For the best experience, open
https://m.punjabitribuneonline.com
on your mobile browser.
Advertisement

ਮਾਘੀ ਮੇਲਾ: ਕੌਮੀ ਘੋੜਾ ਮੰਡੀ ਵਿੱਚ ਛਾਏ ਨੁਕਰਾ ਤੇ ਮਾਰਵਾੜੀ ਘੋੜੇ

09:29 AM Jan 14, 2024 IST
ਮਾਘੀ ਮੇਲਾ  ਕੌਮੀ ਘੋੜਾ ਮੰਡੀ ਵਿੱਚ ਛਾਏ ਨੁਕਰਾ ਤੇ ਮਾਰਵਾੜੀ ਘੋੜੇ
ਸ੍ਰੀ ਮੁਕਤਸਰ ਸਾਹਿਬ ਵਿੱਚ 70 ਇੰਚੀ ਨੁੱਕਰੇ ਘੋੜੇ ਬਾਰੇ ਜਾਣਕਾਰੀ ਦਿੰਦਾ ਹੋਇਆ ਪਰਮਜੀਤ ਸਿੰਘ ਭਾਗਸਰ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਜਨਵਰੀ
ਮੇਲਾ ਮਾਘੀ ਮੌਕੇ ਲੱਗਣ ਵਾਲੀ ਕੌਮੀ ਘੋੜਾ ਮੰਡੀ ਵਿੱਚ ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਦਿੱਲੀ ਅਤੇ ਉਤਰ ਪ੍ਰਦੇਸ਼ ਵਰਗੇ ਸੂਬਿਆਂ ਤੋੋਂ ਘੋੜਾ ਪਾਲਕ ਅਤੇ ਵਪਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ| ਲੱਖਾਂ ਰੁਪਏ ਦੇ ਘੋੜਿਆਂ ਦੀ ਖਰੀਦੋ-ਫਰੋਖ਼ਤ ਹੋ ਰਹੀ ਹੈ| ਘੋੜਾ ਪਾਲਕ ਪਰਮਜੀਤ ਸਿੰਘ ਭਾਗਸਰ, ਗੁਰਮੇਲ ਪਟਵਾਰੀ ਅਤੇ ਜਗਦੇਵ ਸਿੰਘ ਤੁੱਲੇਵਾਲ ਹੋਰਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਕਿਸਾਨ ਸਹਾਇਕ ਧੰਦੇ ਵਜੋਂ ਘੋੜਾ ਪਾਲਣ ਦਾ ਕਿੱਤਾ ਅਪਣਾ ਰਹੇ ਹਨ| ਘੋੜਾ ਮੰਡੀ ਵਿੱਚ ਪਿੰਡ ਭਾਗਸਰ ਦੇ ਪਰਮਜੀਤ ਸਿੰਘ ਦੇ 70 ਇੰਚ ਕੱਦ ਦਾ ਨੁਕਰਾ ਘੋੜਾ ਦੀ ਖਿੱਚ ਬਣੀ ਹੋਈ ਹੈ| ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਇਸ ਕੱਦ-ਕਾਠ ਦਾ ਘੋੜਾ ਪੰਜਾਬ ਵਿੱਚ ਹੋਰ ਕੋਈ ਨਹੀਂ ਹੈ| ਉਨ੍ਹਾਂ ਕਿਹਾ ਕਿ ਇਸ ਘੋੜੇ ਦਾ ਮੁੱਲ ਕਰੋੜਾਂ ਵਿੱਚ ਹੈ ਪਰ ਉਹ ਘੋੜੇ ਨੂੰ ਵੇਚਣ ਵਾਸਤੇ ਤਿਆਰ ਨਹੀਂ| ਇਸੇ ਤਰ੍ਹਾਂ ਮਾਰਵਾੜੀ ਨਸਲ ਦਾ ਆਲਮਗੀਰ ਘੋੜਾ ਵੀ ਖਿੱਚ ਦਾ ਕੇਦਰ ਬਣਿਆ ਹੋਇਆ ਹੈ| ਜ਼ਿਆਦਾ ਵਪਾਰ ਨੁਕਰਾ ਤੇ ਮਾਰਵਾੜੀ ਨਸਲ ਦੇ ਘੋੜਿਆਂ ਦਾ ਹੁੰਦਾ ਹੈ ਜਦਕਿ ਕਾਠਿਆਵਾੜ ਅਤੇ ਸਿੰਧੀ ਨਸਲ ਦੇ ਘੋੜੇ ਇਸ ਮੰਡੀ ਵਿੱਚ ਬਹੁਤ ਘੱਟ ਆਉਂਦੇ ਹਨ| ਹਰਿਆਣਾ ਦੇ ਰਾਜਗੜ੍ਹ ਚੁਰੂ ਤੋਂ ਆਏ ਅਮਿਤ ਦੀ ਨੁਕਰਾ ਨਸਲ ਦੀ ਘੋੜੀ ਨੇ ਇਥੇ ਹੋਏ ਬਰੀਡ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ| ਦਾਦਰੀ ਤੋਂ ਆਏ ਘੋੜਾ ਵਪਾਰੀ ਰਵਿੰਦਰ ਕੱਲੂ ਨੇ ਕਿਹਾ ਕਿ ਉਨ੍ਹਾਂ ਕੋਲ ਮਾਰਵਾੜੀ ਨਸਲ ਦਾ ਘੋੜਾ ਹੈ ਜਿਸਦਾ ਦੋ ਕਰੋੜ ਰੁਪਏ ਮੁੱਲ ਲੱਗ ਗਿਆ ਹੈ ਪਰ ਉਹ ਇਸ ਘੋੜੇ ਨੂੰ ਸਿਰਫ਼ ਬੱਚਿਆਂ ਵਾਸਤੇ ਹੀ ਵਰਤਦੇ ਹਨ| ਮੰਡੀ ਦੇ ਪ੍ਰਬੰਧਕ ਬੇਅੰਤ ਸਿੰਘ ਨੇ ਦੱਸਿਆ ਕਿ ਕਰੀਬ ਦੋ ਹਜ਼ਾਰ ਘੋੜੇ ਮੰਡੀ ਵਿੱਚ ਆ ਚੁੱਕੇ ਹਨ ਐਨੇ ਹੀ ਹੋਰ ਆਉਣ ਦੀ ਉਮੀਦ ਹੈ| ਇਹ ਮੰਡੀ 20 ਜਨਵਰੀ ਤੱਕ ਲੱਗੇਗੀ| ਦੂਜੇ ਪਾਸੇ ਨਿਹੰਗ ਸਿੰਘ 15 ਜਨਵਰੀ ਨੂੰ ਹੋਣ ਵਾਲੇ ਹੋਲਾ-ਮੁਹੱਲਾ ਵਿੱਚ ਗੱਤਕੇਬਾਜ਼ੀ ਅਤੇ ਘੋੜਿਆਂ ਦੀਆਂ ਦੌੜਾਂ ਦੇ ਕੌਤਕ ਦਿਖਾਉਣਗੇ|

Advertisement

Advertisement
Author Image

Advertisement
Advertisement
×