ਮਹਿਲ ਕਲਾਂ: ਕਈ ਪਿੰਡਾਂ ਵਿੱਚ ਸਰਪੰਚੀ ਲਈ ਫਸਵਾਂ ਮੁਕਾਬਲਾ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 13 ਅਕਤੂਬਰ
ਪੰਚਾਇਤੀ ਚੋਣਾਂ ਦਾ ਅਖਾੜਾ ਪਿੰਡਾਂ ਵਿੱਚ ਪੂਰੀ ਤਰ੍ਹਾਂ ਮਘਿਆ ਹੋਇਆ ਹੈ। ਮਹਿਲ ਹਲਕੇ ਦੇ ਪਿੰਡਾਂ ਕਈ ਪਿੰਡਾਂ ਵਿੱਚ ਸਰਪੰਚੀ ਦੀ ਉਮੀਦਵਾਰੀ ਨੂੰ ਲੈਕੇ ਫਸਵੇਂ ਮੁਕਾਬਲੇ ਹਨ। ਕੁਝ ਪਿੰਡਾਂ ਦੀਆਂ ਜਨਰਲ ਸਰਪੰਚੀਆਂ ਵਿੱਚ ਐਸਸੀ ਉਮੀਦਵਾਰ ਵੀ ਤਕੜੀ ਟੱਕਰ ਦੇ ਰਹੇ ਹਨ। ਉਮੀਦਵਾਰ ਵਿਧਾਨ ਸਭਾ ਚੋਣਾਂ ਵਾਂਗ ਵੱਡੇ ਕਾਫ਼ਿਲੇ ਲੈ ਕੇ ਘਰ-ਘਰ ਵੋਟਾਂ ਮੰਗ ਰਹੇ ਹਨ। ਇਤਿਹਾਸਕ ਪਿੰਡ ਗਹਿਲ ਵਿੱਚ ਸਾਬਕਾ ਸਰਪੰਚ ਅਮਰਜੀਤ ਸਿੰਘ ਅਤੇ ਆੜ੍ਹਤੀਆ ਬਲਵੀਰ ਸਿੰਘ ਵਿੱਚ ਪੂਰੀ ਜ਼ੋਰ ਅਜ਼ਮਾਈ ਚੱਲ ਰਹੀ ਹੈ। ਪਿੰਡ ਦੀਵਾਨਾ ਵਿੱਚ ਭਾਵੇਂ ਸਾਬਕਾ ਸਰਪੰਚ ਰਣਧੀਰ ਸਿੰਘ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਪਰ ਵਿਰੋਧੀ ਉਮੀਦਵਾਰ ਆਤਮਾ ਸਿੰਘ ਤਕੜੀ ਟੱਕਰ ਦੇ ਰਿਹਾ ਹੈ। ਇਸੇ ਤਰ੍ਹਾਂ ਸੱਦੋਵਾਲ, ਪੱਖੋਕੇ, ਬੀਹਲਾ, ਕਲਾਲਾ ਵਿੱਚ ਮੁਕਾਬਲੇ ਕਾਫ਼ੀ ਦਿਲਚਸਪ ਹਨ। ਸਮੂਹ ਉਮੀਦਵਾਰ ਵੱਡੇ ਸਿਆਸੀ ਲੀਡਰਾਂ ਵਾਂਗੂੰ ਪਿੰਡਾਂ ਦੇ ਵੋਟਰਾਂ ਨੂੰ ਵੱਡੇ ਵੱਡੇ ਵਾਅਦੇ ਕਰਕੇ ਭਰਮਾਉਣ ਵਿੱਚ ਲੱਗੇ ਸਨ। ਮਹਿਲ ਕਲਾਂ ਵਿੱਚ ਸਾਬਕਾ ਸਰਪੰਚ ਹਰਭੁਪਿੰਦਰ ਲਾਡੀ ਦੀ ਪਤਨੀ ਨਵਜੋਤ ਕੌਰ, ਕਿਰਨਾ ਰਾਣੀ ਅਤੇ ਜਗਰਾਜ ਕੌਰ ਉੱਪਲ ਵਿੱਚ ਸਖ਼ਤ ਮੁਕਾਬਲਾ ਹੈ। ਜਦਕਿ ਮਹਿਲ ਖੁਰਦ ਵਿੱਚ ਹਰਪਾਲ ਸਿੰਘ ਅਤੇ ਰੂਬਲ ਗਿੱਲ ਦੇ ਵੱਡੇ ਇਕੱਠ ਸਭ ਨੂੰ ਹੈਰਾਨ ਕਰ ਰਹੇ ਹਨ। ਉਥੇ ਪਿੰਡ ਭੋਤਨਾ ਵਿਖੇ ਸਰਪੰਚੀ ਜਨਰਲ ਹੈ, ਪਰ ਐਸਸੀ ਕੈਟਾਗਰੀ ਨਾਲ ਸਬੰਧਤ ਉਮੀਦਵਾਰ ਬੁੱਧ ਸਿੰਘ ਵਿਰੋਧੀ ਉਮੀਦਵਾਰ ਕੁਲਦੀਪ ਕੀਪਾ ਨੂੰ ਤਕੜੀ ਟੱਕਰ ਦੇ ਰਿਹਾ ਹੈ। ਗਾਗੇਵਾਲ ਵਿਖੇ ਵੀ ਕਰਮਜੀਤ ਕੌਰ ਦੇ ਬਰਾਬਰ ਐਸਸੀ ਉਮੀਦਵਾਰ ਸਰਬਜੀਤ ਕੌਰ ਚੋਣ ਲੜ ਰਹੀ ਹੈ।