ਬਰਨਾਲਾ-ਲੁਧਿਆਣਾ ਸੜਕ ’ਤੇ ਮਹਿਲ ਕਲਾਂ ਟੌਲ ਪਲਾਜ਼ਾ ਬੰਦ
ਨਵਕਿਰਨ ਸਿੰਘ
ਮਹਿਲ ਕਲਾਂ, 2 ਅਪਰੈਲ
ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਵਿੱਚ ਲੱਗੇ ਟੌਲ ਪਲਾਜ਼ੇ ਨੂੰ ਅੱਜ ਮਿਆਦ ਪੂਰੀ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਰੋਹਨ ਰਾਜਦੀਪ ਟੌਲਵੇਜ਼ ਲਿਮਟਿਡ ਕੰਪਨੀ ਵੱਲੋਂ 2009 ਤੋਂ ਦੋ ਟੌਲ ਪਲਾਜ਼ਿਆਂ ਰਾਹੀਂ ਲੋਕਾਂ ਤੋਂ ਟੌਲ ਵਸੂਲੀ ਕੀਤੀ ਜਾ ਰਹੀ ਸੀ। ਇਕ ਟੌਲ ਪਲਾਜ਼ਾ ਜ਼ਿਲ੍ਹਾ ਬਰਨਾਲਾ ਦੇ ਮਹਿਲ ਕਲਾਂ ਵਿੱਚ ਸਥਿਤ ਹੈ ਜਦਕਿ ਦੂਸਰਾ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਪੁਰ ਦਾਖਾ ਨੇੜੇ ਪੈਂਦਾ ਹੈ। ਇਨ੍ਹਾਂ ਟੌਲ ਪਲਾਜ਼ਿਆਂ ਦੀ ਮਿਆਦ ਅੱਜ 2 ਅਪਰੈਲ ਤੱਕ ਦੀ ਸੀ।
ਚੋਣ ਜ਼ਾਬਤਾ ਲੱਗਾ ਹੋਣ ਕਾਰਨ ਪੰਜਾਬ ਸਰਕਾਰ ਇਸ ਦਾ ਲਾਹਾ ਨਹੀਂ ਲੈ ਸਕੀ। ਇਸ ਤੋਂ ਪਹਿਲਾਂ ਮਿਆਦ ਪੂਰੀ ਕਰ ਚੁੱਕੇ ਟੌਲ ਪਲਾਜ਼ਿਆਂ ਨੂੰ ਬੰਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਹੁੰਚਦੇ ਰਹੇ ਹਨ।
ਪਿਛਲੇ ਦੋ ਦਿਨਾਂ ਤੋਂ ਇਲਾਕੇ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਜ਼ਿਲ੍ਹੇ ਨਾਲ ਸਬੰਧਤ ਕੈਬਨਿਟ ਮੰਤਰੀ ਇਸ ਟੌਲ ਪਲਾਜ਼ੇ ਨੂੰ ਬੰਦ ਕਰਵਾਉਣ ਲਈ ਪਹੁੰਚ ਸਕਦੇ ਹਨ ਪਰ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਪੰਜਾਬ ਸਰਕਾਰ ਨੇ ਅਜਿਹਾ ਕਰਨ ਤੋਂ ਟਾਲਾ ਵੱਟ ਲਿਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰ ਅੱਜ ਟੌਲ ਪਲਾਜ਼ਾ ਮਹਿਲ ਕਲਾਂ ਵਿੱਚ ਪਹੁੰਚੇ ਹੋਏ ਸਨ।
ਟੌਲ ਪਲਾਜ਼ਾ ਚਲਾ ਰਹੀ ਕੰਪਨੀ ‘ਰੋਹਨ ਰਾਜਦੀਪ ਟੌਲਵੇਜ਼ ਲਿਮਟਿਡ ਕੰਪਨੀ’ ਦੇ ਮੈਨੇਜਰ ਪਰਮਿੰਦਰ ਸਿੰਘ ਨੇ ਕਿਹਾ ਕਿ ਕੰਪਨੀ ਵੱਲੋਂ ਮਿਆਦ ਪੂਰੀ ਹੋਣ ਦੇ ਚੱਲਦਿਆਂ ਅੱਜ ਸ਼ਾਮ 4 ਵਜੇ ਇਹ ਟੌਲ ਪਲਾਜ਼ਾ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਇਹ ਟੌਲ ਪਲਾਜ਼ਾ ਦਾ ਸਮੁੱਚਾ ਢਾਂਚਾ ਪੀ.ਡਬਲਿਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।