ਮਹਾਰਾਸ਼ਟਰ: ਫੜਨਵੀਸ ਦਾ ਮੁੱਖ ਮੰਤਰੀ ਬਣਨਾ ਲਗਪਗ ਤੈਅ
ਆਦਿਤੀ ਟੰਡਨ
ਨਵੀਂ ਦਿੱਲੀ, 28 ਨਵੰਬਰ
ਭਾਜਪਾ ਦੇ ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਦੀ ਦੌੜ ’ਚ ਮੋਹਰੀ ਆਗੂ ਬਣ ਕੇ ਉੱਭਰੇ ਹਨ ਅਤੇ ਹਾਕਮ ਧਿਰ ਐੱਨਡੀਏ ਦੇ ਸਹਿਯੋਗੀ ਸਰਕਾਰ ਦੇ ਗਠਨ ਨੂੰ ਅੰਤਿਮ ਰੂਪ ਦੇਣ ਲਈ ਅੱਜ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ’ਤੇ ਇਕੱਠੇ ਹੋਏ। ਐੱਨਡੀਏ ਦੇ ਨੇੜਲੇ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਨਵੀਂ ਸੂਬਾ ਸਰਕਾਰ 2 ਦਸੰਬਰ ਨੂੰ ਹਲਫ ਲਵੇਗੀ ਅਤੇ ਫੜਨਵੀਸ ਦੀ ਮੁੱਖ ਮੰਤਰੀ ਵਜੋਂ ਵਾਪਸੀ ਹੋਣੀ ਲਗਪਗ ਤੈਅ ਮੰਨੀ ਜਾ ਰਹੀ ਹੈ। ਇਸ ਸਬੰਧੀ ਰਸਮੀ ਐਲਾਨ ਉਸ ਸਮੇਂ ਹੋਵੇਗਾ ਜਦੋਂ ਭਾਜਪਾ ਕੇਂਦਰੀ ਅਬਜ਼ਰਵਰਾਂ ਨੂੰ ਵਿਧਾਇਕ ਦਲ ਦੀ ਮੀਟਿੰਗ ਲਈ ਮੁੰਬਈ ਭੇਜੇਗੀ ਜਿੱਥੇ ਵਿਧਾਇਕ ਆਪਣਾ ਨੇਤਾ ਚੁਣਨਗੇ। ਐੱਨਡੀਏ ਦੇ ਸਾਰੇ ਤਿੰਨੇ ਸਹਿਯੋਗੀ ਐਨਸੀਪੀ ਦੇ ਅਜੀਤ ਪਵਾਰ, ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਅਤੇ ਭਾਜਪਾ ਦੇ ਫੜਨਵੀਸ ਫਿਰ ਸੂਬੇ ਦੇ ਰਾਜਪਾਲ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਹਮਾਇਤ ਪੱਤਰ ਲੈ ਕੇ ਜਾਣਗੇ ਅਤੇ ਦਾਅਵਾ ਪੇਸ਼ ਕਰਨਗੇ।
ਮਹਾਰਾਸ਼ਟਰ ਮੰਤਰੀ ਮੰਡਲ ਦੇ ਗਠਨ ਬਾਰੇ ਵਿਸਤਾਰਤ ਜਾਣਕਾਰੀ ਜਿਵੇਂ ਮੁੱਖ ਮੰਤਰੀ ਕੌਣ ਹੋਵੇਗਾ, ਕਿਹੜੀ ਪਾਰਟੀ ਨੂੰ ਕਿੰਨੇ ਮੰਤਰਾਲੇ ਮਿਲਣਗੇ, ਬਾਰੇ ਐੱਨਡੀਏ ਆਗੂਆਂ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ। ਦੇਰ ਰਾਤ ਸ਼ੁਰੂ ਹੋਈ ਮੀਟਿੰਗ ’ਚ ਅਜੀਤ ਪਵਾਰ, ਸ਼ਿੰਦੇ, ਫੜਨਵੀਸ ਤੇ ਭਾਜਪਾ ਮੁਖੀ ਜੇਡੀ ਨੱਢਾ ਸ਼ਾਮਲ ਸਨ। ਗੱਲਬਾਤ ਤੋਂ ਪਹਿਲਾਂ ਐੱਨਸੀਪੀ ਦੇ ਸੂਤਰਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਫੜਨਵੀਸ ਦਾ ਚੁਣਿਆ ਜਾਣਾ ਤਕਰੀਬਨ ਤੈਅ ਹੈ ਕਿਉਂਕਿ ਸੂਬੇ ’ਚ ਚੋਣਾਂ ’ਚ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ। -ਪੀਟੀਆਈ