For the best experience, open
https://m.punjabitribuneonline.com
on your mobile browser.
Advertisement

ਮਹਾਂਬਲੀਪੁਰਮ ਦਾ ਗੰਗਾਅਵਤਰਣ ਵਿਸ਼ਾਲ ਸ਼ਿਲਾਪਟ

10:38 AM Aug 20, 2023 IST
ਮਹਾਂਬਲੀਪੁਰਮ ਦਾ ਗੰਗਾਅਵਤਰਣ ਵਿਸ਼ਾਲ ਸ਼ਿਲਾਪਟ
Advertisement

ਰਾਜਿੰਦਰ ਸਿੰਘ ਮਾਨ

Advertisement

ਸੈਰ ਸਫ਼ਰ

ਮਹਾਂਬਲੀਪੁਰਮ ਦੇ 30’x23’ ਦੇ ਵਿਸ਼ਾਲ ਆਕਾਰੀ ਅਰਜਨ ਤਪੱਸਿਆ ਨਾਂ ਦੇ ਸ਼ਿਲਾਪਟ ਵਿੱਚ ਮਹਾਂਕਾਵਿ ਮਹਾਂਭਾਰਤ ਦੇ ਨਾਇਕ ਦੀ ਕਠੋਰ ਤਪੱਸਿਆ ਦੇ ਬੇਜੋੜ ਤੇ ਅਨੁਪਮ ਉਭਰਵੇਂ ਰੂਪ ’ਚ ਤਰਾਸ਼ਿਆ ਗਿਆ ਹੈ। ਇਸ ਵਿੱਚ ਜਚਵੀਂ, ਢੁੱਕਵੀਂ ਤੇ ਇਕਸੁਰਤਾ ਵਾਲੀ ਕਲਾ ਨਾਲ ਤਿੰਨਾਂ ਲੋਕਾਂ ਦੇ ਵਾਸੀ ਦੇਵਤਿਆਂ, ਯਕਸ਼ਾਂ, ਮਨੁੱਖਾਂ, ਪੰਛੀਆਂ, ਜਾਨਵਰਾਂ, ਨਾਗ, ਰਿਸ਼ੀ ਤੇ ਅਪਸਰਾਵਾਂ ਆਦਿ ਦੀਆਂ ਝਾਕੀਆਂ ਨੂੰ ਬੜੇ ਹੀ ਮਨਮੋਹਕ ਦ੍ਰਿਸ਼ ਵਿੱਚ ਪੇਸ਼ ਕੀਤਾ ਗਿਆ ਹੈ।
ਸ਼ਿਲਾਪਟ ਦੇ ਵਿਚਕਾਰ ਇੱਕ ਦਰਾੜ ਹੈ ਜੋ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਦੋਵੇਂ ਹਿੱਸਿਆਂ ਵਿੱਚ ਤਰਾਸ਼ੀਆਂ ਆਕ੍ਰਿਤੀਆਂ ਇੱਕ ਹੋਣ ਵਾਲੀ ਜਾਂ ਹੋ ਚੁੱਕੀ ਕਰਾਮਾਤ ਨੂੰ ਦੇਖਣ ਲਈ ਉਤਸੁਕਤਾਪੂਰਨ ਕਾਹਲੀ ਨਾਲ, ਉਧਰ ਭੱਜੀਆਂ ਜਾਂ ਉੱਡੀਆਂ ਜਾ ਰਹੀਆਂ ਹਨ। ਉਤਰਾਅ ਚੜ੍ਹਾਅ ਵਾਲੀ ਇਸ ਰਚਨਾ ਵਿੱਚ ਭਾਰਤੀ ਮਿਥਿਹਾਸ ਦੀ ਇਸ ਘਟਨਾ ਪ੍ਰਤੀ ਆਪਣੀ ਸਥਿਤੀ ਅਨੁਸਾਰ ਹਰ ਇੱਕ ਆਕ੍ਰਿਤੀ ਦੀ ਭਾਵਕ ਪ੍ਰਤਿਕਿਰਿਆ ਵੰਨ-ਸੁਵੰਨਤਾ ਭਰਪੂਰ ਹੈ। ਸੂਰਜ, ਚੰਦ, ਯਕਸ਼, ਗੰਧਰਵ, ਵਿਦਿਆਮ ਦੇਵ ਸੇਵਕ, ਸੰਗੀਤਕਾਰ, ਨ੍ਰਿਤਕ ਤੇ ਹੋਰ ਕੋਮਲ ਕਲਾਵਾਂ ਦੇ ਕਲਾਕਾਰ ਇਸ ਦੌੜ ਵਿੱਚ ਸ਼ਾਮਿਲ ਹਨ। ਸੂਖ਼ਮ ਆਤਮ ਸਰੀਰਧਾਰੀ ਦਾੜ੍ਹੀ ਵਾਲੇ ਤੇ ਬਿਨਾਂ ਦਾੜ੍ਹੀ ਵਾਲੇ ਸਿੱਧ ਤੇ ਚਾਰਣ ਵੀ ਇਸ ਸ਼ਿਲਾਪਟ ’ਚ ਤਰਾਸ਼ੇ ਹੋਏ ਹਨ। ਛੋਟੇ ਕੱਦ ਵਾਲੇ ਕਿੰਮ ਪੁਰਸ਼ ਆਪਣੀਆਂ ਪਗੜੀਆਂ ਦੇ ਖੁੱਲ੍ਹੇ ਲੜਾਂ ਨੂੰ ਫੜੀ ਖੜ੍ਹੇ ਦਿਖਾਏ ਗਏ ਹਨ। ਅੱਧੇ-ਮਨੁੱਖ ਤੇ ਅੱਧੇ ਪੰਛੀ ਸਰੀਰਧਾਰੀ ਵਾਲਿਆਂ ਨੇ ਛੈਣੇ, ਵੀਣਾ ਤੇ ਹੋਰ ਸੰਗੀਤਕ ਸਾਜ਼ ਆਪਣੇ ਹੱਥਾਂ ’ਚ ਫੜੇ ਹੋਏ ਹਨ।
ਸ਼ਿਲਾਪਟ ਦੇ ਦੱਖਣੀ ਪਾਸੇ ਵੱਲ ਇੱਕ ਜੰਗਲ ਦਿਖਾਇਆ ਗਿਆ ਹੈ। ਮੁੂਰਤੀ ਸ਼ਿਲਪੀਆਂ ਨੇ ਦਰਖ਼ਤਾਂ ਤੇ ਜੰਗਲੀ ਜਾਨਵਰਾਂ ਦੀ ਮੂਰਤਾਂ ਤਰਾਸ਼ ਕੇ ਇਸ ਜੰਗਲ ਦੇ ਦ੍ਰਿਸ਼ ਵਿੱਚ ਜਾਨ ਪਾ ਦਿੱਤੀ ਹੈ ਤੇ ਇਹ ਜੰਗਲ ਅਸਲ ਹੀ ਲੱਗਦਾ ਹੈ। ਬ੍ਰਿਛਾਂ ਵਿੱਚ ਜਾਕ ਨਾਂ ਦਾ ਇੱਕ ਬ੍ਰਿਛ ਵੀ ਦੇਖਿਆ ਜਾ ਸਕਦਾ ਹੈ। ਇੱਕ ਬ੍ਰਿਛ ’ਤੇ ਪੰਛੀ ਬੈਠਾ ਹੈ ਤੇ ਦੂਜੇ ਪਾਸੇ ਇੱਕ ਬਾਂਦਰ ਦਿਖਾਈ ਦੇ ਰਿਹਾ ਹੈ। ਇੱਕ ਨਰ-ਗੋਹ ਇੱਕ ਹੋਰ ਬ੍ਰਿਛ ’ਤੇ ਚੜ੍ਹਦਾ ਦਿਸ ਰਿਹਾ ਹੈ। ਮੁੱਛਾਂ ਵਾਲੇ ਆਦਮੀ ਤੀਰ ਕਮਾਨਾਂ ਸਹਿਤ ਦਿਨ ਦੀ ਲੱਭਤ ਨੂੰ ਬੱਲੀ ਨਾਲ ਬੰਨ੍ਹ ਕੇ ਆਪਣੇ ਮੋਢਿਆਂ ’ਤੇ ਚੁੱਕੀ ਜਾ ਰਹੇ ਹਨ। ਸਹੇ, ਹਿਰਨ ਤੇ ਜਿਉਂਦੇ ਜਾਗਦੇ ਲੱਗਦੇ ਹਾਥੀਆਂ ਦੇ ਝੁੰਡ ਵਿੱਚ ਹਾਥੀਆਂ ਦਾ ਬੱਚਾ ਆਪਣੇ ਮਾਪਿਆਂ ਦੀ ਸੁਰੱਖਿਆ ’ਚ ਆਨੰਦ ’ਚ ਡੁੱਬਿਆ ਦਿਖਾਇਆ ਹੈ।
ਦਰਾੜ ਦੇ ਨੇੜੇ ਜੰਗਲ ਦੇ ਸਿਰੇ ’ਤੇ ਸਿਰ ਉਪਰੋਂ ਦੀ ਹੱਥ ਜੋੜੀ, ਅੱਖਾਂ ਮੀਟੀਆਂ ਵਾਲੇ ਤੇ ਇੱਕ ਲੱਤ ’ਤੇ ਖੜ੍ਹੇ ਲਿੱਸੇ ਸਰੀਰ ਵਾਲੇ ਤਪੱਸਵੀ ਨੂੰ ਅਸੀਂ ਦੇਖ ਸਕਦੇ ਹਾਂ। ਇਹ ਪ੍ਰਬਲ ਵੈਰਾਗ ਤੇ ਪੂਰਨ ਸਮਰਪਣ ਦਾ ਦ੍ਰਿਸ਼ ਹੈ। ਇਸ ਲਿੱਸੇ ਸਰੀਰ ਵਾਲੀ ਆਕ੍ਰਿਤੀ ਦੇ ਸੱਜੇ ਪਾਸੇ ਦਿਆਲੂ ਤੇ ਕਿਰਪਾਲੂ ਭਗਵਾਨ ਸ਼ਿਵ ਦੀ ਉੱਚੇ ਲੰਮੇ ਕੱਦ ਵਾਲੀ ਮੂਰਤੀ ਤਰਾਸ਼ੀ ਹੋਈ ਹੈ। ਥੋੜ੍ਹਾ ਜਿਹਾ ਹੇਠਾਂ ਭਗਵਾਨ ਵਿਸ਼ਨੂੰ ਦੀ ਮੂਰਤੀ ਵਾਲਾ ਇੱਕ ਧਰਮ ਸਥਾਨ ਹੈ। ਧਰਮ ਸਥਾਨ ਕੋਲ ਤਪਲੀਨ ਕੁਝ ਰਿਸ਼ੀ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਤਿੰਨ ਦੇ ਸਿਰ ਛੋਟੀ ਪਹਾੜੀ ’ਚੋਂ ਡਿਗਦੀਆਂ ਪੱਥਰ ਦੀਆਂ ਛੋਟੀਆਂ ਟੁਕੜੀਆਂ ਸਿਰ ਉਪਰ ਡਿੱਗਣ ਕਾਰਨ ਟੁੱਟੇ ਹੋਏ ਹਨ। ਦਰਿਆ ਦੇ ਕਿਨਾਰੇ ਦੇ ਆਮ ਜਾਣੇ-ਪਛਾਣੇ ਦ੍ਰਿਸ਼ ਉੱਕਰੇ ਹੋਏ ਹਨ। ਇੱਕ ਆਦਮੀ ਧੋਤੇ ਹੋਏ ਕੱਪੜੇ ਨੂੰ ਨਿਚੋੜ ਰਿਹਾ ਹੈ ਤੇ ਇੱਕ ਹੋਰ ਰਵਾਇਤੀ ਰੂਪ ਨਾਲ ਸੂਰਜ ਦੀ ਪੂਜਾ ਕਰ ਰਿਹਾ ਹੈ। ਪਾਤਾਲ ਵਿੱਚੋਂ ਹੱਥ ਜੋੜੀ ਤੇ ਪ੍ਰਸੰਨਤਾ ਨਾਲ ਦਮਕਦੇ ਚਿਹਰਿਆਂ ਵਾਲੇ ਨਾਗ ਪਾਣੀ ਤੋਂ ਬਾਹਰ ਆਉਣ ਲਈ ਬੜੀ ਤੇਜ਼ੀ ਨਾਲ ਤੈਰਦੇ ਹੋਏ ਆ ਰਹੇ ਹਨ।
ਜਾਨਵਰਾਂ ਦੀਆਂ ਸੁੰਦਰ ਮੂਰਤੀਆਂ ਵਿੱਚ ਬੱਤਖਾਂ ਦਾ ਜੋੜਾ, ਛੋਟਾ ਵਚਿੱਤਰ ਕੱਛੂ, ਹਿਰਨ, ਬਾਰਾਸਿੰਗਾ, ਹਾਥੀਆਂ ਦਾ ਝੁੰਡ, ਬੱਬਰ ਸ਼ੇਰ ਆਦਿ ਵੀ ਦਿਖਾਏ ਗਏ ਹਨ। ਮਨੋਰੰਜਨ ਮੂਰਤੀਆਂ ਵਿੱਚ ਵੱਡੇ ਹਾਥੀ ਦੀ ਸੁੰਡ ਦੇ ਅੱਗੇ ਤਪੱਸਵੀ ਵਾਂਗ ਤਪੱਸਿਆ ਕਰਦੀ ਬੱਕ ਧਿਆਨੀ ਬਿੱਲੀ ਵਿਖਾਈ ਗਈ ਹੈ। ਇਸ ਬਿੱਲੀ ਦਾ ਪੰਚਤੰਤਰ ਦੀ ਬਿੱਲੀ ਵਾਲੀ ਕਹਾਣੀ ਵਰਗਾ ਰੂਪ ਹੀ ਦਿਖਾਈ ਦਿੰਦਾ ਹੈ। ਇਹ ਤਪ ’ਚ ਮਗਨ ਹੋਣ ਦਾ ਢੋਂਗ ਕਰ ਕੇ ਆਪਣੇ ਸ਼ਿਕਾਰ ਵੱਲੋਂ ਬੇਧਿਆਨੀ ਹੋ ਕੇ ਕੋਈ ਦਿਲਚਸਪੀ ਨਾ ਰੱਖਣ ਵਾਲੀ ਦਿਖਾਈ ਗਈ ਹੈ। ਜਦ ਛੋਟੇ-ਛੋਟੇ ਚੂਹੇ ਤੇ ਪੰਛੀ ਬਿੱਲੀ ਦੀ ਚਾਲ ਤੇ ਅਡੰਬਰ ਤੋਂ ਬੇਧਿਆਨੇ ਹੋ ਕੇ ਉਸ ਕੋਲ ਪਹੁੰਚਣਗੇ ਤਾਂ ਉਹ ਉਨ੍ਹਾਂ ਨੂੰ ਝਪੱਟਾ ਮਾਰ ਕੇ ਢਾਹ ਲਵੇਗੀ, ਪੇਟ ਪੂਜਾ ਕਰਕੇ ਆਪਣੀ ‘ਤਪੱਸਿਆ’ ਨੂੰ ਤਿਆਗ ਦੇਵੇਗੀ।
ਮਹਾਂਬਲੀਪੁਰਮ ਵਿੱਚ ਭਾਰਤੀ ਮੂਰਤੀ ਕਲਾ ਦੇ ਸਭ ਤੋਂ ਵਧੀਆ ਪ੍ਰਭਾਵਸ਼ਾਲੀ ਤੇ ਕਲਾ ਕੌਸ਼ਲ ਨਾਲ ਤਰਾਸ਼ੇ ਨਾਟਕੀ ਕਲਾ ਦ੍ਰਿਸ਼ ਵਿੱਚ ਭੂਰੇ ਰੰਗੇ ਗ੍ਰੇਨਾਈਟ ਪੱਥਰ ਵਿੱਚੋਂ ਤਰਾਸ਼ੀ ਗਈ ਬਾਂਦਰ ਪਰਿਵਾਰ ਦੀ ਮੂਰਤੀ ਮੁੱਖ ਸ਼ਿਲਾਪਟ ਤੋਂ ਥੋੜ੍ਹੀ ਕੁ ਦੂਰੀ ’ਤੇ ਸਥਿਤ ਹੈ। ਇਸ ਮੂਰਤੀ ਵਿੱਚ ਇੱਕ ਬਾਂਦਰ ਬਾਂਦਰੀ ਦੀਆਂ ਜੂੰਆਂ ਕੱਢਦਾ ਦਿਖਾਇਆ ਗਿਆ ਹੈ। ਕਲਾਕਾਰਾਂ ਵੱਲੋਂ ਸਿਰਜੀ ਇਨ੍ਹਾਂ ਦੀ ਆਂਤਰਿਕ ਸਜੀਵ ਪ੍ਰਸੰਨਤਾ ਨੂੰ ਵੇਖ ਕੇ ਦਰਸ਼ਕ ਹੈਰਾਨੀਜਨਕ ਸ਼ਰਧਾ ਨਾਲ ਭਰ ਜਾਂਦਾ ਹੈ। ਜੀਵਨ ਵਿੱਚ ਸੰੰਘਰਸ਼, ਦੁੱਖ ਤੇ ਅੰਦਰੂਨੀ ਸੁਭਾਵਿਕ ਸਹਿਯੋਗ ਸ਼ਾਂਤੀ ਦੇਣ ਵਾਲਾ ਹੁੰਦਾ ਹੈ। ਬਾਂਦਰ ਪਰਿਵਾਰ ਇਸੇ ਸਹਿਯੋਗ ਸੱਚਾਈ ਨੂੰ ਮੂਰਤੀਮਾਨ ਕਰ ਰਿਹਾ ਹੈ।
ਸਾਰੇ ਹੀ ਮੰਨਦੇ ਹਨ ਕਿ ਬ੍ਰਹਿਮੰਡੀ ਮਹੱਤਤਾ ਵਾਲਾ ਇਹ ਦ੍ਰਿਸ਼ ਮਿਥਿਹਾਸਕ ਨਾਇਕ ਦੇ ਤਪ ’ਤੇ ਕੇਂਦਰਿਤ ਹੈ। ਪਰ ਨਾਇਕ ਕੌਣ ਹੈ, ਇਸ ਬਾਰੇ ਵਿਚਾਰਵਾਨ ਕਲਾ ਪਾਰਖੂ ਆਲੋਚਕਾਂ ਦੇ ਵਿਚਾਰ ਵੱਖ-ਵੱਖ ਹਨ। ਇੱਕ ਧਿਰ ਇਸ ਦ੍ਰਿਸ਼ ਨੂੰ ਅਰਜਨ ਤਪੱਸਿਆ ਪ੍ਰਸੰਗ ਮੰਨਦੀ ਹੈ। ਇਸ ਵਿਚਾਰਧਾਰਾ ਵਾਲਿਆਂ ਅਨੁਸਾਰ ਕਮਜ਼ੋਰ ਤੇ ਲਿੱਸੇ ਸਰੀਰ ਵਾਲਾ ਵਿਅਕਤੀ ਮਹਾਂਭਾਰਤ ਦਾ ਨਾਇਕ ਅਰਜੁਨ ਹੈ ਜਿਸ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਨਸ਼ਟ ਕਰਨ ਲਈ ਸ਼ਸਤਰ ਪ੍ਰਾਪਤ ਕਰਨ ਵਾਸਤੇ ਭਗਵਾਨ ਸ਼ਿਵ ਦਾ ਤਪ ਕੀਤਾ। ਭਗਵਾਨ ਸ਼ਿਵ ਨੇ ਪ੍ਰਸੰਨ ਹੋ ਕੇ ਉਸ ਨੂੰ ਸ਼ਕਤੀਸ਼ਾਲੀ ਪਾਸ਼ੂਪਤ ਅਸਤਰ ਦਿੱਤਾ। ਪੱਲਵ ਸਮਰਾਟ ਮਹਿੰਦਰ ਵਰਮਨ ਦੇ ਸਮਕਾਲੀ ਕਵੀ ਭਾਰਵੀ ਨੇ ਇਸੇ ਵਿਸ਼ੇ ਨੂੰ ਆਪਣੀ ਸ਼ਾਹਕਾਰ ਰਚਨਾ, ‘ਕਿਰਤਅਰਜੁਨਿਆ’ ਦਾ ਆਧਾਰ ਬਣਾਇਆ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਵੀ ਭਾਰਵੀ ਨੇ ਹੀ ਪੱਲਵ ਸਮਰਾਟ ਨੂੰ ਇਸ ਅਨੁਪਮ ਘਟਨਾ ਨੂੰ ਸ਼ਿਲਾਮਈ ਕਵਿਤਾ ’ਚ ਸਜੀਵ ਕਰਨ ਲਈ ਪ੍ਰੇਰਿਆ।
ਦੂਸਰੀ ਵਿਚਾਰਧਾਰਾ ਵਾਲੇ ਮੰਨਦੇ ਹਨ ਕਿ ਇਹ ਦ੍ਰਿਸ਼ ਭਾਗੀਰਥ ਤਪ ਨਾਲ ਸਬੰਧਿਤ ਹੈ। ਮਿੱਥ ਅਨੁਸਾਰ ਸ੍ਰੀ ਰਾਮ ਦੇ ਪੁਰਖੇ ਸ੍ਰੀ ਭਾਗੀਰਥ ਨੇ ਕਪਿਲ ਮੁਨੀ ਦੇ ਸਰਾਪ ਨਾਲ ਭਸਮ ਹੋਏ ਆਪਣੇ ਪੂਰਵਜਾਂ ਨੂੰ ਦੇਵ ਨਦੀ ਗੰਗਾ ’ਚ ਇਸ਼ਨਾਨ ਕਰਾ ਕੇ ਪਾਪ ਮੁਕਤ ਕਰਨ ਤੇ ਸਵਰਗ ਭੇਜਣ ਲਈ ਗੰਗਾ ਨੂੰ ਧਰਤੀ ’ਤੇ ਲਿਆਉਣ ਲਈ ਘੋਰ ਤਪ ਕੀਤਾ। ਲੰਬੇ ਤਪ ਮਗਰੋਂ ਦੇਵਤੇ ਤਾਂ ਗੰਗਾ ਨੂੰ ਧਰਤੀ ’ਤੇ ਭੇਜਣ ਲਈ ਮੰਨ ਗਏ, ਪਰ ਗੰਗਾ ਦੇ ਤੇਜ਼ ਵਹਾਓ ਨੂੰ ਕੋਈ ਵੀ ਨਹੀਂ ਰੋਕ ਸਕਦਾ ਸੀ। ਉਹ ਤੇਜ਼ੀ ਨਾਲ ਸਵਰਗ ’ਚੋਂ ਪਹਾੜਾਂ ’ਚ ਉੱਤਰ ਕੇ ਧਰਤੀ ਨੂੰ ਫਾੜ ਕੇ ਪਤਾਲ ਵਿੱਚ ਚਲੀ ਜਾਵੇਗੀ। ਭਗਵਾਨ ਸ਼ਿਵ ਹੀ ਇਹ ਕਠਿਨ ਕਾਰਜ ਕਰ ਸਕਦੇ ਸਨ। ਭਾਗੀਰਥ ਨੇ ਆਪਣਾ ਉਦੇਸ਼ ਭਗਵਾਨ ਸ਼ਿਵ ਦੇ ਵਰਦਾਨ ਨਾਲ ਹਾਸਲ ਕੀਤਾ ਜਿਨ੍ਹਾਂ ਨੇ ਗੰਗਾ ਦਾ ਪ੍ਰਚੰਡ ਵੇਗ ਆਪਣੀਆਂ ਜਟਾਵਾਂ ਵਿੱਚ ਹੀ ਰੋਕ ਲਿਆ। ਇਉਂ ਲੱਗਦਾ ਸੀ ਜਿਵੇਂ ਗੰਗਾ ਅਲੋਪ ਹੀ ਹੋ ਗਈ ਹੋਵੇ। ਭਾਗੀਰਥ ਦੀ ਭਗਵਾਨ ਸ਼ਿਵ ਨੂੰ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੇ ਗੰਗਾ ਦਾ ਕੁਝ ਹਿੱਸਾ ਆਪਣੀਆਂ ਜਟਾਵਾਂ ’ਚੋਂ ਛੱਡ ਦਿੱਤਾ ਤੇ ਭਾਗੀਰਥ ਨੂੰ ਚਿਤਾਇਆ ਕਿ ਗੰਗਾ ਦਾ ਵੇਗ ਸੰਭਾਲਣਾ ਬਹੁਤ ਔਖਾ ਹੈ, ਇਸ ਦੀ ਅਗਵਾਈ ਕਰ ਕੇ ਇਸ ਨੂੰ ਅੱਗੇ ਲਿਜਾਣਾ ਪਵੇਗਾ। ਰਸਤੇ ’ਚ ਗੰਗਾ ਨੇ ਜਾਨੂੰਹ ਰਿਸ਼ੀ ਦਾ ਆਸ਼ਰਮ ਰੋੜ੍ਹ ਦਿੱਤਾ ਜਿਸ ’ਤੇ ਰਿਸ਼ੀ ਨੇ ਗੰਗਾ ਦੇ ਵੇਗ ਨੂੰ ਬੰਨ੍ਹ ਦਿੱਤਾ। ਭਾਗੀਰਥ ਵੱਲੋਂ ਬੇਨਤੀ ਕਰਨ ’ਤੇ ਉਸ ਵੇਗ ਨੂੰ ਛੱਡ ਦਿੱਤਾ। ਇਸੇ ਕਰਕੇ ਹੀ ਗੰਗਾ ਦਾ ਇਕ ਨਾਂ ਜਾਂਹਵੀ ਵੀ ਹੈ। ਭਾਗੀਰਥ ਦੇ ਪੁਰਖਿਆਂ ਦੀ ਭਸਮ ਨੂੰ ਗੰਗਾ ਇਸ਼ਨਾਨ ਕਰਾਉਣ ’ਤੇ ਭਾਗੀਰਥ ਦਾ ਉਦੇਸ਼ ਤੇ ਪ੍ਰਣ ਪੂਰਾ ਹੋ ਗਿਆ।
ਸ਼ਿਲਾਪਟ ਦੀ ਤਰੇੜ ਵਿੱਚੋਂ ਗੰਗਾ ਧਰਤੀ ’ਤੇ ਉਤਰਦੀ ਦਿਖਾਈ ਗਈ ਹੈ। ਲਿੱਸੇ ਸਰੀਰ ਵਾਲੇ ਤਪੱਸਵੀ ਕੋਲ ਭਗਵਾਨ ਸ਼ਿਵ ਦਾ ਪ੍ਰਗਟ ਹੋ ਕੇ ਸਥਿਤ ਹੋਣਾ, ਕਰਾਮਾਤ ਨੂੰ ਵੇਖਣ ਲਈ ਦੇਵਤਿਆਂ ਤੇ ਹੋਰਨਾਂ ਦਾ ਤੇਜ਼ੀ ਨਾਲ ਭੱਜਣਾ ਜਾਂ ਉੱਠਣਾ, ਛੋਟੀ ਪਹਾੜੀ ਤੇ ਪਾਣੀ ਦੀ ਟੈਂਕੀ ਜੋ ਦਰਾੜ ਦੇ ਉਪਰਲੇ ਸਿਰੇ ’ਤੇ ਬਣੀ ਹੋਈ ਹੈ, ਦੀ ਰਹਿੰਦ ਖੂੰਹਦ ਇਸ ਵਿਚਾਰਧਾਰਾ ਨੂੰ ਰੂਪਮਾਨ ਕਰਦੇ ਹਨ।
ਪੌਰਾਣਿਕ ਨਾਇਕ ਦੀ ਤਪੱਸਿਆ ਕਾਰਨ ਹੋਈ ਇਸ ਕਰਾਮਾਤ ਨੂੰ ਪਲਵ ਸਮਰਾਟਾਂ ਦੇ ਸਮਕਾਲੀ ਸ਼ਿਲਪਕਾਰਾਂ ਨੇ ਸ਼ਿਲਾਪਟ ’ਤੇ ਉਭਰਵੇਂ ਰੂਪ ’ਚ ਤਰਾਸ਼ ਕੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਇਸ ਸ਼ਿਲਾਪਟ ਵਿੱਚ ਸਿਰਜੀ ਦੇਵਤਿਆਂ ਦੀ ਸ਼ਕਲ ਸੂਰਤ ਭਾਵੇਂ ਮਨੁੱਖਾਂ ਵਰਗੀ ਹੈ, ਪਰ ਪੱਲਵ ਕਾਲੀਨ ਸ਼ਿਲਪੀ ਕਲਾਕਾਰਾਂ ਦੀ ਕਲਾ ਨੇ ਉਨ੍ਹਾਂ ਨੂੰ ਸੂਖ਼ਮ ਤੱਤਾਂ ਦੇ ਬਣੇ ਹੋਏ ਦਿਖਾਉਣ ਵਿੱਚ ਕਮਾਲ ਕਰ ਦਿੱਤਾ ਹੈ। ਉਨ੍ਹਾਂ ਦੇ ਸਰੀਰਾਂ ਦੀ ਬਣਤਰ ਤੇ ਵਲ ਉਨ੍ਹਾਂ ਦੇ ਸਰੀਰਾਂ ਦੀ ਨਜ਼ਾਕਤ ਨੂੰ ਰੂਪਮਾਨ ਕਰਦੇ ਹਨ। ਉਨ੍ਹਾਂ ਦੇ ਚਿਹਰਿਆਂ ’ਤੇ ਛਾਏ ਆਨੰਦ ਤੇ ਵਿਸਮਾਦ, ਉਨ੍ਹਾਂ ਦੇ ਸਦਾ ਹੀ ਸਵਰਗੀ ਸਰੂਰ ਵਿੱਚ ਡੁੱਬੇ ਰਹਿਣ ਨੂੰ ਬਿਆਨ ਕਰ ਰਹੇ ਹਨ। ਇਸ ਸ਼ਿਲਾਪਟ ਦੇ ਤਰਾਸ਼ੇ ਮਨੁੱਖ ਸਜੀਵ ਚੁੱਪ ’ਚ ਆਪਣੇ ਨਿੱਤ ਕਰਮਾਂ ’ਚ ਲੀਨ ਹਨ। ਇਨ੍ਹਾਂ ਸਭ ਆਕ੍ਰਿਤੀਆਂ ਨੂੰ ਦੇਖਣ ’ਤੇ ਕਈ ਪ੍ਰਕਾਰ ਦੀਆਂ ਹੈਰਾਨੀਆਂ ਤੇ ਭ੍ਰਾਂਤੀਆਂ ਸਾਨੂੰ ਘੇਰ ਲੈਂਦੀਆਂ ਹਨ।
ਮਹਾਂਬਲੀਪੁਰਮ ਕਦੇ ਇੱਕ ਪ੍ਰਸਿੱਧ ਬੰਦਰਗਾਹ ਸੀ ਜਿਸ ਰਾਹੀਂ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਕੀਤਾ ਜਾਂਦਾ ਸੀ। ਇੱਥੋਂ ਦੀ ਸ਼ਾਨੋ ਸ਼ੌਕਤ ਤੇ ਗਹਿਮਾ ਗਹਿਮੀ ਵੇਖਣ ਯੋਗ ਹੁੰਦੀ ਸੀ। ਹੁਣ ਮਹਾਂਬਲੀਪੁਰਮ ਦੀ ਉਹ ਸ਼ਾਨ ਨਹੀਂ ਰਹੀ। ਫਿਰ ਵੀ ਦੇਸ਼ ਤੇ ਵਿਦੇਸ਼ਾਂ ’ਚੋਂ ਆਏ ਸੈਲਾਨੀ ਇਸ ਥਾਂ ਦੀ ਸ਼ਿਲਪਕਲਾ ਨੂੰ ਵੇਖ ਕੇ ਹੈਰਾਨ ਅਤੇ ਆਨੰਦਿਤ ਹੁੰਦੇ ਹਨ।

Advertisement
Author Image

sukhwinder singh

View all posts

Advertisement
Advertisement
×