ਮਹਾਰਾਸ਼ਟਰ ਚੋਣਾਂ: ਕਰੋੜਾਂ ਰੁਪਏ ਦੀ ਨਕਦੀ ਤੇ ਪਾਬੰਦੀਸ਼ੁਦਾ ਪਦਾਰਥ ਜ਼ਬਤ
ਠਾਣੇ, 17 ਨਵੰਬਰ
ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਅਧਿਕਾਰੀਆਂ ਨੇ ਠਾਣੇ ਜ਼ਿਲ੍ਹੇ ਦੇ 18 ਹਲਕਿਆਂ ’ਚੋਂ 27.68 ਕਰੋੜ ਰੁਪਏ ਮੁੱਲ ਦੀ ਨਕਦੀ, ਸ਼ਰਾਬ ਅਤੇ ਰੁਪਏ ਮੁੱਲ ਦੇ ਹੋਰ ਪਾਬੰਦੀਸ਼ੁਦਾ ਪਦਾਰਥ ਜ਼ਬਤ ਕੀਤੇ ਹਨ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਮੁਤਾਬਕ 15 ਅਕਤੂਬਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਅਧਿਕਾਰੀਆਂ ਵੱਲੋਂ 15.59 ਕਰੋੜ ਰੁਪਏ ਨਕਦ, 3.01 ਕਰੋੜ ਰੁਪਏ ਦੀ ਸ਼ਰਾਬ, 1.79 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 23.26 ਲੱਖ ਰੁਪਏ ਦੇ ਗਹਿਣੇ ਤੇ ਹੋਰ ਕੀਮਤੀ ਵਸਤਾਂ ਤੋਂ ਇਲਾਵਾ 7.05 ਕਰੋੜ ਰੁਪਏ ਮੁੱਲ ਦੀ ਹੋਰ ਸਮੱਗਰੀ ਜੋ ਲੋਕਾਂ ਨੂੰ ਮੁਫ਼ਤ ਵੰਡੀ ਜਾਣੀ ਸੀ, ਜ਼ਬਤ ਕੀਤੀ ਗਈ ਹੈ। ਬਿਆਨ ਮੁਤਾਬਕ ਸਟੈਟਿਕ ਸਰਵੀਲਾਂਸ ਟੀਮਾਂ (ਐੱਸਐੱਸਟੀ) ਅਤੇ ਉਡਣ ਦਸਤਿਆਂ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। -ਪੀਟੀਆਈ
ਨਾਗਪੁਰ ਵਿੱਚੋਂ 14.5 ਕਰੋੜ ਰੁਪਏ ਮੁੱਲ ਦਾ ਸੋਨਾ ਜ਼ਬਤ
ਨਾਗਪੁਰ: ਚੋਣ ਅਧਿਕਾਰੀਆਂ ਨੇ ਚੋਣ ਜ਼ਾਬਤੇ ਦੌਰਾਨ ਨਾਗਪੁਰ ਵਿੱਚੋਂ 14.5 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੋਨਾ (ਗਹਿਣੇ ਤੇ ਬਿਸਕੁਟ) ਗੁਜਰਾਤ ਅਧਾਰਿਤ ਕੰਪਨੀ ਸੀਕੁਐੱਲ ਲੌਜਿਸਟਿਕਸ ਵੱਲੋਂ ਲਿਆਂਦਾ ਜਾ ਰਿਹਾ ਸੀ, ਜਿਹੜਾ ਸ਼ਨਿਚਰਵਾਰ ਨੂੰ ਇੱਕ ਉਡਣ ਦਸਤੇ ਨੇ ਜ਼ਬਤ ਕਰ ਲਿਆ। ਅਧਿਕਾਰੀ ਮੁਤਾਬਕ ਇਹ ਖੇਪ ਉਡਾਣ ਰਾਹੀਂ ਵੀਰਵਾਰ ਨੂੰ ਨਾਗਪੁਰ ਪਹੁੰਚੀ ਸੀ ਅਤੇ ਅਮਰਾਵਤੀ ਭੇਜੀ ਜਾਣੀ ਸੀ। ਅੰਬਾਜ਼ਾਰੀ ਝੀਲ ਤੋਂ ਵਾਡੀ ਨੂੰ ਜਾ ਰਹੇ ਵਾਹਨ ਵਿਚੋਂ ਇਹ ਸੋਨਾ ਬਰਾਮਦ ਹੋਇਆ। -ਪੀਟੀਆਈ