For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਰਾਏਗੜ੍ਹ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ 16 ਮੌਤਾਂ

07:49 AM Jul 21, 2023 IST
ਮਹਾਰਾਸ਼ਟਰ  ਰਾਏਗੜ੍ਹ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ 16 ਮੌਤਾਂ
ਰਾਏਗੜ੍ਹ ਦੇ ਇਰਸ਼ਲਾਵਾੜੀ ਵਿੱਚ ਢਿੱਗਾਂ ਡਿੱਗਣ ਕਾਰਨ ਫੌਤ ਹੋਏ ਵਿਅਕਤੀ ਦੀ ਲਾਸ਼ ਲਿਜਾਂਦੇ ਹੋਏ ਰਾਹਤ ਕਰਮੀ। -ਫੋਟੋ: ਪੀਟੀਆਈ
Advertisement

ਮੁੰਬਈ, 20 ਜੁਲਾਈ
ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਪਿੰਡ ਇਰਸ਼ਲਾਵਾੜੀ ’ਚ ਮੋਹਲੇਧਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ 16 ਵਿਅਕਤੀ ਮਾਰੇ ਗਏ। ਇਕ ਅਧਿਕਾਰੀ ਨੇ ਕਿਹਾ ਕਿ ਪਿੰਡ ’ਚ 50 ਘਰ ਸਨ ਜਨਿ੍ਹਾਂ ’ਚੋਂ 17 ਮਲਬੇ ਹੇਠਾਂ ਦੱਬ ਗਏ ਹਨ। ਉਧਰ ਰਾਏਗੜ੍ਹ ’ਚ ਮੋਹਲੇਧਾਰ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪ੍ਰਸ਼ਾਸਨ ਨੇ 2200 ਤੋਂ ਜ਼ਿਆਦਾ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦੱਸਿਆ ਕਿ ਢਿੱਗਾਂ ਬੁੱਧਵਾਰ ਰਾਤ 11 ਵਜੇ ਦੇ ਕਰੀਬ ਡਿੱਗੀਆਂ। ਮੁੱਖ ਮੰਤਰੀ ਨੇ ਅੱਜ ਸਵੇਰੇ ਪਿੰਡ ’ਚ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਿੰਡ ’ਚ 103 ਲੋਕਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਨਿ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ਿੰਦੇ ਨੇ ਕਿਹਾ ਕਿ ਇਹ ਪਿੰਡ ਕਿਸੇ ਖ਼ਤਰੇ ਵਾਲੀ ਸੂਚੀ ’ਚ ਸ਼ਾਮਲ ਨਹੀਂ ਸੀ। ਲਗਾਤਾਰ ਮੋਹਲੇਧਾਰ ਮੀਂਹ ਪੈਣ ਮਗਰੋਂ ਢਿੱਗਾਂ ਡਿੱਗਣ ਕਾਰਨ 15 ਤੋਂ 20 ਫੁੱਟ ਮਲਬਾ ਜਮ੍ਹਾਂ ਹੋ ਗਿਆ ਹੈ। ਬਚਾਅ ਕਾਰਜਾਂ ਲਈ ਦੋ ਹੈਲੀਕਾਪਟਰਾਂ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ ਪਰ ਮੌਸਮ ਖ਼ਰਾਬ ਹੋਣ ਕਾਰਨ ਉਹ ਉਡਾਣ ਨਹੀਂ ਭਰ ਸਕੇ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਕ ਬਿਆਨ ’ਚ ਕਿਹਾ ਕਿ ਉਥੇ 48 ਪਰਿਵਾਰ ਰਹਿ ਰਹੇ ਸਨ।
ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਵਿਅਕਤੀਆਂ ਦੇ ਇਲਾਜ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਅਦਾ ਕਰੇਗੀ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਐੱਨਡੀਆਰਐੱਫ ਦੀਆਂ ਚਾਰ ਟੀਮਾਂ ਵੀ ਸਥਾਨਕ ਅਧਿਕਾਰੀਆਂ ਨਾਲ ਬਚਾਅ ਕਾਰਜਾਂ ’ਚ ਜੁਟੀਆਂ ਹੋਈਆਂ ਹਨ। ਜ਼ਿਲ੍ਹੇ ’ਚ ਹੁਣ ਤੱਕ 125 ਘਰਾਂ ਨੂੰ ਨੁਕਸਾਨ ਪੁੱਜਿਆ ਹੈ।
ਮੋਹਲੇਧਾਰ ਮੀਂਹ ਕਾਰਨ ਰਾਏਗੜ੍ਹ ਵਿੱਚ 28 ’ਚੋਂ 17 ਡੈਮਾਂ ਅੰਦਰ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਜ਼ਿਲ੍ਹੇ ’ਚ ਕਈ ਥਾਵਾਂ ’ਤੇ ਬੀਤੇ 24 ਘੰਟਿਆਂ ਦੇ ਅੰਦਰ 200 ਐੱਮਐੱਮ ਤੋਂ ਜ਼ਿਆਦਾ ਮੀਂਹ ਪਿਆ ਹੈ। -ਪੀਟੀਆਈ

Advertisement

ਹਿਮਾਚਲ ਪ੍ਰਦੇਸ਼: ਹੜ੍ਹਾਂ ਕਾਰਨ ਸ਼ਿਮਲਾ-ਕਿੰਨੌਰ ਕੌਮੀ ਮਾਰਗ ਬੰਦ

ਸ਼ਿਮਲਾ/ਰਾਮਪੁਰ: ਹਿਮਾਚਲ ਪ੍ਰਦੇਸ਼ ਦੀ ਸਾਂਗਲਾ ਘਾਟੀ ਦੀ ਕਾਮਰੂ ਪੰਚਾਇਤ ’ਚ ਅੱਜ ਅਚਾਨਕ ਆਏ ਹੜ੍ਹ ਕਾਰਨ ਕਈ ਘਰ ਨੁਕਸਾਨੇ ਗਏ ਤੇ ਵਾਹੀਯੋਗ ਜ਼ਮੀਨ ਦਾ ਨੁਕਸਾਨ ਹੋ ਗਿਆ ਜਦਕਿ ਰਾਮਪੁਰ ਤੇ ਝਾਕੜੀ ਵਿਚਾਲੇ ਬੌਰੋਨੀ ਨਾਲੇ ’ਚ ਪਾਣੀ ਦਾ ਪੱਧਰ ਵਧਣ ਕਾਰਨ ਸ਼ਿਮਲਾ-ਕਿੰਨੌਰ ਕੌਮੀ ਮਾਰਗ ਬੰਦ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਐਮਰਜੈਂਸੀ ਸੇਵਾਵਾਂ ਕੇਂਦਰ ਅਨੁਸਾਰ ਪਹਾੜੀ ਸੂਬੇ ’ਚ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਜੁੜੀਆਂ ਘਟਨਾਵਾਂ ਜਿਵੇਂ ਢਿੱਗਾਂ ਖਿਸਕਣ, ਹੜ੍ਹ ਆਉਣ ਤੇ ਸੜਕ ਹਾਦਸਿਆਂ ’ਚ 130 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਸੂਬੇ ਨੂੰ 4,809 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ਼ਿਮਲਾ ਦੇ ਡੀਸੀ ਆਦਿੱਤਿਆ ਨੇਗੀ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਬੌਰੋਨੀ ਨਾਲੇ ’ਚ ਪਾਣੀ ਦਾ ਪੱਧਰ ਵਧ ਗਿਆ ਤੇ ਰਾਮਪੁਰ-ਝਾਕੜੀ ਵਿਚਾਲੇ ਸ਼ਿਮਲਾ-ਕਿੰਨੌਰ ਕੌਮੀ ਮਾਰਗ-5 ਆਵਾਜਾਈ ਲਈ ਬੰਦ ਹੋ ਗਿਆ ਹੈ। ਇਸੇ ਦੌਰਾਨ ਕਿੰਨੌਰ ਜ਼ਿਲ੍ਹੇ ਦੇ ਕਲਪਾ ਤੋਂ 1 ਅਗਸਤ ਨੂੰ ਸ਼ੁਰੂ ਹੋਣ ਵਾਲੀ ਕਿੰਨਰ ਕੈਲਾਸ਼ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement