ਮਹਾਰਾਸ਼ਟਰ: ਸੰਵਿਧਾਨ ਦਾ ਪ੍ਰਤੀਰੂਪ ਤੋੜਨ ਖ਼ਿਲਾਫ਼ ਪਰਭਨੀ ’ਚ ਹਿੰਸਾ
ਛਤਰਪਤੀ ਸੰਭਾਜੀ ਨਗਰ, 11 ਦਸੰਬਰ
ਮਹਾਰਾਸ਼ਟਰ ਦੇ ਪਰਭਨੀ ਸ਼ਹਿਰ ’ਚ ਸਥਾਪਤ ਭਾਰਤੀ ਸੰਵਿਧਾਨ ਦਾ ਪੱਥਰ ਦਾ ਪ੍ਰਤੀਰੂਪ ਤੋੜਨ ਦੇ ਵਿਰੋਧ ’ਚ ਅੱਜ ਦੂਜੇ ਦਿਨ ਵੀ ਹਿੰਸਕ ਮੁਜ਼ਾਹਰੇ ਹੋਏ ਜਿਸ ਮਗਰੋਂ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਅੰਬੇਡਕਰਵਾਦੀ ਕਾਰਕੁਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਭੀੜ ਨੇ ਅੱਗਜ਼ਨੀ ਕੀਤੀ ਤੇ ਜ਼ਿਲ੍ਹਾ ਕੁਲੈਕਟਰ ਦਫ਼ਤਰ ’ਚ ਭੰਨਤੋੜ ਕੀਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ’ਚ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ।
ਇਸ ਤਹਿਤ ਜਨਤਕ ਥਾਵਾਂ ’ਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਰੋਕ ਹੋਵੇਗੀ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ’ਚ ਮਦਦ ਲਈ ਸੀਆਰਪੀਐੱਫ ਦੀ ਇੱਕ ਕੰਪਨੀ ਬੁਲਾਈ ਗਈ ਹੈ।
ਪਰਭਨੀ ਰੇਲਵੇ ਸਟੇਸ਼ਨ ਦੇ ਬਾਹਰ ਡਾ. ਬੀਆਰ ਅੰਬੇਡਕਰ ਦੇ ਬੁੱਤ ਸਾਹਮਣੇ ਸ਼ੀਸ਼ੇ ਅੰਦਰ ਸਥਾਪਤ ਸੰਵਿਧਾਨ ਦਾ ਪੱਥਰ ਦਾ ਪ੍ਰਤੀਰੂਪ ਬੀਤੇ ਦਿਨ ਨੁਕਸਾਨਿਆ ਹੋਇਆ ਮਿਲਿਆ ਜਿਸ ਮਗਰੋਂ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਅੱਜ ਸਵੇਰੇ ਰੋਸ ਮੁਜ਼ਾਹਰੇ ਮੁੜ ਸ਼ੁਰੂ ਹੋ ਗਏ।
ਕਾਰਜਕਾਰੀ ਐੱਸਪੀ ਯਸ਼ਵੰਤ ਕਾਲੇ ਨੇ ਦੱਸਿਆ, ‘ਅੱਜ ਬਾਅਦ ਦੁਪਹਿਰ ਕਰੀਬ ਇੱਕ ਵਜੇ ਇੱਕ ਦੁਕਾਨ ਦੇ ਬਾਹਰ ਪਾਈਪਾਂ ਸਾੜ ਦਿੱਤੀਆਂ ਗਈਆਂ। ਭੀੜ ਦੇ ਹਿੰਸਕ ਹੋਣ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਉਨ੍ਹਾਂ ਨੂੰ ਖਿੰਡਾ ਦਿੱਤਾ।’ ਪੁਲੀਸ ਦੇ ਆਈਜੀ ਸ਼ਾਹਜੀ ਉਮਾਪ ਨੇ ਦੱਸਿਆ ਕਿ ਮਹਿਲਾਵਾਂ ਸਮੇਤ ਸੈਂਕੜੇ ਮੁਜ਼ਾਹਰਾਕਾਰੀ ਕੁਲੈਕਟਰ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਦੇ ਦਫ਼ਤਰ ਅਦਰ ਦਾਖਲ ਹੋ ਕੇ ਭੰਨਤੋੜ ਕੀਤੀ। -ਪੀਟੀਆਈ