ਮਹਾਰਾਸ਼ਟਰ: ਐੱਮਵੀਏ ਗੱਠਜੋੜ ਵਿੱਚ ਤਰੇੜ ਪਈ
* ਠਾਕਰੇ ਧੜੇ ਵੱਲੋਂ ਸਾਂਗਲੀ ਤੇ ਮੁੰਬਈ ਦੀਆਂ ਤਿੰਨ ਸੀਟਾਂ ’ਤੇ ਉਮੀਦਵਾਰ ਐਲਾਨੇ ਜਾਣ ਤੋਂ ਕਾਂਗਰਸ ਖ਼ਫ਼ਾ
* ਵੀਬੀਏ ਨੇ ਅੱਠ ਉਮੀਦਵਾਰ ਐਲਾਨੇ
ਮੁੰਬਈ, 27 ਮਾਰਚ
ਮਹਾਰਾਸ਼ਟਰ ’ਚ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਊਧਵ ਠਾਕਰੇ ਦੇ ਧੜੇ ਅਤੇ ਵੰਚਿਤ ਬਹੁਜਨ ਅਗਾੜੀ (ਵੀਬੀਏ) ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਊਧਵ ਦੀ ਅਗਵਾਈ ਹੇਠਲੀ ਪਾਰਟੀ ਸ਼ਿਵ ਸੈਨਾ (ਯੂਬੀਟੀ) ਨੇ ਚਾਰ ਅਜਿਹੀਆਂ ਸੀਟਾਂ ਤੋਂ ਵੀ ਉਮੀਦਵਾਰ ਐਲਾਨ ਦਿੱਤੇ ਹਨ ਜਿਥੇ ਕਾਂਗਰਸ ਦਾ ਕਹਿਣਾ ਹੈ ਕਿ ਉਨ੍ਹਾਂ ਬਾਰੇ ਅਜੇ ਗੱਲਬਾਤ ਚੱਲ ਰਹੀ ਹੈ। ਉਧਰ ਬਾਬਾ ਸਾਹੇਬ ਭੀਮ ਰਾਓ ਅੰਬੇਦਕਰ ਦੇ ਪੋਤੇ ਪ੍ਰਕਾਸ਼ ਅੰਬੇਦਕਰ ਦੀ ਅਗਵਾਈ ਹੇਠਲੀ ਵੀਬੀਏ ਨੇ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਚੰਦਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਪ੍ਰਤਿਭਾ ਧਨੋਰਕਰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਸ਼ਿਵ ਸੈਨਾ (ਯੂਬੀਟੀ) ਵੱਲੋਂ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ’ਚ ਸਾਂਗਲੀ ਅਤੇ ਮੁੰਬਈ ਦੀਆਂ ਤਿੰਨ ਸੀਟਾਂ ਸਣੇ 17 ਉਮੀਦਵਾਰ ਐਲਾਨੇ ਜਾਣ ਤੋਂ ਕਾਂਗਰਸ ਨਾਰਾਜ਼ ਹੋ ਗਈ ਹੈ। ਕਾਂਗਰਸ ਮੁੰਬਈ ਦੀਆਂ ਛੇ ’ਚੋਂ ਤਿੰਨ ਸੀਟਾਂ ਮੰਗ ਰਹੀ ਹੈ। ਕਾਂਗਰਸ ਵਿਧਾਇਕ ਦਲ ਦੇ ਆਗੂ ਬਾਲਾਸਾਹੇਬ ਥੋਰਾਟ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਿਜੈ ਵੇਡੇਤੀਵਾਰ ਨੇ ਆਪਣੇ ਐੱਮਵੀਏ ਭਾਈਵਾਲ ਨੂੰ ਕਿਹਾ ਕਿ ਉਹ ਫ਼ੈਸਲੇ ’ਤੇ ਵਿਚਾਰ ਕਰੇ ਕਿਉਂਕਿ ਇਹ ਗੱਠਜੋੜ ਧਰਮ ਦੇ ਉਲਟ ਹੈ। ਕਾਂਗਰਸ ਆਗੂ ਸੰਜੈ ਨਿਰੁਪਮ, ਜੋ ਮੁੰਬਈ ਉੱਤਰ ਪੱਛਮ ਤੋਂ ਚੋਣ ਲੜਨਾ ਚਾਹੁੰਦੇ ਹਨ, ਨੇ ਕਿਹਾ ਕਿ ਜਿਹੜੇ ਸੀਟਾਂ ਦੀ ਵੰਡ ਦੇ ਫਾਰਮੂਲੇ ’ਤੇ ਸਹਿਮਤ ਹੋਏ ਹਨ, ਉਹ ਕਾਂਗਰਸ ਨੂੰ ਮੁੰਬਈ ’ਚ ਦਫ਼ਨ ਕਰਨ ਦੀ ਤਿਆਰੀ ਕਰ ਰਹੇ ਹਨ। ਨਿਰੂਪਮ ਨੇ ਕਿਹਾ ਕਿ ਉਹ ਹਲਕੇ ’ਚ ‘ਦੋਸਤਾਨਾ ਜੰਗ’ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਇਕ ਹਫ਼ਤੇ ਤੱਕ ਉਡੀਕ ਕਰਨਗੇ ਅਤੇ ਫਿਰ ਕੋਈ ਫ਼ੈਸਲਾ ਲੈਣਗੇ।
ਇਸ ਦੌਰਾਨ ਵੰਚਿਤ ਬਹੁਜਨ ਅਗਾੜੀ (ਵੀਬੀਏ) ਦੇ ਮੁਖੀ ਪ੍ਰਕਾਸ਼ ਅੰਬੇਦਕਰ ਨੇ ਸੂਬੇ ਦੀਆਂ ਅੱਠ ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ। ਕਾਂਗਰਸ ਦੇ ਸੀਨੀਅਰ ਆਗੂ ਬਾਲਾਸਾਹੇਬ ਥੋਰਾਟ ਨੇ ਕਿਹਾ ਕਿ ਵੀਬੀਏ ਦੇ ਕਦਮ ਨਾਲ ਭਾਜਪਾ ਨੂੰ ਲਾਭ ਪਹੁੰਚੇਗਾ ਅਤੇ ਉਨ੍ਹਾਂ ਪ੍ਰਕਾਸ਼ ਅੰਬੇਦਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਫ਼ੈਸਲੇ ’ਤੇ ਵਿਚਾਰ ਕਰਨ। ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਕਿਹਾ ਕਿ ਐੱਮਵੀਏ ਪਾਰਟੀਆਂ ਅਜੇ ਵੀ ਵੀਡੀਏ ਦੀ ਉਡੀਕ ਕਰ ਰਹੀਆਂ ਹਨ। -ਪੀਟੀਆਈ