ਮਹਾਰਾਸ਼ਟਰ ’ਚ ਮਹਾਯੁਤੀ ਤੇ ਝਾਰਖੰਡ ’ਚ ‘ਇੰਡੀਆ’ ਦੀ ਜਿੱਤ
ਮੁੰਬਈ/ਰਾਂਚੀ, 23 ਨਵੰਬਰ
ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਗੱਠਜੋੜ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਜਦਕਿ ਝਾਰਖੰਡ ’ਚ ‘ਇੰਡੀਆ’ ਗੱਠਜੋੜ ਮੁੜ ਤੋਂ ਆਪਣੀ ਸਰਕਾਰ ਬਣਾਉਣ ’ਚ ਕਾਮਯਾਬ ਰਿਹਾ ਹੈ। ਮਹਾਰਾਸ਼ਟਰ ਦੇ ਚੋਣ ਨਤੀਜਿਆਂ ’ਚ ‘ਕਟੇਂਗੇਂ ਤੋ ਬਟੇਂਗੇਂ’ ਅਤੇ ‘ਏਕ ਹੈਂ ਤੋ ਸੇਫ਼ ਹੈਂ’ ਦੇ ਨਾਅਰਿਆਂ ਅਤੇ ਲਾਡਕੀ ਬਹਿਨ ਯੋਜਨਾ ਨੇ ਵੱਡਾ ਅਸਰ ਦਿਖਾਇਆ। ਭਾਜਪਾ ਨੇ 149 ਸੀਟਾਂ ’ਤੇ ਚੋਣ ਲੜੀ ਸੀ ਅਤੇ ਉਸ ਨੂੰ 132 ’ਚ ਜਿੱਤ ਹਾਸਲ ਹੋਈ ਹੈ। ਹੁਕਮਰਾਨ ਮਹਾਯੁਤੀ ਗੱਠਜੋੜ, ਜਿਸ ’ਚ ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ ਸ਼ਾਮਲ ਹਨ, ਨੂੰ 288 ਮੈਂਬਰੀ ਵਿਧਾਨ ਸਭਾ ’ਚ 235 ਸੀਟਾਂ ਮਿਲੀਆਂ ਹਨ।
ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਤੇ ਐੱਨਸੀਪੀ (ਐੱਸਪੀ) ਆਧਾਰਿਤ ਮਹਾ ਵਿਕਾਸ ਅਘਾੜੀ ਨੂੰ 49 ਸੀਟਾਂ ਮਿਲੀਆਂ। 81 ਮੈਂਬਰੀ ਝਾਰਖੰਡ ਵਿਧਾਨ ਸਭਾ ਚੋਣਾਂ ’ਚ ‘ਇੰਡੀਆ’ ਗੱਠਜੋੜ ਨੂੰ 56 (ਜੇਐੱਮਐੱਮ ਨੂੰ 34, ਕਾਂਗਰਸ ਨੂੰ 16, ਆਰਜੇਡੀ ਨੂੰ ਚਾਰ ਅਤੇ ਸੀਪੀਆਈ-ਐੱਮਐੱਲ ਨੂੰ ਦੋ ਸੀਟਾਂ) ਜਦਕਿ ਭਾਜਪਾ ਗੱਠਜੋੜ ਨੂੰ 24 ਸੀਟਾਂ ਮਿਲੀਆਂ। ਇਕ ਸੀਟ ਹੋਰਾਂ ਦੇ ਖਾਤੇ ’ਚ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਝਾਰਖੰਡ ’ਚ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਜਿੱਤ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਐੱਨਡੀਏ ਦੀ ਮਹਾਰਾਸ਼ਟਰ ’ਚ ਜਿੱਤ ਲਈ ਨੌਜਵਾਨਾਂ ਖਾਸ ਕਰਕੇ ਔਰਤਾਂ ਦਾ ਧੰਨਵਾਦ ਕੀਤਾ ਹੈ। ਮਹਾਰਾਸ਼ਟਰ ’ਚ ਐੱਮਵੀਏ ਨੂੰ ਭਾਰੀ ਝਟਕਾ ਲੱਗਾ ਹੈ। ਕਾਂਗਰਸ ਦੇ ਤਿੰਨ ਵੱਡੇ ਆਗੂ ਨਾਨਾ ਪਟੋਲੇ, ਬਾਲਾਸਾਹਿਬ ਥੋਰਾਟ ਅਤੇ ਪ੍ਰਿਥਵੀਰਾਜ ਚਵਾਨ ਚੋਣ ਹਾਰ ਗਏ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐੱਨਸੀਪੀ ਮੁਖੀ ਅਜੀਤ ਪਵਾਰ ਨੇ ਬਾਰਾਮਤੀ ਹਲਕੇ ਤੋਂ ਆਪਣੇ ਭਤੀਜੇ ਐੱਨਸੀਪੀ (ਐੱਸਪੀ) ਉਮੀਦਵਾਰ ਯੁਗੇਂਦਰ ਪਵਾਰ ਨੂੰ ਇਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਆਪੋ-ਆਪਣੀਆਂ ਸੀਟਾਂ ਤੋਂ ਜਿੱਤ ਹਾਸਲ ਕੀਤੀ ਹੈ। ਸ਼ਿੰਦੇ ਨੇ ਕਿਹਾ ਕਿ ਲੋਕਾਂ ਨੇ ਨਫ਼ਰਤ ਅਤੇ ਬਦਲਾਖੋਰੀ ਦੀ ਸਿਆਸਤ ਨੂੰ ਨਕਾਰ ਕੇ ਭਲਾਈ ਅਤੇ ਵਿਕਾਸ ਦੀ ਸਿਆਸਤ ਨੂੰ ਫ਼ਤਵਾ ਦਿੱਤਾ ਹੈ। ਅੱਜ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਲੋਕਾਂ ਨੇ ਖੁਦ ਚੋਣਾਂ ਲੜ ਕੇ ਮਹਾਯੁਤੀ ਨੂੰ ਹੂੰਝਾ ਫੇਰ ਜਿੱਤ ਪ੍ਰਦਾਨ ਕੀਤੀ ਹੈ। ਉਨ੍ਹਾਂ ਦੇ ਪੁੱਤਰ ਅਤੇ ਲੋਕ ਸਭਾ ਮੈਂਬਰ ਸ੍ਰੀਕਾਂਤ ਸ਼ਿੰਦੇ ਨੇ ਕਿਹਾ ਕਿ ਫ਼ਤਵੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਬਾਲਾਸਾਹਿਬ ਠਾਕਰੇ ਦੇ ਵਿਚਾਰਾਂ ਨੂੰ ਕੌਣ ਅੱਗੇ ਲਿਜਾ ਰਿਹਾ ਹੈ। ਕਾਂਗਰਸ ਤਰਜਮਾਨ ਲਾਵਨਿਆ ਬਲਾਲ ਨੇ ਮਹਾਰਾਸ਼ਟਰ ਦੇ ਨਤੀਜੇ ਦਿਲ ਤੋੜਨ ਵਾਲੇ ਕਰਾਰ ਦਿੱਤੇ ਅਤੇ ਕਿਹਾ ਕਿ ਭਾਜਪਾ ਨੇ ਸੀਟਾਂ ਦੀ ਵੰਡ ਅਤੇ ਜ਼ਮੀਨੀ ਪੱਧਰ ’ਤੇ ਬਹੁਤ ਵਧੀਆ ਕੰਮ ਕੀਤਾ ਸੀ। ਝਾਰਖੰਡ ’ਚ ਮੁੱਖ ਮੰਤਰੀ ਹੇਮੰਤ ਸੋਰੇਨ ਨੇ ‘ਇੰਡੀਆ’ ਗੱਠਜੋੜ ਦੀ ਜਿੱਤ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਤੰਤਰ ਦੇ ਇਮਤਿਹਾਨ ’ਚ ਪਾਸ ਹੋ ਗਏ ਹਨ। ਕਾਂਗਰਸ ਆਗੂ ਰਾਜੇਸ਼ ਠਾਕੁਰ ਨੇ ਕਿਹਾ ਕਿ ਝਾਰਖੰਡ ’ਚ ਕੀਤੇ ਗਏ ਕੰਮਾਂ ਦਾ ਇਹ ਇਨਾਮ ਮਿਲਿਆ ਹੈ। -ਪੀਟੀਆਈ
ਦੇਵੇਂਦਰ ਫੜਨਵੀਸ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ’ਚ ਸ਼ਾਮਲ
ਮਹਾਰਾਸ਼ਟਰ ’ਚ ਪਾਰਟੀ ਦੀ ਜ਼ੋਰਦਾਰ ਜਿੱਤ ਯਕੀਨੀ ਬਣਾਉਣ ਵਾਲੇ ਭਾਜਪਾ ਆਗੂ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨੀਵਸ ’ਤੇ ਹੁਣ ਸਾਰੀਆਂ ਨਜ਼ਰਾਂ ਹਨ। ਸਿਆਸੀ ਹਲਕਿਆਂ ਮੁਤਾਬਕ ਸੂਬੇ ਦਾ ਦੂਜੀ ਵਾਰ ਬ੍ਰਾਹਮਣ ਮੁੱਖ ਮੰਤਰੀ ਬਣ ਚੁੱਕੇ ਫੜਨਵੀਸ ਹੁਣ ਤੀਜੀ ਵਾਰ ਵੀ ਇਸ ਅਹੁਦੇ ਦੇ ਦਾਅਵੇਦਾਰਾਂ ’ਚੋਂ ਇਕ ਹਨ। ਪਹਿਲਾਂ ਹੀ ਕਨਸੋਆਂ ਚੱਲ ਰਹੀਆਂ ਹਨ ਕਿ ਨਵਾਂ ਮੁੱਖ ਮੰਤਰੀ ਸੋਮਵਾਰ ਨੂੰ ਦੱਖਣੀ ਮੁੰਬਈ ਸਥਿਤ ਵਾਨਖੇੜੇ ਸਟੇਡੀਅਮ ’ਚ ਹਲਫ਼ ਲੈ ਸਕਦਾ ਹੈ ਜਿਥੇ ਫੜਨਵੀਸ ਨੇ 10 ਸਾਲ ਪਹਿਲਾਂ ਸਹੁੰ ਚੁੱਕੀ ਸੀ। ਹਾਲਾਂਕਿ ਫੜਨਵੀਸ ਨੇ ਕਿਹਾ ਹੈ ਕਿ ਅਗਲੇ ਮੁੱਖ ਮੰਤਰੀ ਦਾ ਫ਼ੈਸਲਾ ਮਹਾਯੁਤੀ ’ਚ ਸ਼ਾਮਲ ਪਾਰਟੀਆਂ ਦੇ ਆਗੂ ਕਰਨਗੇ। -ਪੀਟੀਆਈ
ਅਸੀਂ ਲੋਕਤੰਤਰ ਦੀ ਪ੍ਰੀਖਿਆ ਪਾਸ ਕੀਤੀ: ਸੋਰੇਨ
ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਵਿਧਾਨ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗੱਠਜੋੜ ਨੇ ਲੋਕਤੰਤਰ ਦੀ ਪ੍ਰੀਖਿਆ ਪਾਸ ਕਰ ਲਈ ਹੈ। ਸੋਰੇਨ ਨੇ ਕਿਹਾ, ‘ਅਸੀਂ ਝਾਰਖੰਡ ਵਿੱਚ ਲੋਕਤੰਤਰ ਦੀ ਪ੍ਰੀਖਿਆ ਪਾਸ ਕਰ ਲਈ ਹੈ। ਅਸੀਂ ਚੋਣ ਨਤੀਜਿਆਂ ਤੋਂ ਬਾਅਦ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵਾਂਗੇ।’ ਉਨ੍ਹਾਂ ਕਿਹਾ, ‘ਮੈਂ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ।’ ਇਸ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੇ ਕਿਹਾ, ‘ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਹਨ ਅਤੇ ਉਹ ਹੀ ਰਹਿਣਗੇ।’ -ਪੀਟੀਆਈ
ਮਹਾਰਾਸ਼ਟਰ ’ਚ ਸਾਜ਼ਿਸ਼, ਚੋਣ ਨਤੀਜੇ ਅਣਕਿਆਸੇ: ਖੜਗੇ
ਨਵੀਂ ਦਿੱਲੀ: ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਅਣਕਿਆਸੇ ਕਰਾਰ ਦਿੰਦਿਆਂ ਅੱਜ ਦਾਅਵਾ ਕੀਤਾ ਕਿ ਵਿਰੋਧੀ ਧਿਰ ਨੂੰ ਹਰਾਉਣ ਲਈ ਸਾਜ਼ਿਸ਼ ਹੋਈ ਹੈ ਅਤੇ ਸੂਬੇ ਵਿੱਚ ਵਿਰੋਧੀ ਧਿਰਾਂ ਤੇ ਉਨ੍ਹਾਂ ਦੇ ਆਗੂਆਂ ਨੂੰ ‘ਨਿਸ਼ਾਨਾ ਬਣਾ ਕੇ’ ਬਰਾਬਰੀ ਦੇ ਮੌਕਿਆਂ ਦੀ ਸਥਿਤੀ ਨੂੰ ਵਿਗਾੜਿਆ ਗਿਆ। ਮੁੱਖ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਝਾਰਖੰਡ ਦੇ ਲੋਕਾਂ ਨੇ ਧਰੁਵੀਕਰਨ ਦੀ ਸਿਆਸਤ ਨੂੰ ਠੁਕਰਾਉਂਦਿਆਂ ਦੇਸ਼ ਲਈ ਹਾਂ ਪੱਖੀ ਸੰਦੇਸ਼ ਦਿੱਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਲਿਖਿਆ, ‘‘ਮਹਾਰਾਸ਼ਟਰ ਦੇ ਨਤੀਜੇ ਅਣਕਿਆਸੇ ਹਨ। ਪਾਰਟੀ ਇਸ ਨਤੀਜੇ ਦੀ ਤਹਿ ਤੱਕ ਜਾ ਕੇ ਅਸਲੀ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਆਪਣੇ ਆਗੂਆਂ, ਕਾਰਕੁਨਾਂ ਤੇ ਸਮਰਥਕਾਂ ਦਾ ਧੰਨਵਾਦ ਕਰਦੇ ਹਾਂ।’’
ਉਪ ਚੋਣ: ਸੂਬਿਆਂ ’ਚ ਹਾਕਮ ਧਿਰਾਂ ਦਾ ਰਿਹਾ ਦਬਦਬਾ
ਨਵੀਂ ਦਿੱਲੀ: ਦੇਸ਼ ਦੇ 13 ਰਾਜਾਂ ਦੀਆਂ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ਦੇ ਨਤੀਜਿਆਂ ’ਚ ਸੂਬਿਆਂ ਦੀਆਂ ਹਾਕਮ ਧਿਰਾਂ ਨੇ ਬਹੁਤੀਆਂ ਸੀਟਾਂ ਹਾਸਲ ਕੀਤੀਆਂ ਹਨ। ਭਾਜਪਾ ਤੇ ਉਸ ਦੇ ਭਾਈਵਾਲਾਂ ਨੇ ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ’ਚ ਲੀਡ ਹਾਸਲ ਕੀਤੀ ਹੈ ਜਦਕਿ ਪੱਛਮੀ ਬੰਗਾਲ ’ਚ ਤ੍ਰਿਣਾਮੂਲ ਕਾਂਗਰਸ ਨੇ ਹੂੰਝਾ ਫੇਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲ 46 ਵਿਧਾਨ ਸਭਾ ਸੀਟਾਂ ’ਚੋਂ ਭਾਜਪਾ ਤੇ ਇਸ ਦੇ ਭਾਈਵਾਲਾਂ ਨੇ 26, ਕਾਂਗਰਸ ਨੇ ਸੱਤ, ਟੀਐੱਮਸੀ ਨੇ ਛੇ, ਆਮ ਆਦਮੀ ਪਾਰਟੀ ਨੇ ਤਿੰਨ ਅਤੇ ਸਮਾਜਵਾਦੀ ਪਾਰਟੀ ਨੇ ਦੋ ਸੀਟਾਂ ਹਾਸਲ ਕੀਤੀਆਂ ਹਨ। ਉੱਤਰ ਪ੍ਰਦੇਸ਼ ’ਚ ਹਾਕਮ ਧਿਰ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਨੇ ਦਬਦਬਾ ਕਾਇਮ ਰੱਖਿਆ ਹੈ ਅਤੇ ਨੌਂ ’ਚੋਂ ਸੱਤ ਸੀਟਾਂ ਹਾਸਲ ਕੀਤੀਆਂ ਹਨ। ਇੱਥੇ ਸਮਾਜਵਾਦੀ ਪਾਰਟੀ ਨੂੰ ਦੋ ਤੇ ਰਾਸ਼ਟਰੀ ਲੋਕ ਦਲ ਨੂੰ ਇੱਕ ਸੀਟ ਮਿਲੀ ਹੈ। ਰਾਜਸਥਾਨ ’ਚ ਹਾਕਮ ਧਿਰ ਭਾਜਪਾ ਨੇ ਸੱਤ ’ਚੋਂ ਪੰਜ ਸੀਟਾਂ ਜਿੱਤੀਆਂ ਹਨ ਜਦਕਿ ਕਾਂਗਰਸ ਤੇ ਭਾਰਤ ਆਦਿਵਾਸੀ ਪਾਰਟੀ ਨੂੰ ਇੱਕ-ਇੱਕ ਸੀਟ ਮਿਲੀ ਹੈ। ਪੰਜਾਬ ਦੀਆਂ ਚਾਰ ਸੀਟਾਂ ’ਚੋਂ ਤਿੰਨ ਆਮ ਆਦਮੀ ਪਾਰਟੀ ਤੇ ਇੱਕ ਸੀਟ ਕਾਂਗਰਸ ਨੇ ਜਿੱਤੀ ਹੈ। ਬਿਹਾਰ ਦੀਆਂ ਚਾਰ ਸੀਟਾਂ ’ਚੋਂ ਦੋ ’ਤੇ ਭਾਜਪਾ ਤੇ ਇੱਕ-ਇੱਕ ਸੀਟ ’ਤੇ ਜਨਤਾ ਦਲ (ਯੂ) ਅਤੇ ਹਿੰਦੁਸਤਾਨ ਅਵਾਮ ਮੋਰਚਾ ਨੇ ਜਿੱਤ ਹਾਸਲ ਕੀਤੀ ਹੈ। ਪੱਛਮੀ ਬੰਗਾਲ ਦੀਆਂ ਸਾਰੀਆਂ ਛੇ ਸੀਟਾਂ ’ਤੇ ਤ੍ਰਿਣਾਮੂਲ ਕਾਂਗਰਸ ਨੇ ਹੂੰਝਾ ਫੇਰ ਲਿਆ ਹੈ। ਇਸੇ ਤਰ੍ਹਾਂ ਅਸਾਮ ਦੀਆਂ 5 ਸੀਟਾਂ ’ਚੋਂ ਤਿੰਨ ਭਾਜਪਾ ਅਤੇ 1-1 ਸੀਟ ਅਸਾਮ ਗਣ ਪਰਿਸ਼ਦ ਤੇ ਯੁਨਾਈਟਿਡ ਪੀਪਲਜ਼ ਪਾਰਟੀ, ਲਿਬਰਲ ਨੇ ਪ੍ਰਾਪਤ ਕੀਤੀ। ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ ’ਚੋਂ ਕਾਂਗਰਸ ਤੇ ਭਾਜਪਾ ਨੇ 1-1 ਸੀਟ ਜਿੱਤੀ ਹੈ। ਕੇਰਲ ਦੀਆਂ ਦੋ ਸੀਟਾਂ ’ਚੋਂ ਕਾਂਗਰਸ ਤੇ ਸੀਪੀਆਈ ਨੇ 1-1 ਸੀਟ ਹਾਸਲ ਕੀਤੀ। ਛੱਤੀਸਗੜ੍ਹ, ਗੁਜਰਾਤ ਤੇ ਉੱਤਰਾਖੰਡ ਦੀਆਂ 1-1 ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਕਰਨਾਟਕ ਦੀਆਂ ਸਾਰੀਆਂ ਤਿੰਨ ਸੀਟਾਂ ’ਤੇ ਕਾਂਗਰਸ ਨੇ ਹੂੰਝਾ ਫੇਰਿਆ ਹੈ। ਉੱਤਰ ਪੂਰਬੀ ਰਾਜਾਂ ਵਿੱਚ ਮੇਘਾਲਿਆ ਦੀ ਇੱਕੋ-ਇੱਕ ਸੀਟ ’ਤੇ ਨੈਸ਼ਨਲ ਪੀਪਲਜ਼ ਪਾਰਟੀ ਜਦਕਿ ਸਿੱਕਮ ਦੀਆਂ ਦੋ ਸੀਟਾਂ ’ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਜਿੱਤ ਪ੍ਰਾਪਤ ਕੀਤੀ। -ਪੀਟੀਆਈ
ਯੋਗੀ ਨੇ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਸਿਰ ਬੰਨ੍ਹਿਆ
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸੂਬੇ ਦੀਆਂ 9 ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਦਿਆਂ ਕਿਹਾ ਕਿ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਰੋਧੀ ਗੱਠਜੋੜ ਦੀ ‘ਲੂਟ ਔਰ ਝੂਠ’ ਦੀ ਸਿਆਸਤ ਖ਼ਤਮ ਹੋ ਰਹੀ ਹੈ। ਇੱਥੇ ਪਾਰਟੀ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ, ‘ਇਸ ਇਤਿਹਾਸਕ ਜਿੱਤ ਦਾ ਸਿਹਰਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਅਤੇ ਮਾਰਗਦਰਸ਼ਨ ਨੂੰ ਜਾਂਦਾ ਹੈ।’ -ਪੀਟੀਆਈ
ਅਖਿਲੇਸ਼ ਵੱਲੋਂ ਜ਼ਿਮਨੀ ਚੋਣਾਂ ਰਾਜਨੀਤੀ ਦਾ ਸਭ ਤੋਂ ਵਿਗੜਿਆ ਰੂਪ ਕਰਾਰ
ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਨੂੰ ‘ਚੋਣ ਰਾਜਨੀਤੀ ਦਾ ਸਭ ਤੋਂ ਵਿਗੜਿਆ ਰੂਪ’ ਕਰਾਰ ਦਿੱਤਾ। ਅਖਿਲੇਸ਼ ਨੇ ਐਕਸ ’ਤੇ ਕਿਹਾ, ‘ਚੋਣਾਂ ਨੂੰ ਭ੍ਰਿਸ਼ਟਾਚਾਰ ਦਾ ਸਮਾਨਾਰਥੀ ਬਣਾਉਣ ਵਾਲਿਆਂ ਦੀਆਂ ਚਾਲਾਂ ਤਸਵੀਰਾਂ ’ਚ ਕੈਦ ਹੋ ਕੇ ਦੁਨੀਆ ਦੇ ਸਾਹਮਣੇ ਆ ਚੁੱਕੀਆਂ ਹਨ। ਦੁਨੀਆਂ, ਦੇਸ਼ ਅਤੇ ਉੱਤਰ ਪ੍ਰਦੇਸ਼ ਨੇ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਚੋਣ ਸਿਆਸਤ ਦਾ ਸਭ ਤੋਂ ਵਿਗੜਿਆ ਰੂਪ ਦੇਖਿਆ ਹੈ। ਝੂਠ ਦਾ ਸਮਾਂ ਹੋ ਸਕਦਾ ਹੈ ਪਰ ਯੁੱਗ ਨਹੀਂ।’ ਉਨ੍ਹਾਂ ਕਿਹਾ, ‘ਹੁਣ ਅਸਲ ਸੰਘਰਸ਼ ਸ਼ੁਰੂ ਹੋ ਗਿਆ ਹੈ।’ -ਪੀਟੀਆਈ
ਲੋਕ ਸਭਾ ਜ਼ਿਮਨੀ ਚੋਣ: ਵਾਇਨਾਡ ਤੋਂ ਪ੍ਰਿਯੰਕਾ ਗਾਂਧੀ ਜੇਤੂ
ਵਾਇਨਾਡ: ਕੇਰਲ ਦੀ ਵਾਇਨਾਡ ਤੇ ਮਹਾਰਾਸ਼ਟਰ ਦੀ ਨਾਂਦੇੜ ਲੋਕ ਸਭਾ ਸੀਟਾਂ ਦੀ ਉਪ ਚੋਣ ’ਤੇ ਅੱਜ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਵਾਇਨਾਡ ਤੋਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਜਦਕਿ ਨਾਂਦੇੜ ਤੋਂ ਰਵਿੰਦਰ ਚਵਾਨ ਜਿੱਤੇ ਹਨ। ਪ੍ਰਿਯੰਕਾ ਨੇ ਸੀਪੀਆਈ (ਐੱਮ) ਦੀ ਅਗਵਾਈ ਹੇਠਲੇ ਐੱਲਡੀਐੱਫ ਦੇ ਉਮੀਦਵਾਰ ਸੱਤਿਅਨ ਮੋਕੇਰੀ ਨੂੰ 4.1 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਆਪਣੀ ਪਹਿਲੀ ਚੋਣ ਜਿੱਤੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪ੍ਰਿਯੰਕਾ ਨੂੰ 6,22,338 ਵੋਟਾਂ ਮਿਲੀਆਂ ਜੋ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵਾਇਨਾਡ ਤੋਂ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਨੂੰ ਮਿਲੀਆਂ 6,47,445 ਵੋਟਾਂ ਤੋਂ ਘੱਟ ਹਨ। ਵਾਇਨਾਡ ਲੋਕ ਸਭਾ ਸੀਟ ’ਤੇ ਹੋਈ ਉਪ ਚੋਣ ’ਚ ਘੱਟ ਵੋਟਿੰਗ ਦੇ ਬਾਵਜੂਦ ਪ੍ਰਿਯੰਕਾ ਗਾਂਧੀ ਦੀ ਜਿੱਤ ਦਾ ਫਰਕ 4,10,931 ਵੋਟਾਂ ਦਾ ਰਿਹਾ ਜੋ ਰਾਹੁਲ ਗਾਂਧੀ ਦੇ 3,64,422 ਵੋਟਾਂ ਦੇ ਫਰਕ ਤੋਂ ਵੱਧ ਹੈ। ਇਸੇ ਤਰ੍ਹਾਂ ਨਾਂਦੇੜ ਲੋਕ ਸਭਾ ਸੀਟ ’ਤੇ ਕਾਂਗਰਸ ਉਮੀਦਵਾਰ ਰਵਿੰਦਰ ਚਵਾਨ ਨੇ ਭਾਜਪਾ ਉਮੀਦਵਾਰ ਸੰਕੂਤਰਾਓ ਹਮਬਰਡੇ ਨੂੰ 1457 ਵੋਟਾਂ ਦੇ ਫਰਕ ਨਾਲ ਹਰਾਇਆ। ਚਵਾਨ ਨੂੰ 5,86,788 ਵੋਟਾਂ ਜਦਕਿ ਹਮਬਰਡੇ ਨੂੰ 5,85,331 ਵੋਟਾਂ ਪ੍ਰਾਪਤ ਹੋਈਆਂ। -ਪੀਟੀਆਈ
ਵਾਇਨਾਡ ਦੇ ਲੋਕਾਂ ਦੀ ਆਵਾਜ਼ ਬਣਨ ਲਈ ਉਤਸ਼ਾਹਿਤ: ਪ੍ਰਿਯੰਕਾ
ਨਵੀਂ ਦਿੱਲੀ, 23 ਨਵੰਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਹ ਸੰਸਦ ’ਚ ਵਾਇਨਾਡ ਦੇ ਲੋਕਾਂ ਦੀ ਆਵਾਜ਼ ਬਣਨ ਲਈ ਉਤਸ਼ਾਹਿਤ ਹੈ ਅਤੇ ਉਨ੍ਹਾਂ ਰਾਹੁਲ ਗਾਂਧੀ ਦਾ ‘ਰਾਹ ਦਿਖਾਉਣ ਅਤੇ ਹਮੇਸ਼ਾ ਉਸ ਦੀ ਹਮਾਇਤ’ ਲਈ ਧੰਨਵਾਦ ਕੀਤਾ। ਪ੍ਰਿਯੰਕਾ ਨੇ ਇਹ ਟਿੱਪਣੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ’ਤੇ ਉਪ ਚੋਣ ’ਚ ਚਾਰ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਕੀਤੀ। ਉਨ੍ਹਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਚਾਰ ਮੁਹਿੰਮ ਦੌਰਾਨ ਹਮਾਇਤ ਲਈ ਧੰਨਵਾਦ ਵੀ ਕੀਤਾ। ਪ੍ਰਿਯੰਕਾ ਨੇ ਕਿਹਾ, ‘ਮੈਂ ਵਾਇਨਾਡ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਮੈਨੂੰ ਉਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਦਿੱਤਾ। ਜਦੋਂ ਮੈਂ ਉੱਥੇ ਪ੍ਰਚਾਰ ਕਰ ਰਹੀ ਸੀ ਤਾਂ ਉਨ੍ਹਾਂ ਮੈਨੂੰ ਇੰਨਾ ਪਿਆਰ ਦਿੱਤਾ ਅਤੇ ਫਿਰ ਜਿਸ ਤਰ੍ਹਾਂ ਉਨ੍ਹਾਂ ਮੈਨੂੰ ਵੋਟਾਂ ਪਾਈਆਂ ਇਹ ਇਸ ਗੱਲ ਦਾ ਸਬੂਤ ਹੈ ਕਿ ਮੇਰੇ ਭਰਾ ਨੇ ਉੱਥੇ ਸਖਤ ਮਿਹਨਤ ਕੀਤੀ।’ -ਪੀਟੀਆਈ
ਮਹਾਰਾਸ਼ਟਰ ਦੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਾਂਗੇ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਦੀ ਜਿੱਤ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਸੰਵਿਧਾਨ ਦੇ ਨਾਲ ਨਾਲ ਜਲ, ਜੰਗਲ ਅਤੇ ਜ਼ਮੀਨ ਦੀ ਰੱਖਿਆ ਲਈ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਚੋਣ ਨਤੀਜੇ ‘ਅਣਕਿਆਸੇ’ ਹਨ ਜਿਨ੍ਹਾਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਜਾਵੇਗਾ। ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਲਿਖਿਆ, ‘‘ਝਾਰਖੰਡ ਦੇ ਲੋਕਾਂ ਦਾ ‘ਇੰਡੀਆ’ ਗੱਠਜੋੜ ਨੂੰ ਵੱਡਾ ਫਤਵਾ ਦੇਣ ਲਈ ਧੰਨਵਾਦ। ਸੂਬੇ ਵਿੱਚ ਗੱਠਜੋੜ ਦੀ ਇਹ ਜਿੱਤ ਸੰਵਿਧਾਨ ਦੇ ਨਾਲ ਜਲ, ਜੰਗਲ, ਜ਼ਮੀਨ ਦੀ ਰੱਖਿਆ ਦੀ ਜਿੱਤ ਹੈ।’’ -ਪੀਟੀਆਈ