ਜਾਦੂ
ਜਗਵਿੰਦਰ ਜੋਧਾ
ਬਾਰ੍ਹਵੀਂ ’ਚ ਪੜ੍ਹਦਾ ਸਾਂ। ਆਪਣਾ ਵਿਹਲਾ ਸਮਾਂ ਇੱਧਰ ਉੱਧਰ ਦੁਕਾਨਾਂ ’ਤੇ ਬਹਿ ਕੇ ਗੁਜ਼ਾਰ ਛੱਡਦਾ। ਜਿਨ੍ਹਾਂ ਦੁਕਾਨਾਂ ਨੂੰ ਮੇਰੀ ਅਣਚਾਹੀ ਸੁਹਬਤ ਦਾ ਸੁਭਾਗ ਮਿਲਦਾ, ਉਨ੍ਹਾਂ ਵਿਚ ਦਾਣੀ ਕਬਾੜੀਏ ਦੀ ਦੁਕਾਨ ਇਕ ਸੀ। ਤਿੰਨ ਕੁ ਖਣ ਦਾ ਕਮਰਾ ਕਬਾੜ ਨਾਲ ਭਰੇ ਬੋਰਿਆਂ ਨਾਲ ਤੂਸਿਆ ਪਿਆ ਸੀ, ਬਸ ਦਰਵਾਜ਼ੇ ਕੋਲ ਬਹਿਣ ਲਈ ਥੋੜ੍ਹੀ ਜਿਹੀ ਜਗ੍ਹਾ ਸੀ ਜਿਸ ਲਈ ਉਹਨੇ ਟੈਂਟ ਵਾਲਿਆਂ ਦੀ ਟੁੱਟੀਆਂ ਤਾਰਾਂ ਵਾਲੀ ਕੁਰਸੀ ਉੱਪਰ ਫੱਟੀ ਰੱਖ ਕੇ ਆਸਣ ਜਮਾਇਆ ਹੋਇਆ ਸੀ। ਪੁਰਾਣਾ ਪੱਖਾ ਤੱਤੀ ਹਵਾ ਮਾਰਦਾ ਘਰਰ-ਘਰਰ ਕਰਦਾ ਰਹਿੰਦਾ। ਮੇਰੇ ਵਰਗੇ ਉਸ ਦੀ ਦੁਕਾਨ ’ਤੇ ਜਾਂਦੇ ਤਾਂ ਉਨ੍ਹਾਂ ਲਈ ਲੋਹੇ ਦੀਆਂ ਪੱਤੀਆਂ ਵਾਲੀਆਂ ਚੌਕੀਆਂ ਰੱਖੀਆਂ ਸਨ ਜੋ ਕਈ ਵਾਰ ਦਰਵਾਜ਼ੇ ਦੇ ਅੰਦਰ ਹੁੰਦੀਆਂ, ਕਈ ਦਫਾ ਬਾਹਰ। ਮੈਂ ਉਹਦੀ ਦੁਕਾਨ ਵਿਚ ਲੱਗੇ ਪੁਰਾਣੀਆਂ ਕਿਤਾਬਾਂ, ਰਸਾਲਿਆਂ ਦੇ ਢੇਰ ਫੋਲਣ ਜਾਂਦਾ। ਕੁਝ ਪਸੰਦ ਆ ਜਾਂਦਾ ਤਾਂ ਚੁੱਕ ਲਿਆਉਂਦਾ, ਪੜ੍ਹ ਕੇ ਵਾਪਿਸ ਕਰ ਆਉਂਦਾ, ਹੋਰ ਲੈ ਆਉਂਦਾ। ਦਾਣੀ ਕਬਾੜੀਏ ਦੀ ਦੁਕਾਨ ਮੇਰੀ ਪਹਿਲੀ ਲਾਇਬ੍ਰੇਰੀ ਸੀ।
ਇਕ ਦਿਨ ਉੱਥੋਂ ਰਾਹੁਲ ਸੰਕਰਤਾਇਨ ਦੀ ਹਿੰਦੀ ਵਿਚ ਲਿਖੀ ਕਿਤਾਬ ਮਿਲੀ- ਘੁਮੱਕੜ ਸ਼ਾਸਤਰ। ਮੈਂ ਪੜ੍ਹਦਾ-ਪੜ੍ਹਦਾ ਲੈ ਆਇਆ। ਬੜਾ ਰੌਚਕ ਬਿਰਤਾਂਤ। ਘਰ ਨੂੰ ਮਿੱਠਾ ਕੈਦਖਾਨਾ ਕਿਹਾ ਗਿਆ ਸੀ। ਇਹ ਬੰਦੇ ਨੂੰ ਕੁਦਰਤ ਵੱਲੋਂ ਮਿਲਦਾ ਹੈ। ਬਾਹਰ ਦੀ ਦੁਨੀਆ ਨੂੰ ਕੋਈ ਵੀ ਆਪ ਜਿੱਤਦਾ ਹੈ। ਉਹ ਸਵਾਦਲਾ ਸੰਸਾਰ ਹੁੰਦਾ। ਹਰ ਕਦਮ ਤੇ ਸਿੱਖਾਂ ਮੱਤਾਂ ਨਾਲ ਭਰਿਆ। ਸਵੈ-ਨਿਰਭਰਤਾ ਤੇ ਵਿਕਾਸ ਦਾ ਰਸਤਾ। ਘਰ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਸੰਗੋੜਨ ਵਾਲਾ ਤੇ ਯਾਤਰਾ ਮਨੁੱਖ ਦੀ ਆਤਮ-ਨਿਰਭਰਤਾ ਦਾ ਪਹਿਲਾ ਕਦਮ।
ਮੇਰਾ ਦਿਲ ਕਿਤਾਬ ਪੜ੍ਹ ਕੇ ਯਾਤਰਾ ਲਈ ਤਾਂਘਣ ਲੱਗਾ ਪਰ ਮਸਲਾ ਸੀ ਕਿ ਜਾਇਆ ਕਿੱਥੇ ਜਾਵੇ। ਨਾ ਇੰਨੇ ਪੈਸੇ ਕੋਲ ਸਨ ਤੇ ਨਾ ਹੀ ਜਾਣ-ਪਛਾਣ। ਕੁਝ ਦਿਨ ਮੈਂ ਉਨ੍ਹਾਂ ਦੋਸਤਾਂ ਦੀ ਸੂਚੀ ਬਣਾਉਂਦਾ ਰਿਹਾ ਜਿਨ੍ਹਾਂ ਕੋਲ ਕੁਝ ਦਿਨ ਰਿਹਾ ਜਾ ਸਕਦਾ ਸੀ ਪਰ ਮੇਰੇ ਬਹੁਤੇ ਦੋਸਤ ਮੇਰੇ ਵਰਗੇ ਹੀ ਸਨ।
ਆਖਿ਼ਰ ਮੇਰੀ ਭਟਕਣ ਨੂੰ ਬਹਾਨਾ ਮਿਲ ਗਿਆ। ਝੋਨੇ ਦੀ ਪਨੀਰੀ ਬੀਜਦੇ ਅਸੀਂ ਲੜ ਪਏ। ਮੈਂ ਜੇਬ ਵਿਚ ਸੌ ਰੁਪਈਆ ਪਾ ਕੇ ਕੁੜਤੇ ਪਜਾਮੇ ਤੇ ਪਰਨੇ ਸਮੇਤ ਘਰੋਂ ਭੱਜ ਨਿਕਲਿਆ। ਭੱਜਣ ਵੇਲੇ ਇਹ ਸੋਚਿਆ ਸੀ ਕਦੇ ਘਰ ਨਹੀਂ ਮੁੜਨਾ। ਫਗਵਾੜੇ ਤਕ ਜਾਂਦੇ-ਜਾਂਦੇ ਅਗਲਾ ਸੋਚ ਕੇ ਜੋਸ਼ ਠੰਢਾ ਪੈਣ ਲੱਗਾ ਸੀ। ਪਤਾ ਨਹੀਂ ਕਿਸ ਆਵੇਸ਼ ਵਿਚ ਉੱਥੋਂ ਬਸ ਫੜੀ ਤੇ ਲੌਢੇ ਵੇਲੇ ਤਕ ਆਨੰਦਪੁਰ ਸਾਹਿਬ ਜਾ ਪੁੱਜਿਆ।
ਉੱਥੇ ਗੁਰਦੁਆਰੇ ਵਿੱਚ ਡੰਗਰਾਂ ਨੂੰ ਪੱਠੇ ਪਾਉਣ ਲਈ ਮੇਰੇ ਵਰਗੇ ਚਾਰ ਕੁ ਬੇਸਹਾਰੇ ਲੱਗੇ ਹੋਏ ਸਨ। ਮੈਂ ਘਰ ਜ਼ੀਟਰ ਟਰੈਕਟਰ ਚਲਾ ਲੈਂਦਾ ਸਾਂ। ਉਨ੍ਹਾਂ ਨੇ ਵੀ ਪੱਠੇ ਲਿਆਉਣ ਲਈ ਜ਼ੀਟਰ 2511 ਰੱਖਿਆ ਹੋਇਆ ਸੀ। ਮੈਨੂੰ ਉਹ ਟਰੈਕਟਰ ਚਲਾਉਣ ਦੀ ਸੇਵਾ ਮਿਲ ਗਈ। ਅਗਲੇ ਦਿਨ ਮੈਂ ਉੱਥੇ ਬੜੇ ਵਿਲੱਖਣ ਅਨੁਭਵ ਹਾਸਿਲ ਕਰਨੇ ਸਨ।
ਕਮਰੇ ’ਚ ਮੇਰੇ ਨਾਲ ਪਹਾੜ ਵੱਲੋਂ ਆਇਆ ਰੋਸ਼ੀ ਨਾਂ ਦਾ ਅੱਧਖੜ੍ਹ ਬੰਦਾ ਰਹਿੰਦਾ ਸੀ। ਉਹਦਾ ਕੰਮ ਦੁੱਧ ਦੀ ਚੁਆਈ ਸੀ। ਉਹ ਅੱਧੀ ਰਾਤ ਨੂੰ ਆਪਣਾ ਭੂਰਾ ਬੈਗ ਖੋਲ੍ਹਦਾ ਤੇ ਕਿਸੇ ਔਰਤ ਦੀ ਫੋਟੋ ਕੱਢ ਕੇ ਦੇਖਦਾ। ਉਦੋਂ ਤਕ ਦੇਖਦਾ ਰਹਿੰਦਾ ਜਦੋਂ ਤਕ ਉਹਦੇ ਹੰਝੂ ਨਾ ਉਤਰ ਆਉਂਦੇ। ਫਿਰ ਯਕਦਮ ਬੈਗ ਬੰਦ ਕਰਦਾ ਤੇ ਬੱਤੀ ਬੁਝਾ ਕੇ ਪੈ ਜਾਂਦਾ। ਉਹਦੇ ਹਉਕੇ ਦੇਰ ਤਕ ਸੁਣਦੇ। ਉਹਦੇ ਕੋਲ ਛੋਟਾ ਜਿਹਾ ਟਰਾਂਜਿਸਟਰ ਵੀ ਸੀ ਜਿਸ ਉੱਪਰ ਉਹ ਕੰਨ ਨੂੰ ਲਾ ਕੇ ਮੈਚਾਂ ਦੀ ਕੁਮੈਂਟਰੀ ਸੁਣਦਾ। ਕਦੇ-ਕਦੇ ਧੀਮੀ ਆਵਾਜ਼ ਵਿਚ ਫਿਲਮੀ ਗੀਤ ਵੀ।
ਉੱਥੇ ਪੰਦਰਾਂ ਕੁ ਦਿਨ ਰਿਹਾ। ਇਕ ਰਾਤ ਬੜਾ ਮੀਂਹ ਪਿਆ। ਤੜਕੇ-ਤੜਕੇ ਰੋਸ਼ੀ ਨੇ ਰੇਡੀਓ ਉੱਪਰ ‘ਰਿਮ ਝਿਮ ਗਿਰੇ ਸਾਵਨ’ ਗੀਤ ਲਾਇਆ। ਮੈਨੂੰ ਪੈਰ ਨਾਲ ਹਿਲਾ ਕੇ ਕਹਿੰਦਾ, “ਓਏ ਆਹ ਸੁਣ ਓਏ। ਸਵਾਦ ਈ ਆ ਗਿਆ। ਕਿਸ਼ੋਰ ਨੇ ਵੀ ਚੰਗਾ ਗਾਇਆ ਪਰ ਲਤਾ ਨੇ ਤਾਂ ਗੀਤ ਦੇ ਬਖੀਏ ਉਧੇੜ ਦਿੱਤੇ।”
ਮੈਂ ਗੀਤ ਸੁਣਿਆ। ਸੱਚੀਂ ਵੈਰਾਗ ਦੀ ਖਿੱਚ ਪਾਊ ਵਿਲਕਣੀ। ਮੈਨੂੰ ਘਰ ਯਾਦ ਆ ਗਿਆ। ਸਵੇਰੇ ਲੁਕੋ ਕੇ ਰੱਖਿਆ ਆਪਣਾ ਪੰਜਾਹਾਂ ਦਾ ਨੋਟ ਲਿਆ ਤੇ ਫਗਵਾੜੇ ਵਾਲੀ ਬੱਸ ਫੜ ਕੇ ਬਾਰਾਂ ਵੱਜਦੇ ਨੂੰ ਘਰ ਪੁੱਜ ਗਿਆ। ਘਰ ਆ ਕੇ ਮਾਂ ਦੇ ਗਲ ਲੱਗ ਕੇ ਬੜਾ ਰੋਇਆ।
ਬੜੀ ਦੇਰ ਮੇਰਾ ਦਿਲ ਕਰਦਾ ਰਿਹਾ ਕਿ ਕਾਸ਼! ਮੈਨੂੰ ਲਤਾ ਮੰਗੇਸ਼ਕਰ ਨੂੰ ਮਿਲਣ ਦਾ ਮੌਕਾ ਮਿਲੇ ਤੇ ਮੈਂ ਉਹਨੂੰ ਦੱਸਾਂ ਕਿ ਇਸ ਗੀਤ ਨੇ ਮੈਨੂੰ ਆਪਣੇ ਘਰ ਤੇ ਰਿਸ਼ਤਿਆਂ ਵਿਚ ਮੋੜ ਲਿਆਂਦਾ ਸੀ।
ਸੰਪਰਕ: 94654-64502