Maha Kumbh stampede ਜੇਸੀਬੀ ਮਸ਼ੀਨਾਂ ’ਚ ਭਰੀਆਂ ਗਈਆਂ ਲਾਸ਼ਾਂ; ਸਰਕਾਰ ਨੇ ਮੌਤਾਂ ਦੇ ਅੰਕੜੇ ਲੁਕਾਏ, ਸਪਸ਼ਟੀਕਰਨ ਲਈ ਸਰਬ ਪਾਰਟੀ ਬੈਠਕ ਸੱਦੀ ਜਾਵੇ: ਅਖਿਲੇਸ਼ ਯਾਦਵ
ਨਵੀਂ ਦਿੱਲੀ, 4 ਫਰਵਰੀ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੇਂਦਰ ਤੇ ਯੂਪੀ ਸਰਕਾਰ ’ਤੇ ਪ੍ਰਯਾਗਰਾਜ ਮਹਾਂਕੁੰਭ ਵਿਚ ਮਚੀ ਭਗਦੜ ਦੌਰਾਨ ਮਾਰੇ ਗਏ ਲੋਕਾਂ ਦੇ ਅੰਕੜੇ ਲੁਕਾਉਣ ਦਾ ਦੋਸ਼ ਲਗਾਉਂਦਿਆਂ ਅੱਜ ਮੰਗ ਕੀਤੀ ਕਿ ਮਹਾਂਕੁੰਭ ਦੇ ਪ੍ਰਬੰਧਾਂ ਬਾਰੇ ਸਪਸ਼ਟੀਕਰਨ ਲਈ ਸਰਬ ਪਾਰਟੀ ਬੈਠਕ ਸੱਦੀ ਜਾਵੇ। ਯਾਦਵ ਨੇ ਕਿਹਾ ਕਿ ਮਹਾਂਕੁੰਭ ਵਿਚ ਪ੍ਰਬੰਧਾਂ ਦਾ ਕੰਮ ਫੌਜ ਦੇ ਹਵਾਲੇ ਕੀਤਾ ਜਾਵੇ। ਯਾਦਵ ਨੇ ਕਿਹਾ ਕਿ ਸਰਕਾਰ ਮ੍ਰਿਤਕਾਂ ਦੀ ਗਿਣਤੀ ਲੁਕਾ ਰਹੀ ਤੇ ਭਗਦੜ ਵਿਚ ਮੌਤ ਦੇ ਮੂੰਹ ਪਏ ਲੋਕਾਂ ਦੀਆਂ ਲਾਸ਼ਾਂ ਜੇਸੀਬੀ ਮਸ਼ੀਨਾਂ ਨਾਲ ਟਰੈਕਟਰਾਂ ਵਿਚ ਭਰ ਕੇ ਗਾਇਬ ਕਰ ਦਿੱਤੀਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਲੋਕ ਮਹਾਂਕੁੰਭ ਵਿਚ ਪੁੰਨ ਖੱਟਣ ਲਈ ਆਏ ਸਨ, ਪਰ ਆਪਣੇ ਸਕੇ ਸਬੰਧੀਆਂ ਦੀਆਂ ਲਾਸ਼ਾਂ ਲੈ ਕੇ ਮੁੜੇ।
ਯਾਦਵ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਬਜਟ ਦੇ ਅੰਕੜੇ ਦੇ ਰਹੀ ਹੈ, ਮਹਾਂਕੁੰਭ ਵਿਚ ਮਰਨ ਵਾਲਿਆਂ ਦੇ ਅੰਕੜੇ ਵੀ ਉਸੇ ਤਰ੍ਹਾਂ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ, ਭੋਜਨ, ਆਵਾਜਾਈ ਆਦਿ ਦਾ ਅੰਕੜਾ ਸੰਸਦ ਵਿਚ ਪੇਸ਼ ਕੀਤਾ ਜਾਵੇ।
ਯਾਦਵ ਨੇ ਕੇਂਦਰ ਸਰਕਾਰ ਤੇ ਯੂਪੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਭਗਦੜ ਵਿਚ ਮਰਨ ਵਾਲਿਆਂ ਦੀ ਗਿਣਤੀ ਲੁਕਾਉਣ ਦਾ ਦੋਸ਼ ਲਾਇਆ ਤੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਜਿਨ੍ਹਾਂ ਨੇ ਸੱਚ ਲੁਕਾਇਆ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਜੇ (ਸਰਕਾਰ ਨੂੰ) ਅਪਰਾਧ ਦੀ ਜਾਣਕਾਰੀ ਨਹੀਂ ਹੈ ਤਾਂ (ਮੌਤਾਂ ਦੀ ਗਿਣਤੀ ਸਬੰਧੀ) ਅੰਕੜਿਆਂ ਨੂੰ ਦਬਾਇਆ, ਲੁਕਾਇਆ ਤੇ ਮਿਟਾਇਆ ਕਿਉਂ ਗਿਆ? ਅੰਕੜੇ ਲੁਕਾਉਣ ਲਈ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ। ਜਿੱਥੇ ਪ੍ਰਬੰਧ ਹੋਣਾ ਚਾਹੀਦਾ ਸੀ, ਉਥੇ ਪ੍ਰਚਾਰ ਹੋ ਰਿਹਾ ਸੀ। ਧਾਰਮਿਕ ਸਮਾਗਮ ਦੌਰਾਨ ਸਰਕਾਰ ਦਾ ਪ੍ਰਚਾਰ ਨਿੰਦਣਯੋਗ ਹੈ।’’
ਯਾਦਵ ਨੇ ਕਿਹਾ ਕਿ ‘ਡਿਜੀਟਲ ਕੁੰਭ ਕਰਵਾਉਣ ਦਾ ਦਾਅਵਾ ਕਰਨ ਵਾਲੇ ਮ੍ਰਿਤਕਾਂ ਦੀ ਡਿਜਿਟ (ਅੰਕੜਾ) ਨਹੀਂ ਦੇ ਸਕੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਮਹਾਂਕੁੰੜ ਵਿਚ ਭਗਦੜ ਕਰਕੇ ਸੰਤਾਂ ਦੇ ਇਕ ਨਿਰਧਾਰਿਤ ਮਹੂਰਤ ਵਿਚ ਇਸ਼ਨਾਨ ਦੀ ਰਵਾਇਤ ਵੀ ਟੁੱਟ ਗਈ।
ਯਾਦਵ ਨੇ ਕਿਹਾ, ‘ਜੇ ਮੇਰੀ ਗੱਲ ਗ਼ਲਤ ਹੈ ਤਾਂ ਸਦਨ ਦੇ ਆਗੂ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਚਰਚਾ ਨੂੰ ਸਮੇਟਣ ਮੌਕੇ ਇਸ ਦਾ ਜਵਾਬ ਦੇਣ।’’ ਸਪਾ ਮੁਖੀ ਨੇ ਦਾਅਵਾ ਕੀਤਾ ਕਿ ਭਗਦੜ ਦੀ ਘਟਨਾ ਦੇ 17 ਘੰਟਿਆਂ ਮਗਰੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਸ਼ੋਕ ਸੁਨੇਹਿਆਂ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ (ਯੋਗੀ ਆਦਿੱਤਿਆਨਾਥ) ਨੇ ਲੋਕਾਂ ਦੇ ਮਾਰੇ ਜਾਣ ਦੀ ਗੱਲ ਸਵੀਕਾਰ ਕੀਤੀ।
ਯਾਦਵ ਨੇ ਤਨਜ਼ ਕਸਦਿਆਂ ਕਿਹਾ ਕਿ ਭਾਜਪਾ ‘ਡਬਲ ਇੰਜਣ’ ਦੀ ਸਰਕਾਰ ਦਾ ਦਾਅਵਾ ਕਰਦੀ ਹੈ, ਪਰ ‘ਹੁਣ ਇਸ ਦੇ ਇੰਜਨ ਤਾਂ ਟਕਰਾ ਹੀ ਰਹੇ ਹਨ ਬਲਕਿ ਡੱਬੇ ਵੀ ਟਕਰਾਉਣ ਲੱਗੇ ਹਨ।’’ ਯਾਦਵ ਨੇ ਕਿਹਾ ਕਿ ਦਸ ਸਾਲ ਪਹਿਲਾਂ ਵਾਰਾਨਸੀ ਨੂੰ ਜਾਪਾਨ ਦੇ ਕਿਓਟੋ ਸ਼ਹਿਰ ਵਰਗਾ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਪ੍ਰਧਾਨ ਮੰਤਰੀ ਦਾ ਚੋਣ ਹਲਕਾ ਹੋਣ ਦੇ ਬਾਵਜੂਦ ਅੱਜ ਤੱਕ ਉਥੇ ਮੈਟਰੋ ਸ਼ੁਰੂ ਨਹੀਂ ਹੋ ਸਕੀ। -ਪੀਟੀਆਈ