ਏਕਨਾਥ ਸ਼ਿੰਦੇ ਦੇ ਬਿਮਾਰ ਹੋਣ ਕਾਰਨ ਮਹਾਯੁਤੀ ਦੀ ਮੀਟਿੰਗ ਮੁੜ ਰੱਦ
ਮੁੰਬਈ, 2 ਦਸੰਬਰ
MahaYuti meeting on govt formation cancelled amid Shinde's illness: ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਨ ਲਈ ਮਹਾਯੁਤੀ ਗਠਜੋੜ ਦੇ ਭਾਈਵਾਲ ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ ਵਿਚਾਲੇ ਅੱਜ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਸ਼ਿਵ ਸੈਨਾ ਸੁਪਰੀਮੋ ਏਕਨਾਥ ਸ਼ਿੰਦੇ ਦੇ ਬਿਮਾਰ ਹੋਣ ਤੋਂ ਬਾਅਦ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਦੌਰਾਨ ਐਨਸੀਪੀ ਪ੍ਰਧਾਨ ਅਤੇ ਕਾਰਜਕਾਰੀ ਉਪ ਮੁੱਖ ਮੰਤਰੀ ਅਜੀਤ ਪਵਾਰ ਦਿੱਲੀ ਲਈ ਰਵਾਨਾ ਹੋ ਗਏ ਤੇ ਉਨ੍ਹਾਂ ਦੇ ਭਾਜਪਾ, ਸ਼ਿਵ ਸੈਨਾ ਦਰਮਿਆਨ ਮੰਤਰੀ ਮੰਡਲ ਦੀ ਵੰਡ ਅਤੇ ਮੰਤਰਾਲਿਆਂ ਦੀ ਵੰਡ ਦੇ ਫਾਰਮੂਲੇ ’ਤੇ ਚਰਚਾ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਸੰਭਾਵਨਾ ਹੈ। ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ ਮੁੱਖ ਮੰਤਰੀ ਅਹੁਦੇ ਲਈ ਦੇਵੇਂਦਰ ਫੜਨਵੀਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜਦੋਂ ਕਿ ਸ਼ਿੰਦੇ ਨੇ ਕਿਹਾ ਹੈ ਕਿ ਉਹ ਅੜਿੱਕੇ ਜਾਂ ਸਪੀਡ ਬ੍ਰੇਕਰ ਨਹੀਂ ਹੋਣਗੇ ਪਰ ਉਹ ਮੁੱਖ ਮੰਤਰੀ ਅਹੁਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦੀ ਪਾਲਣਾ ਕਰਨਗੇ। ਪਿਛਲੇ ਚਾਰ ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਮਹਾਯੁਤੀ ਦੀ ਮੀਟਿੰਗ ਰੱਦ ਹੋਈ ਹੈ।
ਇਸ ਤੋਂ ਪਹਿਲਾਂ ਸ਼ਿੰਦੇ, ਫੜਨਵੀਸ ਅਤੇ ਅਜੀਤ ਪਵਾਰ ਨੇ ਸਰਕਾਰ ਦੇ ਗਠਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੀਟਿੰਗ ਕਰਨ ਦੀ ਯੋਜਨਾ ਬਣਾਈ ਸੀ ਪਰ ਸ਼ਿੰਦੇ ਦੇ ਸਤਾਰਾ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਜਾਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ।