ਨਾਨਕੇ ਪਿੰਡ ਮਨਾਇਆ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਨਵੰਬਰ
ਸਿੱਖ ਕੌਮ ਦੇ ਮਹਾਨ ਯੋਧੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਤੇ ਨਾਨਕਾ ਪਿੰਡ ਬਡਰੁੱਖਾਂ ਵਿੱਚ ਮਨਾਇਆ ਗਿਆ। ਗੁਰਦੁਆਰਾ ਜਨਮ ਸਥਾਨ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਪਿੰਡ ਬਡਰੁੱਖਾਂ ਦੇ ਮੁੱਖ ਸੇਵਾਦਾਰ ਬਾਬਾ ਬਾਬੂ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੀ ਨਿਗਰਾਨੀ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ ਅਤੇ ਕਵਿਸ਼ਰਾਂ ਵਲੋਂ ਢਾਡੀ ਵਾਰਾਂ ਨਾਲ ਸ਼ੇਰ-ਏ-ਪੰਜਾਬ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਆਗੂ ਅਮਨਬੀਰ ਸਿੰਘ ਚੈਰੀ, ਸੁਨਾਮ ਹਲਕੇ ਦੇ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ, ਮਾਨਵਤਾ ਦੀ ਸੇਵਾ ਨੂੰ ਸਮਰਪਿਤ ਭਾਈ ਪਾਲ ਸਿੰਘ ਖਰੌਡ ਲਚਕਾਣੀ ਅਤੇ ਗੁਰਪ੍ਰੀਤ ਮਿੰਟੂ, ਭਾਨਾ ਸਿੱਧੂ ਆਦਿ ਅਨੇਕਾਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਪਿੰਡ ਦੇ ਵਸਨੀਕ ਮਾਸਟਰ ਮਹਿੰਦਰ ਸਿੰਘ ਗੋਸਲ ਵਲੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਪਿੰਡ ਬਡਰੁੱਖਾਂ ਵਿਚ ਹੋਣ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਜੀਵਨ ਬਾਰੇ ਮਹੱਤਵਪੂਰਨ ਵਿਚਾਰ ਰੱਖੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਯੋਧਾ ਸੀ ਜਿਸਦੇ ਰਾਜ ਨੂੰ ਸੰਸਾਰ ਭਰ ਵਿਚ ਸਭ ਤੋਂ ਵਧੀਆ ਸ਼ਾਸ਼ਨ ਮੰਨਿਆ ਜਾਂਦਾ ਹੈ। ਇਸ ਪਿੰਡ ਦੀ ਧੀ ਮਾਤਾ ਰਾਜ ਕੌਰ ਦੀ ਕੁੱਖੋਂ ਪੈਦਾ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਦੁਨੀਆਂ ਭਰ ਵਿਚ ਆਪਣਾ ਨਾਮ ਕਮਾਇਆ। ਇਸ ਮੌਕੇ ਪਿੰਡ ਦੇ ਸਰਪੰਚ ਰਣਦੀਪ ਸਿੰਘ ਮਿੰਟੂ ਨੇ ਕਿਹਾ ਕਿ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਸਮੇਂ ਸਮੇਂ ਦੀਆਂ ਸਰਕਾਰਾਂ ਸਮੇਂ ਪਿੰਡ ਬਡਰੁੱਖਾਂ ਵਿਖੇ ਮਨਾਇਆ ਜਾਂਦਾ ਰਿਹਾ ਪਰੰਤੂ ਜਨਮ ਦਿਹਾੜੇ ਦੀ ਥਾਂ 29 ਜੂਨ ਨੂੰ ਬਰਸੀ ਮਨਾਉਣ ਵਿੱਚ ਤਬਦੀਲ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਅੱਗੇ ਮੰਗ ਰੱਖਾਂਗੇ ਕਿ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਹੀ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਜਾਵੇ। ਸਮਾਜ ਸੇਵੀ ਪਾਲ ਸਿੰਘ ਖਰੌਡ, ਅਕਾਲੀ ਆਗੂ ਅਮਰਜੀਤ ਸਿੰਘ ਬਡਰੁੱਖਾਂ, ਭਾਈ ਅਵਤਾਰ ਸਿੰਘ ਮਸਤੂਆਣਾ, ਭਾਈ ਜਸਵਿੰਦਰ ਸਿੰਘ ਆਦਿ ਨੇ ਵਿਚਾਰ ਰੱਖੇ।