Maha Kumbh: ਹਾਦਸਿਆਂ ’ਚ ਮਰੇ ਸ਼ਰਧਾਲੂਆਂ ਨੂੰ ਮੁਆਵਜ਼ਾ ਦਿੱਤਾ ਜਾਵੇ: ਅਖਿਲੇਸ਼ ਯਾਦਵ
ਲਖਨਊ, 16 ਫਰਵਰੀ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav) ਨੇ ਭਾਜਪਾ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਮਹਾਂਕੁੰਭ ਮੇਲਾ ਕਰਵਾਉਣ ’ਚ ਕਥਿਤ ਮਾੜੇ ਪ੍ਰਬੰਧਾਂ ਦਾ ਦੋਸ਼ ਲਾਇਆ ਅਤੇ ਇਸ ਧਾਰਮਿਕ ਪ੍ਰੋਗਰਾਮ ਲਈ ਯਾਤਰਾ ਦੌਰਾਨ ਸੜਕ ਹਾਦਸਿਆਂ ’ਚ ਮਾਰੇ ਗਏ ਲੋਕਾਂ ਦੇ ਵਾਰਸਾਂ ਲਈ ਮੁਆਵਜ਼ੇ ਦੀ ਮੰਗ ਕੀਤੀ।
ਯਾਦਵ ਨੇ ਮਹਾਕੁੰਭ ਲਈ ਸ਼ਰਧਾਲੂਆਂ ਨੂੰ ਲਿਜਾਣ ਵਾਲੀਆਂ ਬੱਸਾਂ ਤੇ ਵਾਹਨਾਂ ਨਾਲ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਵਧਣ ’ਤੇ ਚਿੰਤਾ ਵੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਜ਼ਖਮੀਆਂ ਨੂੰ ਵੀ ਇਲਾਜ ਲਈ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਇਸ ਪਿੱਛੇ ਮੁੱਖ ਕਾਰਨ ਇਹ ਹੈ ਕਿ ਭਾਰੀ ਜਾਮ ਅਤੇ ਮਾੜੇ ਪ੍ਰਬੰਧ ਕਾਰਨ ਡਰਾਈਵਰਾਂ ਦੀ ਹਾਲਤ ਖਰਾਬ ਹੈ। ਨਾ ਉਨ੍ਹਾਂ ਦੀ ਥਕਾਵਟ ਉਤਰ ਰਹੀ ਹੈ ਤੇ ਨਾ ਹੀ ਨੀਂਦ ਪੂਰੀ ਹੋ ਰਹੀ ਹੈ। ਅਜਿਹੇ ’ਚ ਉਹ ਉਨੀਂਦਰੇ ਦੀ ਹਾਲਤ ’ਚ ਵਾਹਨ ਚਲਾ ਰਹੇ ਹਨ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ।’’
ਯਾਦਵ ਸੁਝਾਅ ਦਿੰਦਿਆਂ ਕਿਹਾ, ‘‘ਇਸ ਦੇ ਨਾਲ ਹੀ ਪੈਦਲ ਚੱਲਣ ਵਾਲਿਆਂ ਨੂੰ ਬਚਾਉਣਾ ਵੀ ਚੁਣੌਤੀ ਹੈ। ਇਸ ਕਾਰਨ ਧਿਆਨ ਭਟਕਦਿਆਂ ਹੀ ਮੌਤਾਂ ਹੋ ਰਹੀਆਂ ਹਨ। ਇਸ ਦਾ ਹੱਲ ਸਿਰਫ ਚੰਗਾ ਪ੍ਰਬੰਧ ਹੈ, ਜੋ ਸਰਕਾਰ ਕਰ ਸਕਦੀ ਹੈ ਪਰ ਉਸ ਤੋਂ ਹੋ ਨਹੀਂ ਰਿਹਾ।’’
ਅਖਿਲੇਸ਼ ਨੇ ਇੱਕ ਹੋਰ ਪੋਸਟ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਮਹਾਂਕੁੰਭ ਦਾ ਹਵਾਈ ਸਰਵੇਖਣ ਕਰਨ ’ਤੇ ਵੀ ਤਨਜ਼ ਕੱਸਿਆ ਹੈ। ਉਨ੍ਹਾਂ ਕਿਹਾ, ‘‘ਪਹਿਲਾਂ ਹਵਾਈ ਕਿਲ੍ਹੇ ਉਸਾਰੇ, ਹੁਣ ਹੱਥ ਹਿਲਾ-ਹਿਲਾ ਕੇ ਹਵਾਈ ਸਰਵੇਖਣ ਕਰ ਰਹੇ ਹਨ, ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸੇ ਨਾਲ ‘ਹਵਾ ’ਚ ਹੱਥ ਹਿਲਾਉਣ ਦਾ’ ਮੁਕਾਬਲਾ ਚੱਲ ਰਿਹਾ ਹੈ। ਸਵਾਲ ਇਹ ਹੈ ਕਿ ਹਵਾ ’ਚ ਕੌਣ ਹੈ ਜਿਸ ਨਾਲ ਸਵਾਗਤ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ।’’
ਅਖਿਲੇਸ਼ ਮੁਤਾਬਕ, ‘‘ਮਹਾਂਕੁੰਭ ’ਚ ਅੱਜ ਫੌਜ ਨੂੰ ਉਤਾਰਨਾ ਹੀ ਪਿਆ। ਜੇਕਰ ਇਹ ਫ਼ੈਸਲਾ ਪਹਿਲਾਂ ਲਿਆ ਗਿਆ ਹੁੰਦਾ ਤਾਂ ਸੈਂਕੜੇ ਸ਼ਰਧਾਲੂੁਆਂ ਦੀ ਜਾਨ ਬਚਾਈ ਸਕਦੀ ਸੀ। ਸਮਝ ਨਹੀਂ ਆਉਂਦਾ ਕਿ ਕਿਸੇ ਦਾ ਹੰਕਾਰ ਏਨਾ ਜ਼ਿਆਦਾ ਵੀ ਹੋ ਸਕਦਾ ਹੈ ਕਿ ਲੋਕਾਂ ਦੀ ਜਾਨ ’ਤੇ ਬਣੀ ਹੋਵੇ ਪਰ ਉਨ੍ਹਾਂ ਦੇ ਹੰਕਾਰ ਦੇ ਤਖ਼ਤ ਨੂੰ ਫਰਕ ਨਾ ਪਵੇ।’’ -ਪੀਟੀਆਈ