For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਬੱਸ ਨੂੰ ਅੱਗ ਲੱਗਣ ਕਾਰਨ 25 ਮੁਸਾਫਰਾਂ ਦੀ ਮੌਤ

10:35 AM Jul 02, 2023 IST
ਮਹਾਰਾਸ਼ਟਰ  ਬੱਸ ਨੂੰ ਅੱਗ ਲੱਗਣ ਕਾਰਨ 25 ਮੁਸਾਫਰਾਂ ਦੀ ਮੌਤ
ਸਡ਼ਕ ਹਾਦਸੇ ’ਚ ਜ਼ਖ਼ਮੀ ਹੋਏ ਵਿਅਕਤੀ ਦਾ ਹਾਲ-ਚਾਲ ਪੁੱਛਦੇ ਹੋਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉੱਪ ਮੁੱਖ ਮੰਤਰੀ ਦੇਵੇਂਦਰ ਫਡ਼ਨਵੀਸ। -ਫੋਟੋ: ਪੀਟੀਆਈ
Advertisement

ਨਾਗਪੁਰ, 1 ਜੁਲਾਈ
ਮਹਾਰਾਸ਼ਟਰ ਦੇ ਬੁਲਧਾਨਾ ਜ਼ਿਲ੍ਹੇ ’ਚ ਸਮ੍ਰਿੱਧੀ ਐਕਸਪ੍ਰੈੱਸ-ਵੇਅ ’ਤੇ ਇੱਕ ਬੱਸ ਨੂੰ ਅੱਗ ਲੱਗਣ ਕਾਰਨ ਇਸ ’ਚ ਸਵਾਰ 25 ਵਿਅਕਤੀਆਂ ਦੀ ਸਡ਼ਨ ਕਾਰਨ ਮੌਤ ਹੋ ਗਈ ਜਦਕਿ ਅੱਜ ਹੋਰ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲੀਸ ਨੇ ਇਸ ਹਾਦਸੇ ’ਚ ਸਬੰਧ ਵਿੱਚ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਨੇ ਦੱਸਿਆ ਕਿ ਇੱਕ ਨਿੱਜੀ ਟਰੈਵਲ ਕੰਪਨੀ ਦੀ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ। ਰਸਤੇ ਵਿੱਚ ਬੁਲਧਾਨਾ ਜ਼ਿਲ੍ਹੇ ਦੇ ਸਿੰਦਖੇਡ਼ਰਾਜਾ ਨੇਡ਼ੇ ਲੰਘੀ ਦੇਰ ਰਾਤ ਕਰੀਬ ਡੇਢ ਵਜੇ ਬੱਸ ਡਿਵਾਈਡਰ ਨਾਲ ਟਕਰਾ ਗਈ ਤੇ ਇਸ ਨੂੰ ਅੱਗ ਲੱਗ ਗਈ। ਪੁਲੀਸ ਨੇ ਦੱਸਿਆ ਕਿ ਡਰਾਈਵਰ ਤੇ ਕਲੀਨਰ ਸਮੇਤ ਅੱਠ ਵਿਅਕਤੀ ਬੱਸ ਦੀਆਂ ਖਿਡ਼ਕੀਆਂ ਤੋਡ਼ ਕੇ ਬਾਹਰ ਆਉਣ ’ਚ ਸਫਲ ਰਹੇ। ਉਨ੍ਹਾਂ ਕਿਹਾ ਕਿ ਡਰਾਈਵਰ ਤੋਂ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉੱਪ ਮੁੱਖ ਮੰਤਰੀ ਦੇਵੇਂਦਰ ਫਡ਼ਨਵੀਸ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਪਛਾਣ ਨਾ ਹੋਣ ਦੀ ਸਥਿਤੀ ਲਾਸ਼ਾਂ ਦਾ ਡੀਐੱਨਏ ਟੈਸਟ ਕਰਵਾਇਆ ਜਾਵੇਗਾ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ੳੂਧਵ ਠਾਕਰੇ ਤੇ ਹੋਰ ਆਗੂਆਂ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਠਾਕਰੇ ਨੇ ਸਰਕਾਰ ’ਤੇ ਦੋਸ਼ ਲਾਇਆ ਉਸ ਨੇ ਸਮ੍ਰਿਧੀ ਅੈਕਸਪ੍ਰੈੱਸਵੇਅ ’ਤੇ ਹਾਦਸੇ ਰੋਕਣ ਲਈ ਕੁਝ ਨਹੀਂ ਕੀਤਾ। ਪੁਲੀਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਬੱਸ ਡਰਾਈਵਰ ਦੇ ਨਸ਼ੇ ’ਚ ਹੋਣ ਕਾਰਨ ਵਾਪਰਿਆ ਹੈ। -ਪੀਟੀਆੲੀ

Advertisement

ਮੁੱਖ ਮੰਤਰੀ ਵੱਲੋਂ ਮੁਆਵਜ਼ੇ ਦਾ ਅੈਲਾਨ
ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੰਦਿਆਂ ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪੀਡ਼ਤ ਪਰਿਵਾਰ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਬੱਸ ਹਾਦਸੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਨਾਲ ਹੀ ਭਰੋਸਾ ਦਿੱਤਾ ਕਿ ਨਾਗਪੁਰ-ਮੁੰਬਈ ਸਮ੍ਰਿੱਧੀ ਐਕਸਪ੍ਰੈਸਵੇਅ ’ਤੇ ਹਾਦਸੇ ਰੋਕਣ ਲਈ ਢੁੱਕਵੇਂ ਉਪਾਅ ਕੀਤੇ ਜਾਣਗੇ।

Advertisement

ਭਾਜਪਾ ਵੱਲੋਂ ‘ਆਕਰੋਸ਼ ਅੰਦੋਲਨ’ ਮੁਲਤਵੀ
ਮੁੰਬੲੀ: ਭਾਜਪਾ ਨੇ ਬ੍ਰਿਹਨ ਮੁੰਬਈ ਮਹਾਨਗਰ ਪਾਲਿਕਾ ’ਚ ਕਥਿਤ ਭ੍ਰਿਸ਼ਟਾਚਾਰ ਦੇ ਵਿਰੋਧ ’ਚ ਆਪਣਾ ‘ਆਕਰੋਸ਼ ਅੰਦੋਲਨ’ ਅੱਜ ਮੁਲਤਵੀ ਕਰ ਦਿੱਤਾ ਹੈ। ਪਾਰਟੀ ਨੇ ਇਹ ਫ਼ੈਸਲਾ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ’ਚ ਵਾਪਰੇ ਬੱਸ ਹਾਦਸੇ ਦੇ ਮੱਦੇਨਜ਼ਰ ਲਿਆ ਹੈ। ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਧਾਨ ਆਸ਼ੀਸ਼ ਸ਼ੇਲਾਰ ਨੇ ਕਿਹਾ ਕਿ ਉਨ੍ਹਾਂ ਭਾਜਪਾ-ਸ਼ਿਵ ਸੈਨਾ-ਆਰਪੀਆਈ ਦਾ ਅੰਦੋਲਨ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ

ਪਵਾਰ ਨੇ ਫਡ਼ਨਵੀਸ ’ਤੇ ਕਸਿਆ ਵਿਅੰਗ
ਪੁਣੇ: ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਸਮ੍ਰਿੱਧੀ ਐਕਸਪ੍ਰੈੱਸਵੇਅ ’ਤੇ ਵਾਪਰੇ ਸਡ਼ਕ ਹਾਦਸੇ ਦੇ ਸਬੰਧ ਵਿੱਚ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫਡ਼ਨਵੀਸ ’ਤੇ ਵਿਅੰਗ ਕਸਦਿਆਂ ਕਿਹਾ ਕਿ ਇਹ (ਮਾਰੇ ਗਏ 25 ਵਿਅਕਤੀ) ਸਾਰੇ ਵੀ ਹੁਣ ‘ਦੇਵੇਂਦਰਵਾਸੀ’ ਹੋ ਗਏ ਹਨ। ਜ਼ਿਕਰਯੋਗ ਹੈ ਕਿ 701 ਕਿਲੋਮੀਟਰ ਲੰਮੇ ਨਾਗਪੁਰ-ਮੁੰਬਈ ਸਮ੍ਰਿੱਧੀ ਮਹਾਮਾਰਗ ’ਚੋਂ 601 ਕਿਲੋਮੀਟਰ ਲੰਮਾ ਹਿੱਸਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਮਾਰਗ ਨੂੰ ‘ਫਡ਼ਨਵੀਸ ਦੀ ਸੋਚ’ ਕਿਹਾ ਜਾਂਦਾ ਹੈ। ਪਿਛਲੇ ਸਾਲ 12 ਦਸੰਬਰ ਨੂੰ ਇਹ ਮਾਰਗ ਸ਼ੁਰੂ ਹੋਣ ਮਗਰੋਂ ਹੁਣ ਤੱਕ ਇੱਥੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਰਦ ਪਵਾਰ ਨੇ ਕਿਹਾ, ‘ਸਮ੍ਰਿੱਧੀ ਐਕਸਪ੍ਰੈੱਸਵੇਅ ’ਤੇ ਕਈ ਹਾਦਸੇ ਵਾਪਰ ਚੁੱਕੇ ਹਨ। ਇੱਕ ਵਾਰ ਮੈਂ ਇਸ ਮਾਰਗ ’ਤੇ ਸਫ਼ਰ ਕਰ ਰਿਹਾ ਸੀ। ਮੈਂ ਲੋਕਾਂ ਤੋਂ ਜਦੋਂ ਉਨ੍ਹਾਂ ਦੇ ਤਜਰਬੇ ਪੁੱਛੇ ਤਾਂ ਉਨ੍ਹਾਂ ਮੈਨੂੰ ਦੱਸਿਆ ਕਿ ਸਮ੍ਰਿੱਧੀ ਐਕਸਪ੍ਰੈੱਸਵੇਅ ’ਤੇ ਮਰਨ ਵਾਲਾ ਵਿਅਕਤੀ ‘ਦੇਵੇਂਦਰਵਾਸੀ’ ਹੋ ਜਾਂਦਾ ਹੈ।’ -ਪੀਟੀਆਈ

Advertisement
Tags :
Author Image

Advertisement