Maharashtra Assembly election: ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ, ਸਵੇਰ 9 ਵਜੇ ਤੱਕ 6.61 ਫੀਸਦੀ ਵੋਟਿੰਗ
ਮੁੰਬਈ, 20 ਨਵੰਬਰ
Maharashtra Assembly election: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਕਿ ਸ਼ਾਮ 6 ਵਜੇ ਜਾਰੀ ਰਹੇਗੀ। ਚੋਣ ਅਧਿਕਾਰੀਆਂ ਅਨੁਸਾਰ ਮਹਾਰਾਸ਼ਟਰ ਵਿੱਚ ਬੁੱਧਵਾਰ ਸਵੇਰੇ 9 ਵਜੇ ਤੱਕ 6.61 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪੋਲਿੰਗ ਦੇ ਪਹਿਲੇ ਦੋ ਘੰਟਿਆਂ ਵਿੱਚ 12.33 ਫੀਸਦੀ ਮਤਦਾਨ ਹੋਇਆ।
ਜ਼ਿਲ੍ਹੇ ਦੇ ਅਰਮੋਰੀ ਵਿਧਾਨ ਸਭਾ ਹਲਕੇ ਵਿੱਚ 13.53 ਫੀਸਦੀ ਪੋਲਿੰਗ ਹੋਈ। ਮੁੰਬਈ ਉਪਨਗਰ ’ਚ 7.88 ਫੀਸਦੀ ਮਤਦਾਨ ਦਰਜ ਕੀਤਾ ਗਿਆ। ਭਾਂਡੁਪ ਅਤੇ ਮੁਲੁੰਡ ਉਪਨਗਰਾਂ 'ਚ 10.59 ਫੀਸਦੀ ਅਤੇ 10.71 ਫੀਸਦੀ ਮਤਦਾਨ ਹੋਇਆ। ਮੁੰਬਈ ਸ਼ਹਿਰ ਵਿਚ 6.25 ਫੀਸਦੀ ਪੋਲਿੰਗ ਦਰਜ ਕੀਤੀ ਗਈ। ਚੋਣ ਅਧਿਕਾਰੀਆਂ ਮੁਤਾਬਕ ਕੋਲਾਬਾ 'ਚ 5.35 ਫੀਸਦੀ, ਵਰਲੀ 'ਚ 3.78 ਫੀਸਦੀ ਪੋਲਿੰਗ ਦਰਜ ਕੀਤੀ ਗਈ।
ਇੱਥੇ 288 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਪੋਸਟ ਕਰਦਿਆਂ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ ਕਿ ਮੈਂ ਸਾਰੇ ਯੋਗ ਵੋਟਰਾਂ ਨੂੰ ਵੋਟਿੰਗ ਵਿਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ। ਪੂਰੇ ਉਤਸ਼ਾਹ ਅਤੇ ਲੋਕਤੰਤਰ ਦੇ ਇਸ ਤਿਉਹਾਰ ਦੀ ਸ਼ਾਨ ਨੂੰ ਵਧਾਓ।
ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੁੰਬਈ ਪੁਲੀਸ ਨੇ ਦੰਗਾ ਨਿਯੰਤਰਣ ਟੀਮਾਂ ਅਤੇ ਹੋਮ ਗਾਰਡਾਂ ਸਮੇਤ 25,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਹਨ। ਬ੍ਰਿਹਨਮੁੰਬਈ ਪੁਲਿਸ ਕਮਿਸ਼ਨਰੇਟ ਦੇ ਅਨੁਸਾਰ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 2,000 ਤੋਂ ਵੱਧ ਪੁਲੀਸ ਅਧਿਕਾਰੀ ਅਤੇ 25,000 ਤੋਂ ਵੱਧ ਪੁਲੀਸ ਕਰਮਚਾਰੀ ਡਿਊਟੀ 'ਤੇ ਹਨ। ਕੁੱਲ 4,136 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 2,086 ਆਜ਼ਾਦ ਵੀ ਸ਼ਾਮਲ ਹਨ।
ਇੱਥੇ ਭਾਜਪਾ 149, ਸ਼ਿਵ ਸੈਨਾ 81 ਅਤੇ ਐਨਸੀਪੀ 59 ਸੀਟਾਂ 'ਤੇ ਚੋਣ ਲੜ ਰਹੀ ਹੈ। ਕਾਂਗਰਸ ਨੇ 101, ਸ਼ਿਵ ਸੈਨਾ (ਯੂਬੀਟੀ) ਨੇ 95 ਅਤੇ ਐਨਸੀਪੀ (ਸ਼ਰਦ ਪਵਾਰ ਧੜੇ) ਨੇ 86 ਉਮੀਦਵਾਰ ਖੜ੍ਹੇ ਕੀਤੇ ਹਨ। ਬਸਪਾ 237 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦਕਿ ਹੋਰ ਛੋਟੀਆਂ ਪਾਰਟੀਆਂ ਵੀ ਚੋਣ ਮੈਦਾਨ ਵਿਚ ਹਨ। ਸੂਬੇ ਵਿੱਚ ਲਗਭਗ 9.7 ਕਰੋੜ ਰਜਿਸਟਰਡ ਵੋਟਰ ਹਨ।- ਏਐੱਨਆਈ/ਪੀਟੀਆਈ