ਮਹਾਰਾਸ਼ਟਰ: ਨਾਂਦੇੜ ਦੇ ਸਰਕਾਰੀ ਹਸਪਤਾਲ ’ਚ 2 ਦਿਨਾਂ ਦੌਰਾਨ 31 ਮਰੀਜ਼ਾਂ ਦੀ ਮੌਤ
ਔਰੰਗਾਬਾਦ, 3 ਅਕਤੂਬਰ
ਮਹਾਰਾਸ਼ਟਰ ਦੇ ਨਾਂਦੇੜ ਸਥਿਤ ਸਰਕਾਰੀ ਹਸਪਤਾਲ ਵਿੱਚ 24 ਘੰਟਿਆਂ ਵਿੱਚ 24 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਇੱਕ ਦਨਿ ਬਾਅਦ ਅਧਿਕਾਰੀਆਂ ਨੇ ਅੱਜ ਪੁਸ਼ਟੀ ਕੀਤੀ ਕਿ ਇਸੇ ਹਸਪਤਾਲ ਵਿੱਚ 1 ਤੋਂ 2 ਅਕਤੂਬਰ ਦਰਮਿਆਨ ਸੱਤ ਹੋਰ ਮੌਤਾਂ ਹੋਈਆਂ ਹਨ। ਇੱਥੋਂ ਕਰੀਬ 280 ਕਿਲੋਮੀਟਰ ਦੂਰ ਸਥਿਤ ਨਾਂਦੇੜ ਦੇ ਜ਼ਿਲ੍ਹਾ ਸੂਚਨਾ ਦਫ਼ਤਰ (ਡੀਆਈਓ) ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ, ਜਿਸ ਨਾਲ ਹਸਪਤਾਲ ਵਿੱਚ 48 ਘੰਟਿਆਂ ਵਿੱਚ ਮ੍ਰਿਤਕ ਮਰੀਜ਼ਾਂ ਦੀ ਕੁੱਲ ਗਿਣਤੀ 31 ਹੋ ਗਈ ਹੈ। ਇਸ ਤੋਂ ਪਹਿਲਾਂ ਨਾਂਦੇੜ ਦੇ ਡਾ. ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 30 ਸਤੰਬਰ ਤੋਂ 1 ਅਕਤੂਬਰ ਦਰਮਿਆਨ 24 ਘੰਟਿਆਂ ਵਿੱਚ ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ 24 ਮ੍ਰਿਤਕਾਂ ਵਿੱਚੋਂ 12 ਬੱਚੇ ਸਨ। ਸੋਸ਼ਲ ਮੀਡੀਆ ਪੋਸਟ ਵਿੱਚ ਨਾਂਦੇੜ ਡੀਆਈਓ ਨੇ ਕਿਹਾ, ‘ਡਾ. ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਰੀਜ਼ਾਂ ਦੀ ਮੌਤ ਨਾਲ ਸਬੰਧਤ ਤੱਥ ਇਸ ਤਰ੍ਹਾਂ ਹਨ। 30 ਸਤੰਬਰ ਤੋਂ 1 ਅਕਤੂਬਰ ਦੇ ਵਿਚਕਾਰ 24 ਮੌਤਾਂ ਤੇ 1 ਤੋਂ 2 ਅਕਤੂਬਰ ਦੇ ਵਿਚਕਾਰ ਸੱਤ ਮੌਤਾਂ।’ 12 ਤੋਂ 13 ਅਗਸਤ ਦੇ ਵਿਚਕਾਰ 24 ਘੰਟਿਆਂ ਦੀ ਮਿਆਦ ਵਿੱਚ ਰਾਜ ਦੇ ਠਾਣੇ ਜ਼ਿਲ੍ਹੇ ਦੇ ਕਾਲਵਾ ਦੇ ਛਤਰਪਤੀ ਸ਼ਵਿਾਜੀ ਮਹਾਰਾਜ ਹਸਪਤਾਲ ਵਿੱਚ ਕੁੱਲ 18 ਮਰੀਜ਼ਾਂ ਦੀ ਮੌਤ ਹੋ ਗਈ ਸੀ, ਜਿਸ ਨਾਲ ਵਿਰੋਧੀ ਧਿਰ ਏਕਨਾਥ ਸ਼ਿੰਦੇ ਸਰਕਾਰ 'ਤੇ ਸਵਾਲ ਚੁੱਕ ਰਹੀ ਸੀ।