ਮਹਾਰਾਸ਼ਟਰ ਅਸੈਂਬਲੀ ਚੋਣਾਂ ਨਵੰਬਰ ਵਿੱਚ ਹੋਣ ਦੀ ਸੰਭਾਵਨਾ: ਸ਼ਿੰਦੇ
ਮੁੰਬਈ, 15 ਸਤੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਕਿਹਾ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ਨਵੰਬਰ ਦੇ ਦੂਜੇ ਹਫ਼ਤੇ ਹੋ ਸਕਦੀਆਂ ਹਨ ਅਤੇ ਸੱਤਾਧਾਰੀ ਸਹਿਯੋਗੀ ਦਲਾਂ ਵਿਚਾਲੇ ਸੀਟ ਵੰਡ ਫਾਰਮੂਲੇ ਨੂੰ ਅਗਲੇ ਅੱਠ ਦਸ ਦਿਨਾਂ ਅੰਦਰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਸ਼ਿੰਦੇ ਨੇ ਮੁੰਬਈ ’ਚ ਆਪਣੀ ਅਧਿਕਾਰਤ ਰਿਹਾਇਸ਼ ‘ਵਰਸ਼ਾ’ ’ਤੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਆਖਿਆ ਕਿ 288 ਮੈਂਬਰੀ ਸੂਬਾਈ ਵਿਧਾਨ ਸਭਾ ਲਈ ਚੋਣਾਂ ਦੋ ਪੜਾਆਂ ਵਿੱੱਚ ਸਹੀ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਮਹਾਯੁਤੀ ਸਰਕਾਰ ਜਿਸ ਵਿੱਚ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਭਾਜਪਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਸ਼ਾਮਲ ਹਨ, ਵੱਲੋਂ ਵਿਕਾਸ ਤੇ ਭਲਾਈ ਕਦਮਾਂ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਨੂੰ ਲੋਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਮੁੱਖ ਮੰਤਰੀ ਨੇ ਕਿਹਾ, ‘‘ਚੋਣਾਂ ਨਵੰਬਰ ਦੇ ਦੂਜੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਦੋ ਪੜਾਵੀ ਚੋਣਾਂ ਢੁੱਕਵੀਆਂ ਰਹਿਣਗੀਆਂ। ਮਹਾਯੁਤੀ ਸਹਿਯੋਗੀਆਂ ਵਿਚਾਲੇ ਸੀਟਾਂ ਦੀ ਵੰਡ ਲਈ ਯੋਗਤਾ ਅਤੇ ਜਿੱਤਣ ਦੀ ਸਮਰੱਥਾ ਮੁੱਖ ਪੈਮਾਨਾ ਹੋਣਗੇ।’’ ਸ਼ਿੰਦੇ ਨੇ ਇਹ ਵੀ ਆਖਿਆ ਕਿ ਮੁੰਬਈ ਨੂੰ ਝੁੱਗੀ-ਝੌਂਪੜੀ ਮੁਕਤ ਬਣਾਉਣਾ ਅਤੇ ਸਭ ਲਈ ਘਰ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ ਜਿਸ ਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। -ਪੀਟੀਆਈ