MahaKumbh Mela 2025 ਪ੍ਰਯਾਗਰਾਜ ਵਿਚ ਪੋਹ ਦੀ ਪੂਰਨਮਾਸ਼ੀ ਨਾਲ ਸ਼ੁਰੂ ਹੋਇਆ ਆਸਥਾ ਦਾ ਮਹਾਕੁੰਭ
ਮਹਾਕੁੰਭ ਨਗਰ(ਯੂਪੀ), 13 ਜਨਵਰੀ
MahaKumbh Mela 2025: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਅੱਜ ਤੋਂ ਮਹਾਕੁੰਭ ਮੇਲਾ ਪੋਹ ਦੀ ਪੂਰਨਮਾਸ਼ੀ ਦੇ ਪਵਿੱਤਰ ਮੌਕੇ ਰਵਾਇਤੀ ਅੰਦਾਜ਼ ਵਿਚ ਸ਼ੁਰੂ ਹੋ ਗਿਆ। ਗੰਗਾ, ਯਮੁਨਾ ਤੇ ਸਰਸਵਤੀ ਨਦੀਆਂ ਦੇ ਸੰਗਮ ਉੱਤੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੇ ਚੁੱਬੀ ਲਾ ਕੇ ਇਸ ਮਹਾਸੰਗਮ ਦੀ ਸ਼ੁਰੂਆਤ ਕੀਤੀ। ਮੇਲੇ ਦੇ ਪਹਿਲੇ ਦਿਨ ਹੁਣ ਤੱਕ 40 ਲੱਖ ਤੋਂ ਵੱਧ ਲੋਕ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਯਾਗਰਾਜ ਵਿਚ ਮਹਾਕੁੰਭ ਸ਼ੁਰੂ ਹੋਣ ਦੇ ਨਾਲ ਹੀ ਇਸ ਨੂੰ ਭਾਰਤੀ ਕਦਰਾਂ ਕੀਮਤਾਂ ਤੇ ਸਭਿਆਚਾਰ ਨੂੰ ਸੰਜੋ ਕੇ ਰੱਖਣ ਵਾਲਿਆਂ ਲਈ ਬੇਹੱਦ ਖਾਸ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹ ਕਿ ਇਹ ਵਿਸ਼ਾਲ ਧਾਰਮਿਕ ਸਮਾਗਮ ਭਾਰਤ ਦੀ ਅਧਿਆਤਮਕ ਵਿਰਾਸਤ ਦਾ ਪ੍ਰਤੀਕ ਹੈ।
ਸ੍ਰੀ ਮੋਦੀ ਨੇ ਐਕਸ ਉੱਤੇ ਇਕ ਪੋਸਟ ਵਿਚ ਕਿਹਾ ਕਿ ਪੋਹ ਦੀ ਪੂਰਨਮਾਸ਼ੀ ਦੇ ਪਵਿੱਤਰ ਇਸ਼ਨਾਨ ਦੇ ਨਾਲ ਹੀ ਅੱਜ ਤੋਂ ਪ੍ਰਯਾਗਰਾਜ ਦੀ ਪਵਿੱਤਰ ਧਰਤੀ ਉੱਤੇ ਮਹਾਕੁੰਭ ਆਰੰਭ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਸਾਡੀ ਆਸਥਾ ਤੇ ਸਭਿਆਚਾਰ ਨਾਲ ਜੁੜੇ ਇਸ ਵੱਡੇ ਮੌਕੇ ਉੱਤੇ ਮੈਂ ਸਾਰੇ ਸ਼ਰਧਾਲੁੂਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੈਂ ਇਹ ਕਾਮਨਾ ਕਰਦਾ ਹਾਂ ਕਿ ਭਾਰਤ ਦੀ ਅਧਿਆਤਮਕ ਰਵਾਇਤ ਦਾ ਇਹ ਵਿਸ਼ਾਲ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿਚ ਨਵੀਂ ਊਰਜਾ ਤੇ ਉਤਸ਼ਾਹ ਭਰੇ।’’ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਮੌਕੇ ਕਿਹਾ, ‘‘ਮਹਾਕੁੰਭ 13 ਜਨਵਰੀ ਤੋਂ 26 ਫਰਵਰੀ ਤੱਕ ਹੋਵੇਗਾ, ਜੋ ਭਾਰਤ ਦੇ ਪੁਰਾਤਨ ਸਭਿਆਚਾਰ ਤੇ ਧਾਰਮਿਕ ਰਵਾਇਤਾਂ ਨੂੰ ਆਲਮੀ ਪੱਧਰ ’ਤੇ ਪਛਾਣ ਦਿਵਾਏਗਾ।’’
ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਵਿਚ 85 ਲੱਖ ਸ਼ਰਧਾਲੂਆਂ ਨੇ ਕੁੰਭ ਮੇਲੇ ਵਿਚ ਇਸ਼ਨਾਨ ਕੀਤਾ ਹੈ। ਪੋਹ ਦੀ ਪੂਰਨਮਾਸ਼ੀ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਸੰਗਮ ਉੱਤੇ ਕਰੀਬ 50 ਲੱਖ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਸੀ।
ਉਧਰ ਸ਼ਨਿੱਚਰਵਾਰ ਨੂੰ 33 ਲੱਖ ਸ਼ਰਧਾਲੂਆਂ ਨੇ ਸੰਗਮ ’ਤੇ ਡੁੱਬਕੀ ਲਾਈ ਸੀ। ਮਹਾਕੁੰਭ ਮੇਲੇ ਵਿਚ ਇਸ ਸਾਲ ਕਰੀਬ 45 ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜੋ ਇਸ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਸਮਾਗਮ ਬਣਾ ਦੇਵੇਗਾ।
ਮਹਾਕੁੰਭ ਦਾ ਪਹਿਲਾ ਸ਼ਾਹੀ ਇਸ਼ਨਾਨ 14 ਜਨਵਰੀ ਨੂੰ ਮਕਰ ਸੰਕ੍ਰਾਂਤੀ (ਮਾਘੀ) ਦੇ ਪਵਿੱਤਰ ਮੌਕੇ ਉੱਤੇ ਹੋਵੇਗਾ। ਇਸ ਦੌਰਾਨ ਸਾਰੇ ਅਖਾੜੇ ਆਪਣੀ ਨਿਰਧਾਰਿਤ ਵਾਰੀ ਮੁਤਾਬਕ ਸ਼ਾਹੀ ਇਸ਼ਨਾਨ ਕਰਨਗੇ। ਉਧਰ ਸੰਤ ਮਹਾਤਮਾ, ਸ਼ਰਧਾਲੂ ਤੇ ਸੈਲਾਨੀ ਇਸ ਧਾਰਮਿਕ ਤਿਓਹਾਰ ਵਿਚ ਸ਼ਾਮਲ ਹੋਣ ਲਈ ਪ੍ਰਯਾਗਰਾਜ ਪਹੁੰਚ ਰਹੇ ਹਨ। ਪੀਟੀਆਈ