ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ
ਮੁੰਬਈ, 2 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਜੀਤ ਪਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਹਲਫ ਲਿਆ ਹੈ। ਵਿਧਾਨ ਸਭਾ ਵਿੱਚ ਐੱਨਸੀਪੀ ਦੇ ਕੁੱਲ 53 ਵਿਧਾਇਕ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚ 30 ਵਿਧਾਇਕ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਤੋਂ ਇਲਾਵਾ ਐੱਨਸੀਪੀ ਨੇਤਾਵਾ ਛਗਨ ਭੁਜਬਲ, ਧਨੰਜੈ ਮੁੰਡੇ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ਼, ਅਦਿਤੀ ਤਟਕਰੇ, ਧਰਮਰਾਓ ਅਤਰਾਮ, ਅਨਿਲ ਪਾਟਿਲ ਅਤੇ ਸੰਜੈ ਬੰਸੋੜ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੌਰਾਨ ਰਾਜ ਭਵਨ ’ਚ ਹਾਜ਼ਰ ਮਹਾਰਾਸ਼ਟਰ ਦੇ ਵਿਧਾਨ ਸਭਾ ਦੇ ਸਪੀਕਰ ਰਾਹਲ ਨਰਵੇਕਰ ਨੇ ਕਿਹਾ ਕਿ ਅਜੀਤ ਪਵਾਰ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਐੱਨਸੀਪੀ ਦੇ ਸੀਨੀਅਰ ਨੇਤਾ ਅਜੀਤ ਪਵਾਰ ਨੇ ਅੱਜ ਮੁੰਬਈ ਸਥਿਤ ਆਪਣੀ ਅਧਿਕਾਰਤ ਰਿਹਾਇਸ਼ ’ਤੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਤੁਰੰਤ ਬਾਅਦ ਉਹ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਲਈ ਰਵਾਨਾ ਹੋ ਗਏ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਜੀਤ ਪਵਾਰ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਹਾਲਾਂਕਿ ਐੱਨਸੀਪੀ ਮੁਖੀ ਸ਼ਰਦ ਪਵਾਰ, ਜਿਹੜੇ ਕਿ ਪੁਣੇ ਵਿੱਚ ਸਨ, ਨੇ ਕਿਹਾ ਉਨ੍ਹਾਂ ਮੀਟਿੰਗ ਪਤਾ ਨਹੀਂ ਹੈ ਪਰ ਉਨ੍ਹਾਂ ਨਾਲ ਹੀ ਆਖਿਆ ਕਿ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਨਾਤੇ ਉਹ ਵਿਧਾਇਕਾਂ ਦੀ ਮੀਟਿੰਗ ਬੁਲਾ ਸਕਦੇ ਹਨ। ਅਜੀਤ ਪਵਾਰ ਨੇ ਹਾਲ ਹੀ ਵਿੱਚ ਇਹ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ’ਤੇ ਬਣੇ ਰਹਿਣ ਦੇ ਇੱਛੁਕ ਨਹੀਂ ਹਨ ਅਤੇ ਪਾਰਟੀ ਸੰਗਠਨ ਵਿੱਚ ਕੰਮ ਕਰਨਾ ਚਾਹੁੰਦੇ ਹਨ, ਜਿਸ ਦੇ ਮੱਦੇਨਜ਼ਰ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ। ਅਜੀਤ ਪਵਾਰ ਦੀ ਅਧਿਕਾਰਤ ਰਿਹਾਇਸ਼ ‘ਦੇਵਗਿਰੀ’ ਉੱਤੇ ਮੀਟਿੰਗ ਵਿੱਚ ਮੌਜੂਦ ਐੱਨਸੀਪੀ ਨੇਤਾਵਾਂ ਵਿੱਚ ਛਗਨ ਭੁਜਵਲ ਅਤੇ ਪਾਰਟੀ ਦੀ ਵਰਕਿੰਗ ਪ੍ਰਧਾਨ ਸੁਪ੍ਰਿਆ ਸੁਲੇ ਵੀ ਸ਼ਾਮਲ ਸਨ। ਮੀਟਿੰਗ ਦੇ ਏਜੰਡੇ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਜਦਕਿ ਪੁਣੇ ਵਿੱਚ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੁੰਬੲੀ ਵਿੱਚ ਮੀਟਿੰਗ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਆਖਿਆ, ‘‘ਮੈਂ 6 ਜੁਲਾਈ ਨੂੰ ਸੀਨੀਅਰ ਨੇਤਾਵਾਂ ਦੀ ਮੀਟਿੰਗ ਸੱਦੀ ਹੈ ਅਤੇ ਪਾਰਟੀ ਸਬੰਧੀ ਚਰਚਾ ਕੀਤੀ ਜਾਵੇਗੀ।’’ -ਪੀਟੀਆਈ
ਐੱਨਸੀਪੀ ਨੇ ਅਵਹਦ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਅਜੀਤ ਪਵਾਰ ਵੱਲੋਂ ਏਕਨਾਥ ਸ਼ਿੰਦੇ ਦੀ ਸਰਕਾਰ ’ਚ ਸ਼ਾਮਲ ਹੋਣ ਤੋਂ ਬਾਅਦ ਅੱਜ ਜਿਤੇਂਦਰ ਅਵਹਦ ਨੂੰ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਅਾਗੂ ਨਿਯੁਕਤ ਕਰ ਦਿੱਤਾ ਹੈ। ਮੁੰਬਈ-ਕਾਲਵਾ ਤੋਂ ਵਿਧਾਇਕ ਅਵਹਦ ਨੇ ਕਿਹਾ ਕਿ ਐੱਨਸੀਪੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਜੈਅੰਤ ਪਾਟਿਲ ਨੇ ਉਨ੍ਹਾਂ ਪਾਰਟੀ ਦਾ ਮੁੱਖ ਵ੍ਹਿਪ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕ ਉਨ੍ਹਾਂ ਵੱਲੋਂ ਜਾਰੀ ਵ੍ਹਿਪ ਮੰਨਣ ਲਈ ਪਾਬੰਦ ਹੋਣਗੇ। -ਪੀਟੀਆਈ