Maharashtra CM: ਦੇਵੇਂਦਰ ਫੜਨਵੀਸ ਭਲਕੇ ਲੈਣਗੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਹਲਫ਼
ਮੁੰਬਈ, 4 ਦਸੰਬਰ
ਭਾਜਪਾ ਆਗੂ ਅਤੇ ਮਹਾਰਾਸ਼ਟਰ ਦੇ ਮੌਜੂਦਾ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਹ ਬੀਤੇ ਮਹੀਨੇ ਹੋਈਆਂ ਸੂਬੇ ਦੀਆਂ ਿਵਧਾਨ ਸਭਾ ਚੋਣਾਂ ਵਿਚ ਜੇਤੂ ਰਹੇ ਹਾਕਮ ‘ਮਾਹਯੁਤੀ’ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਵੀਰਵਾਰ ਨੂੰ ਇਥੇ ਅਹੁਦੇ ਦਾ ਹਲਫ਼ ਲੈਣਗੇ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ।
ਭਾਜਪਾ ਵਿਧਾਇਕ ਦਲ ਦੀ ਹੋਈ ਮੀਟਿੰਗ ਵਿਚ ਫੜਨਵੀਸ ਨੂੰ ਆਗੂ ਚੁਣ ਲਏ ਜਾਣ ਤੋਂ ਬਾਅਦ ਮਹਾਯੁਤੀ ਨੇ ਇਕ ਵਫ਼ਦ ਨੇ ਇਥੇ ਸਥਿਤ ਰਾਜ ਭਵਨ ਵਿਖੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕਾਰਜਕਾਰੀ ਮੁੱਖ ਮੰਤਰੀ ਤੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਅਤੇ ਐਨਸੀਪੀ ਪ੍ਰਧਾਨ ਅਜੀਤ ਪਵਾਰ ਨੇ ਫੜਨਵੀਸ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਹਮਾਇਤ ਵਿਚ ਆਪੋ-ਆਪਣੇ ਪੱਤਰ ਦਿੱਤੇ।
ਇਸ ਤੋਂ ਬਾਅਦ ਰਾਜਪਾਲ ਨੇ ਮਹਾਯੁਤੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਫੜਨਵੀਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਹੁੰ ਚੁੱਕ ਸਮਾਗਮ ਵੀਰਵਾਰ ਨੂੰ ਸ਼ਾਮ 5.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹੋਰ ਸਹਿਯੋਗੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਸਮਰਥਨ ਲਈ ਪੱਤਰ ਦਿੱਤੇ ਹਨ।
ਫੜਨਵੀਸ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਏਕਨਾਥ ਸ਼ਿੰਦੇ ਨੂੰ ਮਿਲੇ ਅਤੇ ਉਨ੍ਹਾਂ ਨੂੰ ਸਰਕਾਰ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, “ਮੈਨੂੰ ਯਕੀਨ ਹੈ ਕਿ ਉਹ (ਸ਼ਿੰਦੇ) ਮੇਰੀ ਬੇਨਤੀ ਨੂੰ ਸਵੀਕਾਰ ਕਰਨਗੇ। ਅਜਿਹੀ ਹੀ ਅਪੀਲ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਵੀ ਕੀਤੀ ਹੈ। ਢਾਈ ਸਾਲਾਂ ਦੌਰਾਨ ਅਸੀਂ ਏਕਨਾਥ ਸ਼ਿੰਦੇ, ਅਜੀਤ ਪਵਾਰ ਅਤੇ ਮੈਂ ਮਿਲ ਕੇ ਮਹਾਰਾਸ਼ਟਰ ਦੇ ਵਿਕਾਸ ਲਈ ਫੈਸਲੇ ਲਏ। ਅਸੀਂ ਦੇਰ ਸ਼ਾਮ ਤੱਕ ਫੈਸਲਾ ਕਰਾਂਗੇ ਕਿ ਭਲਕੇ ਕਿੰਨੇ ਮੰਤਰੀ ਸਹੁੰ ਚੁੱਕਣਗੇ।”
ਉਨ੍ਹਾਂ ਨਾਲ ਹੀ ਕਿਹਾ, “ਮੈਂ ਰਾਜ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ। ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੇ ਸਮਰਥਨ ਲਈ ਵੀ ਧੰਨਵਾਦ ਕਰਦਾ ਹਾਂ।”
ਅਜੀਤ ਪਵਾਰ ਨੇ ਸਪੱਸ਼ਟ ਕੀਤਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਨਹੀਂ ਗਏ ਸਨ। ਉਨ੍ਹਾਂ ਕਿਹਾ, ‘‘ਉਹ ਖ਼ਾਲਸ ਤੌਰ ’ਤੇ ਇਕ ਨਿਜੀ ਫੇਰੀ ਸੀ।’’ ਇਸ ਦੌਰਾਨ ਅਜੀਤ ਪਵਾਰ ਨੇ ਪੁਸ਼ਟੀ ਕੀਤੀ ਕਿ ਉਹ ਭਲਕੇ ਸਹੁੰ ਚੁੱਕਣਗੇ। ਉਨ੍ਹਾਂ ਕਿਹਾ, ‘‘ਅਸੀਂ ਮਹਾਰਾਸ਼ਟਰ ਦੇ ਵਿਕਾਸ ਲਈ ਮਿਲ ਕੇ ਕੰਮ ਕਰਾਂਗੇ। ਸਾਡੇ ਕੋਲ ਵੱਖ-ਵੱਖ ਵਰਗਾਂ ਦੀ ਮਦਦ ਕਰਨ ਦਾ ਤਜਰਬਾ ਹੈ। ਕੇਂਦਰ ਸਾਡੇ ਨਾਲ ਹੈ। ਭਾਰੀ ਬਹੁਮਤ ਹੈ। ਅਸੰਤੁਸ਼ਟਤਾ ਦੀ ਕਿਸੇ ਸੰਭਾਵਨਾ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।”
ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਰਾਜਪਾਲ ਨੇ ਸਰਕਾਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ, “ਮੈਂ ਭਲਕ ਦੇ ਸਹੁੰ ਚੁੱਕ ਸਮਾਗਮ ਲਈ ਸਾਰਿਆਂ ਨੂੰ ਸੱਦਾ ਦਿੰਦਾ ਹਾਂ। ਮੈਂ ਸਰਕਾਰ ਵਿੱਚ ਸ਼ਾਮਲ ਹੋਣ ਲਈ ਫੜਨਵੀਸ ਵੱਲੋਂ ਕੀਤੀਆਂ ਬੇਨਤੀਆਂ ਦਾ ਸਨਮਾਨ ਕਰਦਾ ਹਾਂ। ਪੰਜ ਸਾਲ ਪਹਿਲਾਂ ਦੇਵੇਂਦਰ ਫੜਨਵੀਸ ਨੇ ਮੈਨੂੰ ਮੁੱਖ ਮੰਤਰੀ ਬਣਾਉਣ ਲਈ ਰਾਜਪਾਲ ਨੂੰ ਸਿਫ਼ਾਰਸ਼ ਕੀਤੀ ਸੀ। ਅੱਜ ਮੈਂ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਨੂੰ ਸ਼ਿਵ ਸੈਨਾ ਦਾ ਸਮਰਥਨ ਦਿੱਤਾ ਹੈ। ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਸਰਕਾਰ ਦੇ ਗਠਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਏ ਗਏ ਫੈਸਲੇ ਦੀ ਪਾਲਣਾ ਕਰਾਂਗਾ।”
ਇਸ ਤੋਂ ਪਹਿਲਾਂ ਇਥੇ ਭਾਜਪਾ ਦੇ ਵਿਧਾਇਕ ਦਲ ਦੀ ਹੋਈ ਮੀਟਿੰਗ ਦੌਰਾਨ ਫੜਨਵੀਸ ਨੂੰ ਸਰਬਸੰਮਤੀ ਨਾਲ ਮਹਾਰਾਸ਼ਟਰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ। ਪਾਰਟੀ ਆਗੂਆਂ ਚੰਦਰਕਾਂਤ ਪਾਟਿਲ ਅਤੇ ਸੁਧੀਰ ਮੁਨਗੰਟੀਵਾਰ ਨੇ ਰਸਮੀ ਤੌਰ ’ਤੇ ਫੜਨਵੀਸ ਨੂੰ ਪਾਰਟੀ ਦਾ ਵਿਧਾਇਕ ਨੇਤਾ ਨਾਮਜ਼ਦ ਕੀਤਾ।
ਭਾਜਪਾ ਦੇ ਸੂਬਾਈ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਦੇਵੇਂਦਰ ਫੜਨਵੀਸ ਦੀ ਅਗਵਾਈ 'ਚ ਇਤਿਹਾਸਕ ਚੋਣ ਲੜੀ ਅਤੇ ਮਹਾਯੁਤੀ ਗਠਜੋੜ ਲਈ ਇਤਿਹਾਸਕ ਫਤਵਾ ਜਿੱਤਿਆ। ਉਨ੍ਹਾਂ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਮਦਦ ਨਾਲ ਮਹਾਰਾਸ਼ਟਰ ਨੂੰ ਪਹਿਲੇ ਨੰਬਰ ’ਤੇ ਲੈ ਜਾਣ ਲਈ ਵਚਨਬੱਧ ਹਾਂ। ਸਾਨੂੰ ਮਹਾਰਾਸ਼ਟਰ ਦੇ ਕਰੋੜਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਅਸੀਂ 149 ਸੀਟਾਂ 'ਤੇ ਚੋਣ ਲੜੀ ਅਤੇ 132 'ਤੇ ਜਿੱਤ ਦਰਜ ਕੀਤੀ, ਜੋ ਇਤਿਹਾਸ 'ਚ ਸਭ ਤੋਂ ਵੱਧ ਹੈ।’’ ਮੀਟਿੰਗ ਵਿੱਚ ਸੂਬੇ ਲਈ ਭਾਜਪਾ ਦੇ ਕੇਂਦਰੀ ਅਬਜ਼ਰਵਰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਮੌਜੂਦ ਸਨ। -ਆਈਏਐਨਐਸ/ਏਐਨਆਈ