ਮਹਾਯੁਤੀ ਨੇ ਮਹਾਰਾਸ਼ਟਰ ਦਾ ਹੁਨਰ ਤੇ ਸਰੋਤ ਲੁੱਟੇ: ਸੁਰਜੇਵਾਲਾ
ਮੁੰਬਈ, 17 ਨਵੰਬਰ
ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਅੱਜ ਹਾਕਮ ਧਿਰ ਮਹਾਯੁਤੀ ’ਤੇ ਮੁੰਬਈ ਤੇ ਮਹਾਰਾਸ਼ਟਰ ਦੇ ਹੁਨਰ ਤੇ ਸਰੋਤਾਂ ਨੂੰ ਲੁੱਟਣ ਤੇ ਦਬ-ਬਦਲੀ ਰਾਹੀਂ ਲੋਕਤੰਤਰ ’ਤੇ ਹਮਲਾ ਕਰਨ ਦਾ ਦੋਸ਼ ਲਾਇਆ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਰਜੇਵਾਲਾ ਨੇ ਮੁੰਬਈ ’ਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਜਪਾ, ਸ਼ਿਵ ਸੈਨਾ ਤੇ ਐੱਨਸੀਪੀ ਦੇ ਗੱਠਜੋੜ ਮਹਾਯੁਤੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਦਾਅਵਾ ਕੀਤਾ ਕਿ ਇਸ ਦੇ ਸ਼ਾਸਨ ’ਚ ਖਤਰਨਾਕ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਅਤੇ ਅਪਰਾਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਬੌਲੀਵੁੱਡ ਸਮੇਤ ਮਨੋਰੰਜਨ ਸਨਅਤ ਨੂੰ ਸ਼ਰ੍ਹੇਆਮ ਧਮਕੀਆਂ ਦਿੱਤੀਆਂ ਗਈਆਂ ਅਤੇ ਆਗੂਆਂ ਦੀ ਦਿਨ-ਦਿਹਾੜੇ ਹੱਤਿਆ ਕਰ ਦਿੱਤੀ ਗਈ। ਕੀ ਇਹ ਸੱਤਾ ’ਚ ਬੈਠੇ ਲੋਕਾਂ ਦੀ ਸਰਗਰਮ ਜਾਂ ਖਾਮੋਸ਼ ਮਿਲੀਭੁਗਤ ਤੋਂ ਬਿਨਾਂ ਹੋ ਸਕਦਾ ਹੈ?’ ਉਨ੍ਹਾਂ ਹਾਕਮ ਗੱਠਜੋੜ ’ਤੇ ਮੁੰਬਈ ਅਤੇ ਮਹਾਰਾਸ਼ਟਰ ’ਚ ਸਨਅਤ ਕ੍ਰਾਂਤੀ ਨੂੰ ਤਬਾਹ ਕਰਨ, ਨਵੇਂ ਪ੍ਰਾਜੈਕਟਾਂ, ਨਿਵੇਸ਼ ਤੇ ਨੌਕਰੀਆਂ ਨੂੰ ਸੂਬੇ ’ਚੋਂ ਬਾਹਰ ਕੱਢਣ ਦਾ ਦੋਸ਼ ਲਾਇਆ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਮੁੰਬਈ ਤੇ ਮਹਾਰਾਸ਼ਟਰ ਦੇ ਹੁਨਰ ਤੇ ਸਰੋਤਾਂ ਨੂੰ ‘ਹਾਕਮ ਮਹਾਯੁਤੀ ਦੇ ਰੂਪ ’ਚ ਲੁਟੇਰੇ’ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਯੁਤੀ ਵੱਲੋਂ ਖੜ੍ਹੀ ਕੀਤੀ ਗਈ ਮਹਿੰਗਾਈ ਨੇ ਸ਼ਹਿਰ ਤੇ ਸੂਬੇ ਦੇ ਲੋਕਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ।
ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਲਾਰੈਂਸ ਬਿਸ਼ਨੋਈ ਗਰੋਹ ਬੌਲੀਵੁੱਡ ਤੇ ਵੱਡੇ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਘਰਾਂ ’ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗਰੋਹ ਨੇ ਬਾਂਦਰਾ ’ਚ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਮਹਾਰਾਸ਼ਟਰ ’ਚ ‘ਬੰਦੂਕ ਤੇ ਗੁੰਡਾਰਾਜ’ ਸਾਹਮਣੇ ਆ ਗਿਆ। -ਪੀਟੀਆਈ