For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਕਫ਼ਨ ’ਚ ਕਿੱਲ ਸਾਬਤ ਹੋਵੇਗੀ ਮਹਾਪੰਚਾਇਤ: ਉਗਰਾਹਾਂ

09:07 AM Mar 12, 2024 IST
ਭਾਜਪਾ ਦੇ ਕਫ਼ਨ ’ਚ ਕਿੱਲ ਸਾਬਤ ਹੋਵੇਗੀ ਮਹਾਪੰਚਾਇਤ  ਉਗਰਾਹਾਂ
ਬਰਨਾਲਾ ਦਾਣਾ ਮੰਡੀ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ।
Advertisement

ਪਰਸ਼ੋਤਮ ਬੱਲੀ
ਬਰਨਾਲਾ, 11 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿੱਚ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮਹਾਪੰਚਾਇਤ ਦੀਆਂ ਤਿਆਰੀਆਂ ਤਹਿਤ ਅੱਜ ਇੱਥੇ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਪੱਧਰ ਤੱਕ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਇਸ ਮਹਾਪੰਚਾਇਤ ਦਾ ਇਕੱਠ ਮੋਦੀ ਭਾਜਪਾ ਸਰਕਾਰ ਅਤੇ ਕਾਰਪੋਰੇਟਾਂ ਦੇ ਕਫ਼ਨ ਵਿੱਚ ਕਿੱਲ ਸਾਬਤ ਹੋਵੇਗਾ। ਇਸ ਲਈ ਸਾਰੇ ਜ਼ਿਲ੍ਹਿਆਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਵੱਡੀਆਂ ਬੱਸਾਂ ਰਾਹੀਂ ਵਿਸ਼ਾਲ ਕਾਫ਼ਲੇ ਬੰਨ੍ਹ ਕੇ ਦਿੱਲੀ ਵੱਲ ਚਾਲੇ ਪਾਏ ਜਾਣ। ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਇਹ ਕਾਫ਼ਲੇ 13 ਮਾਰਚ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਰਵਾਨਾ ਹੋਣਗੇ ਅਤੇ 14 ਮਾਰਚ ਦੀ ਸਵੇਰ 10 ਵਜੇ ਤੱਕ ਰਾਮਲੀਲਾ ਮੈਦਾਨ ਪਹੁੰਚਣਗੇ।
ਆਗੂਆਂ ਨੇ ਦੱਸਿਆ ਕਿ ਸੰਸਾਰ ਵਪਾਰ ਸੰਸਥਾ ’ਚੋਂ ਬਾਹਰ ਆ ਕੇ ਸਾਰੀਆਂ ਫਸਲਾਂ ਦੀ ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਵਾਅਦਾਖਿਲਾਫੀ ਕਰ ਕੇ ਮੁੱਕਰੀਆਂ ਸਮੂਹ ਕਿਸਾਨੀ ਮੰਗਾਂ ਤੁਰੰਤ ਮੰਨੇ ਜਾਣ ਤੇ ਲਾਗੂ ਕਰਨ ਦੀ ਮੁੱਖ ਮੰਗ ਹੈ।

Advertisement

ਕਿਸਾਨ ਯੂਨੀਅਨ ਉਗਰਾਹਾਂ ਨੇ ਜ਼ਮੀਨ ਦੀ ਕੁਰਕੀ ਰੁਕਵਾਈ

ਤਲਵੰਡੀ ਸਾਬੋ (ਪੱਤਰ ਪ੍ਰੇਰਕ): ਬਠਿੰਡਾ ਦੀ ਇੱਕ ਆੜ੍ਹਤੀਆ ਫਰਮ ਵੱਲੋਂ ਕਰਜ਼ੇ ਬਦਲੇ ਪਿੰਡ ਚੱਠੇਵਾਲਾ ਦੇ ਕਿਸਾਨ ਦੀ ਅਦਾਲਤ ’ਚੋਂ ਲਿਆਂਦੀ ਜ਼ਮੀਨ ਦੀ ਕੁਰਕੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸਥਾਨਕ ਤਹਿਸੀਲਦਾਰ ਦਫਤਰ ਅੱਗੇ ਧਰਨਾ ਦੇ ਕੇ ਰੋਕ ਦਿੱਤੀ। ਬੀਕੇਯੂ (ਉਗਰਾਹਾਂ) ਦੇ ਬਲਾਕ ਜਨਰਲ ਸਕੱਤਰ ਕਾਲਾ ਸਿੰਘ ਚੱਠੇਵਾਲਾ ਅਤੇ ਰਣਜੋਧ ਸਿੰਘ ਮਾਹੀਨੰਗਲ ਨੇ ਦੱਸਿਆ ਕਿ ਜੁਡੀਸ਼ਲ ਅਦਾਲਤ ਦੇ ਆਦੇਸ਼ਾਂ ’ਤੇ ਬਠਿੰਡਾ ਦੇ ਇੱਕ ਆੜ੍ਹਤੀਏ ਗੁਰ ਭਗਵਾਨ ਸਿੰਘ ਵੱਲੋਂ ਕਰਜ਼ੇ ਬਦਲੇ ਪਿੰਡ ਚੱਠੇਵਾਲਾ ਦੇ ਇੱਕ ਕਿਸਾਨ ਮਾਸਾ ਸਿੰਘ ਪੁੱਤਰ ਬੁਲਾਢਾ ਸਿੰਘ ਦੀ ਜ਼ਮੀਨ ਦੀ ਕੁਰਕੀ ਤਹਿਸੀਲਦਾਰ ਤਲਵੰਡੀ ਸਾਬੋ ਵੱਲੋਂ ਕੀਤੀ ਜਾਣੀ ਸੀ। ਇਸ ਦੀ ਭਿਣਕ ਲੱਗਦਿਆਂ ਹੀ ਬੀਕੇਯੂ (ਉਗਰਾਹਾਂ) ਦੀ ਅਗਵਾਈ ਵਿੱਚ ਇਕੱਠੇ ਹੋ ਕੇ ਕਿਸਾਨਾਂ ਨੇ ਤਹਿਸੀਲਦਾਰ ਦਫਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।

Advertisement
Author Image

Advertisement
Advertisement
×