ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Mahapanchayat ਐੱਸਕੇਐੱਮ ਨੇ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਵੱਲ ‘ਏਕਤਾ’ ਦਾ ਹੱਥ ਵਧਾਇਆ

09:22 PM Jan 09, 2025 IST

ਮਹਿੰਦਰ ਸਿੰਘ ਰੱਤੀਆਂ/ਏਜੰਸੀਆਂ
ਮੋਗਾ/ਚੰਡੀਗੜ੍ਹ, 9 ਜਨਵਰੀ
ਸੰਯੁਕਤ ਕਿਸਾਨ ਮੋਰਚੇ ਨੇ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਨਾਲ ‘ਏਕਤਾ’ ਲਈ ਹੱਥ ਵਧਾਇਆ ਹੈ। ਮੋਰਚੇ ਦੀ 6 ਮੈਂਬਰੀ ਤਾਲਮੇਲ ਕਮੇਟੀ 10 ਜਨਵਰੀ ਨੂੰ ਦੋਵਾਂ ਬਾਰਡਰਾਂ ’ਤੇ ਜਾ ਕੇ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਦੀ ਅਪੀਲ ਕਰੇਗੀ। ਇਹੀ ਨਹੀਂ ਮੋਰਚੇ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਐੱਸਕੇਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰਾ ਮੋਰਚਾ (ਕੇਐੱਮਐੱਮ) ਖਿਲਾਫ਼ ਬਿਆਨਬਾਜ਼ੀ ਤੋਂ ਵੀ ਵਰਜਿਆ ਹੈ। ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਪੰਜਾਬ ਦੀ ਹੱਦ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਤੇ ਇਹ ਲੜਾਈ ਹਰਿਆਣਾ ਤੇ ਯੂਪੀ ਜਿਹੇ ਰਾਜਾਂ ਤੱਕ ਪਹੁੰਚਣੀ ਚਾਹੀਦੀ ਹੈ।
ਮੋਰਚੇ ਨੇ ਅੱਜ ਮੋਗਾ ਵਿਚ ਕੀਤੀ ਕਿਸਾਨ ਮਹਾਪੰਚਾਇਤ ਵਿਚ ਕੇਂਦਰ ਸਰਕਾਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ (ਰੱਦ ਕੀਤੇ) ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦਾ ਖ਼ਤਰਨਾਕ ਰੂਪ ਹੈ। ਮੋਰਚੇ ਨੇ ਐਲਾਨ ਕੀਤਾ ਕਿ ਉਹ 13 ਜਨਵਰੀ ਨੂੰ ਲੋਹੜੀ ਮੌਕੇ ਖਰੜਾ ਨੀਤੀ ਦੀਆਂ ਕਾਪੀਆਂ ਸਾੜਨਗੇ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨਗੇ। ਪਿਛਲੇ ਇਕ ਹਫ਼ਤੇ ਵਿਚ ਮੋਰਚੇ ਦੀ ਇਹ ਦੂਜੀ ਕਿਸਾਨ ਮਹਾਪੰਚਾਇਤ ਹੈ। ਪਹਿਲੀ ਮਹਾਪੰਚਾਇਤ 4 ਜਨਵਰੀ ਨੂੰ ਟੋਹਾਣਾ ਵਿਚ ਕੀਤੀ ਗਈ ਸੀ। ਮਹਾਪੰਚਾਇਤ ਦੌਰਾਨ ਐੱਸਕੇਐੱਮ ਆਗੂਆਂ ਨੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ ਰੱਦ ਕਰਨ ਲਈ ਅਸੈਂਬਲੀ ਦਾ ਸੈਸ਼ਨ ਨਾ ਸੱਦਣ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਮਹਾਪੰਚਾਇਤ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ, ਡਾ.ਦਰਸ਼ਨ ਪਾਲ ਤੇ ਰਮਿੰਦਰ ਪਟਿਆਲਾ ਨੇ ਸੰਬੋਧਨ ਕੀਤਾ।
ਸੰਯੁਕਤ ਕਿਸਾਨ ਮੋਰਚੇ ਨੇ ਮਹਾਪੰਚਾਇਤ ਦੌਰਾਨ ‘ਏਕਤਾ ਮਤਾ’ ਵੀ ਪਾਸ ਕੀਤਾ, ਜਿਸ ਤਹਿਤ ਐੱਸਕੇਐੱਮ ਦੀ 6 ਮੈਂਬਰੀ ਤਾਲਮੇਲ ਕਮੇਟੀ 10 ਜਨਵਰੀ ਨੂੰ ਖ਼ਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਜਾ ਕੇ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਦੀ ਅਪੀਲ ਕਰੇਗੀ। ਮੋਰਚੇ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਕੋਈ ਵੀ ਆਗੂ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਐੱਸਕੇਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰਾ ਮੋਰਚਾ (ਕੇਐੱਮਐੱਮ) ਖਿਲਾਫ਼ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕਰੇਗਾ।

Advertisement

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪਿਛਲੇ 45 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਡੱਲੇਵਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਆਗੂ ਦੀ ਕੋਈ ਫਿਕਰ ਨਹੀਂ ਹੈ। ਟਿਕੈਤ ਨੇ ਕਿਹਾ, ‘‘ਸਾਡੇ ਕੁਝ ਲੋਕ ਮਰਨ ਵਰਤ ਉੱਤੇ ਹਨ ਤੇ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਉਹ ਪਿਛਲੇ 44-45 ਦਿਨਾਂ ਤੋਂ ਮਰਨ ਵਰਤ ਉੱਤੇ ਹਨ। ਪਰ ਭਾਰਤ ਸਰਕਾਰ ਨਹੀਂ ਸੁਣ ਰਹੀ। ਐੱਸਕੇਐੱਮ ਪੂਰੀ ਤਰ੍ਹਾਂ ਉਨ੍ਹਾਂ ਨਾਲ ਖੜ੍ਹਾ ਹੈ।’’ ਕਿਸਾਨ ਆਗੂ ਨੇ ਜ਼ੋਰ ਦਿੱਤਾ, ‘‘ਸਾਡੀ ਕਮੇਟੀ ਭਲਕੇ ਉਨ੍ਹਾਂ ਨੂੰ ਮਿਲੇਗੀ। ਅਸੀਂ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।’’ ਟਿਕੈਤ ਨੇ ਕਿਹਾ ਕਿ ਐੱਸਕੇਐੱਮ ਹਮੇਸ਼ਾ ਮਜ਼ਬੂਤ ਸੀ ਤੇ ਰਹੇਗਾ। ਖਨੌਰੀ ਤੇ ਸ਼ੰਭੂ ਬਾਰਡਰਾਂ ਉੱਤੇ ਚੱਲ ਰਹੇ ਸੰਘਰਸ਼ ਦੇ ਹਵਾਲੇ ਨਾਲ ਟਿਕੈਤ ਨੇ ਕਿਹਾ, ‘‘ਮੌਜੂਦਾ ਸਮੇਂ ਇਹ ਲੜਾਈ ਪੰਜਾਬ ਦੀ ਧਰਤੀ ਉੱਤੇ ਚੱਲ ਰਹੀ ਹੈ। ਇਹ ਲੜਾਈ ਪੰਜਾਬ ਦੀ ਹੱਦ ਪਾਰ ਕਰਕੇ ਹਰਿਆਣਾ ਤੇ ਯੂਪੀ ਜਿਹੇ ਰਾਜਾਂ ਵਿਚ ਪਹੁੰਚਣੀ ਚਾਹੀਦੀ ਹੈ, ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ।’’ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਐੱਸਕੇਐੱਮ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਟਿਕੈਤ ਨੇ ਕਿਹਾ, ‘‘ਦੇਸ਼ ਵਿਚ 700 ਤੋਂ ਵੱਧ ਨਵੀਆਂ ਜਥੇਬੰਦੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਸਰਕਾਰ ਦੀ ਬੋਲੀ ਬੋਲਦੀਆਂ ਹਨ।’’ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਸ ਜਮੂਦ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਤੇ ਡੱਲੇਵਾਲ ਦੀ ਜਾਨ ਬਚਾਉਣ ਲਈ ਇਸ ਨੂੰ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

Advertisement

ਰਾਜੇਵਾਲ ਨੇ ਕਿਹਾ ਕਿ ਐੱਸਕੇਐੱਮ ਇਕ ਕੰਧ ਵਾਂਗ ਹੈ, ਜੋ ਕਾਰਪੋਰੇਟ ਨੀਤੀਆਂ ਲਾਗੂ ਕਰਨ ਖਿਲਾਫ਼ ਖੜ੍ਹੀ ਹੈ। ਕਿਸਾਨ ਆਗੂ ਨੇ ਕਿਹਾ, ‘‘ਇਹ ਤੁਹਾਡੀ ਲੜਾਈ ਹੈ ਤੇ ਕਿਸਾਨਾਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।’’ ਰਾਜੇਵਾਲ ਨੇ ਡੱਲੇਵਾਲ ਦੇ ਹਵਾਲੇ ਨਾਲ ਕਿਹਾ ਕਿ ‘ਉਹ ਸਾਡੇ ਆਪਣੇ ਹਨ ਤੇ ਐੱਸਕੇਐੱਮ ਉਨ੍ਹਾਂ ਦੇ ਨਾਲ ਹੈ।’’ ਇਕ ਹੋਰ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ  ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਮੰਡੀਕਰਨ ਖਰੜਾ ਨੀਤੀ ਜ਼ਰੀਏ ਮੰਡੀ ਪ੍ਰਬੰਧ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਲੱਖੋਵਾਲ ਨੇ ਖਰੜਾ ਨੀਤੀ ਰੱਦ ਕਰਨ ਲਈ ਵਿਧਾਨ ਸਭਾ ਦਾ ਇਜਲਾਸ ਨਾ ਸੱਦਣ ਲਈ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਇਆ। ਕਿਸਾਨ ਆਗੂ ਨੇ ਕਿਹਾ, ‘‘ਅਸੀਂ ਸੂਬਾ ਸਰਕਾਰ ਨੂੰ ਇਸ ਦਾ ਵਿਰੋਧ ਕਰਨ ਲਈ ਕਿਹਾ ਸੀ, ਪਰ ਸਰਕਾਰ ਸੁੱਤੀ ਪਈ ਹੈ। ਇੰਜ ਲੱਗਦਾ ਹੈ ਕਿ ਉਹ ਕੇਂਦਰ ਸਰਕਾਰ ਤੋਂ ਡਰਦੀ ਹੈ। ਇਸ ਨੇ ਖਰੜਾ ਰੱਦ ਕਰਨ ਲਈ ਅਜੇ ਤੱਕ ਵਿਧਾਨ ਸਭਾ ਦਾ ਇਜਲਾਸ ਨਹੀਂ ਸੱਦਿਆ।’’

Advertisement