅਤੇ ਆਪਣੀ ਅਣਥੱਕ ਮਿਹਨਤ ਨਾਲ ਅਜਿਹੇ ਅਹਿਮ ਅਹੁਦਿਆਂ ’ਤੇ ਪਹੁੰਚੇ ਸਨ ਜੋ ਉਨ੍ਹਾਂ ਦੇ ਸਮੁੱਚੇ ਸਿਆਸੀ ਕਰੀਅਰ ਨੂੰ ਪਰਿਭਾਸ਼ਤ ਕਰਦੇ ਹਨ। ਭੱਟਾਚਾਰਜੀ ਨੇ ਸੰਨ 2000 ਵਿੱਚ ਮਹਾਨ ਮਾਰਕਸੀ ਆਗੂ ਜਯੋਤੀ ਬਾਸੂ ਦੀ ਥਾਂ ਪੱਛਮੀ ਬੰਗਾਲ ਦੀ ਕਮਾਨ ਸੰਭਾਲੀ ਸੀ ਅਤੇ 2011 ਤੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ ਸਨ ਜਦੋਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਪਹਿਲੀ ਵਾਰ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰ ਕੇ ਪੱਛਮੀ ਬੰਗਾਲ ਵਿੱਚ ਕਮਿਊਨਿਸਟਾਂ ਦਾ 34 ਸਾਲਾਂ ਤੋਂ ਚਲੇ ਆ ਰਹੇ ਰਾਜ ਦਾ ਅੰਤ ਕੀਤਾ ਸੀ ਤੇ ਇਹ ਵੀ ਸਬਬ ਹੀ ਕਿਹਾ ਜਾ ਸਕਦਾ ਹੈ ਕਿ ਪੱਛਮੀ ਬੰਗਾਲ ਵਿੱਚ ਇਕੇਰਾਂ ਸੀਪੀਆਈ-ਐੱਮ ਦਾ ਸ਼ਾਸਨ ਖਤਮ ਹੋਣ ਤੋਂ ਬਾਅਦ ਹੁਣ ਤੱਕ ਪਾਰਟੀ ਦੇ ਮੁੜ ਪੈਰ ਨਹੀਂ ਲੱਗ ਸਕੇ।
ਭੱਟਾਚਾਰਜੀ ਦਾ ਜੀਵਨ ਸਿਰੜ ਦੀ ਪਰਿਵਰਤਨਕਾਰੀ ਸ਼ਕਤੀ ਦਾ ਪ੍ਰਮਾਣ ਸੀ। ਉਨ੍ਹਾਂ ਨੂੰ ਪਾਰਟੀ ਦੀ ਵਿਚਾਰਧਾਰਕ ਸਖ਼ਤੀ ਅਤੇ ਸ਼ਾਸਨ ਦੀਆਂ ਵਿਹਾਰਕ ਲੋੜਾਂ ਵਿਚਕਾਰ ਪੁਲ ਦੇ ਤੌਰ ’ਤੇ ਦੇਖਿਆ ਜਾਂਦਾ ਸੀ। ਖੱਬੇ ਮੁਹਾਜ਼ ਦੇ ਕਾਜ਼ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਵਿੱਚ ਕੋਈ ਘਾਟ ਨਹੀਂ ਸੀ ਜਿਸ ਕਰ ਕੇ ਸਮੁੱਚੇ ਸਿਆਸੀ ਤਾਣੇ-ਬਾਣੇ ਅੰਦਰ ਉਨ੍ਹਾਂ ਦਾ ਆਦਰ ਸਤਿਕਾਰ ਬਣਿਆ ਰਿਹਾ ਸੀ। ਭੱਟਾਚਾਰਜੀ ਦੇ ਕਾਰਜਕਾਲ ਨੂੰ ਪੱਛਮੀ ਬੰਗਾਲ ਦੇ ਅਰਥਚਾਰੇ ਦੇ ਆਧੁਨਿਕੀਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਜੋਂ ਵੀ ਯਾਦ ਕੀਤਾ ਜਾਂਦਾ ਹੈ; ਉਂਝ, ਉਨ੍ਹਾਂ ਦਾ ਕਦਮ ਨਾ ਕੇਵਲ ਦਲੇਰਾਨਾ ਸੀ ਸਗੋਂ ਵਿਵਾਦਪੂਰਨ ਵੀ ਸੀ। ਸਨਅਤੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸਿੰਗੂਰ ਅਤੇ ਨੰਦੀਗ੍ਰਾਮ ਵਿੱਚ ਭੂਮੀ ਅਧਿਗ੍ਰਹਿਣ ਦੀਆਂ ਉਨ੍ਹਾਂ ਦੀ ਸਰਕਾਰ ਦੀਆਂ ਕਾਰਵਾਈਆਂ ਖਿ਼ਲਾਫ਼ ਵਿਆਪਕ ਜਨਤਕ ਵਿਰੋਧ ਪਨਪ ਗਿਆ ਸੀ ਜਿਸ ਨੇ ਖੱਬੇ ਮੁਹਾਜ਼ ਦੇ ਸ਼ਾਸਨ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਸੀ। ਵਿਵਾਦਾਂ ਦੇ ਬਾਵਜੂਦ ਖ਼ੁਸ਼ਹਾਲ ਪੱਛਮੀ ਬੰਗਾਲ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਪੱਸ਼ਟ ਸੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਭਵਿੱਖੀ ਵਿਕਾਸ ਦਾ ਮੁੱਢ ਵੀ ਬੰਨ੍ਹਿਆ।
ਸਿਆਸੀ ਤਰੱਦਦ ਤੋਂ ਇਲਾਵਾ ਭੱਟਾਚਾਰਜੀ ਸੰਗੀਤ ਅਤੇ ਸਾਹਿਤ ਪ੍ਰਤੀ ਆਪਣੇ ਸਨੇਹ ਲਈ ਜਾਣੇ ਜਾਂਦੇ ਸਨ ਜਿਸ ਵਿੱਚੋਂ ਬੰਗਾਲ ਦੀ ਸੱਭਿਆਚਾਰਕ ਵਿਰਾਸਤ ਨਾਲ ਗਹਿਰਾ ਲਗਾਓ ਵੀ ਝਲਕਦਾ ਸੀ। ਸਾਦਗੀ ਤੇ ਮਿਲਣਸਾਰ ਸੁਭਾਅ, ਉਨ੍ਹਾਂ ਨੂੰ ਲੋਕਾਂ ’ਚ ਹਰਮਨਪਿਆਰਾ ਬਣਾਉਂਦਾ ਸੀ। ਨੇਤਾ ਵਜੋਂ ਉਨ੍ਹਾਂ ਦਾ ਬਹੁਤ ਸਤਿਕਾਰ ਸੀ ਤੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਸਨ। ਉਨ੍ਹਾਂ ਦੀ ਵਿਰਾਸਤ ਸ਼ਾਸਨ ਦੀਆਂ ਗੁੰਝਲਾਂ ਤੇ ਅਡੋਲ ਅਗਵਾਈ ਦੇ ਟਿਕਾਊ ਪ੍ਰਭਾਵਾਂ ਦੀ ਪ੍ਰਤੀਕ ਹੈ। ਉਨ੍ਹਾਂ ਦੀਆਂ ਨਿੱਜੀ ਧਾਰਨਾਵਾਂ ਤੇ ਸਿਧਾਂਤ ਉਨ੍ਹਾਂ ਦੇ ਉਸ ਅਹਿਦ ਵਿੱਚੋਂ ਬਹੁਤ ਚੰਗੀ ਤਰ੍ਹਾਂ ਝਲਕਦੇ ਹਨ ਕਿ ਉਨ੍ਹਾਂ ਦੀ ਦੇਹ ਨੂੰ ਖੋਜ ਵਾਸਤੇ ਸਰਕਾਰੀ ਹਸਪਤਾਲ ਨੂੰ ਦਾਨ ਕਰ ਦਿੱਤਾ ਜਾਵੇ।

Advertisement
Advertisement
Author Image

joginder kumar

View all posts

Advertisement