Maghi Mela: ਲੋਕਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ: ਸੁਖਬੀਰ
* ਸੁਖਬੀਰ ਨੇ ਪਾਰਟੀ ਨਾਲ ਟੁੱਟੀ ਗੰਢਣ ਲਈ ਲੋਕਾਂ ਅੱਗੇ ਝੋਲੀ ਅੱਡੀ
* ਅਕਾਲੀ ਦਲ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰਚੇ ਜਾਣ ਦਾ ਲਾਇਆ ਦੋਸ਼
* ਅਕਾਲ ਤਖ਼ਤ ਨੂੰ ‘ਫਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੇਲਾ ਮਾਘੀ ਮੌਕੇ ਸਿਆਸੀ ਕਾਨਫਰੰਸ ਦੌਰਾਨ ਲੋਕਾਂ ਨੂੰ ਪਾਰਟੀ ਨਾਲ ਜੁੜਨ ਦੀ ਭਾਵੁਕ ਅਪੀਲ ਕੀਤੀ ਤੇ ਕਿਹਾ ਕਿ ਉਹ ਲੋਕਾਂ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਦੌਰਾਨ ਅਕਾਲ ਤਖ਼ਤ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ ਫਖ਼ਰ-ਏ-ਕੌਮ’ ਦਾ ਐਵਾਰਡ ਵਾਪਸ ਲੈਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ।
ਸਿਆਸੀ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਲੋਕਾਂ ਸਾਹਮਣੇ ਝੋਲੀ ਅੱਡ ਕੇ ਕਿਹਾ, ‘‘ਮੇਰੇ ਪਿਤਾ ਬਾਦਲ ਸਾਹਿਬ (ਪ੍ਰਕਾਸ਼ ਸਿੰਘ ਬਾਦਲ) ਜਾਂ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਉਹ ਵੀ ਮੇਰੀ ਝੋਲੀ ਪਾ ਦਿਓ। ਇਸ ਦਿਨ ਅਸੀਂ ਇਕੱਠੇ ਹੋਏ ਹਾਂ ਜਦੋਂ ਗੁਰੂ ਸਾਹਿਬ ਨੇ ਟੁੱਟੀ ਗੰਢੀ ਸੀ। ਤੁਹਾਡੀ (ਲੋਕਾਂ ਦੀ) ਪਾਰਟੀ ਨਾਲ ਕੋਈ ਵੀ ਨਾਰਾਜ਼ਗੀ ਹੈ ਤਾਂ ਅੱਜ ਗੰਢ ਲਓ। ਅਸੀਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ, ਸ਼ਹੀਦ ਵੀ ਹੋ ਜਾਵਾਂਗੇ। ਜਿਸ ਤਰ੍ਹਾਂ ਬਾਦਲ ਸਾਹਿਬ ਨੇ ਕੁਰਬਾਨੀ ਦਿੱਤੀ ਉਸੇ ਤਰ੍ਹਾਂ ਮੈਂ ਉਨ੍ਹਾਂ ਦਾ ਬੇਟਾ ਵੀ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।’ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਹੁੰਦਿਆਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਭਲੇ ਲਈ ਕੀਤੇ ਇਹ ਕੰਮ ਕੋਈ ਗੁਨਾਹ ਨਹੀਂ ਸਨ ਜੋ ਲੋਕਾਂ ਨੇ ਉਨ੍ਹਾਂ ਨੂੰ ਤੇ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਧਾਰਮਿਕ ਸ਼ਖਸੀਅਤ ਬਾਰੇ ਕਿਹਾ ਕਿ ਉਨ੍ਹਾਂ 18 ਸਾਲ ਕੌਮ ਖਾਤਰ ਜੇਲ੍ਹਾਂ ਕੱਟੀਆਂ। ਐਮਰਜੈਂਸੀ ਤੇ ਗੁਰੂ ਘਰਾਂ ’ਤੇ ਹੋਏ ਹਮਲੇ ਦਾ ਵਿਰੋਧ ਕੀਤਾ। ਬੇਅਦਬੀ ਹੋਣ ’ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਜੋਂ ਉਹ ਅਕਾਲ ਤਖਤ ’ਤੇ ਪੇਸ਼ ਹੋਏ, ਚਿੱਠੀ ਲਿਖੀ ਅਤੇ ਗਲਤੀ ਮੰਨੀ। ਪ੍ਰਕਾਸ਼ ਸਿੰਘ ਬਾਦਲ ਦਾ ਸਿਰ ਪੰਥ ਤੇ ਅਕਾਲ ਤਖਤ ਸਾਹਮਣੇ ਝੁਕਦਾ ਸੀ ਪਰ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਦਾ ਸਿਰ ਦਿੱਲੀ ਦੀਆਂ ਕੇਂਦਰੀ ਏਜੰਸੀਆਂ ਸਾਹਮਣੇ ਝੁਕਦਾ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਵੱਲੋਂ ਬਾਦਲ ਪਰਿਵਾਰ ਦਾ ਨਾਂ ਖਤਮ ਕਰਨ ਦੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਪੰਥ ਵਿੱਚ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਸਭ ਕੁਝ ਆਪਣੀ ਝੋਲੀ ਪਵਾਇਆ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ‘ਉਹ’ ਸਿੱਖ ਨਹੀਂ ਕੌਮ ਦੇ ਗੱਦਾਰ ਹਨ।
ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅਕਾਲ ਤਖਤ ਵੱਲੋਂ ਕੀਤੇ ਫ਼ੈਸਲੇ ਉਪਰੰਤ ਹੋਏ ਘਟਨਾਕ੍ਰਮਾਂ ਬਾਰੇ ਕਿਹਾ ਕਿ ਹੁਣ ਵਿਰੋਧੀ ਧਿਰਾਂ ਅਕਾਲੀ ਦਲ ਦੀ ਮਾਨਤਾ ਰੱਦ ਕਰਾਉਣ ਲਈ ਚੋਣ ਕਮਿਸ਼ਨ ਤੱਕ ਪਹੁੰਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਇੱਕ ਮਤਾ ਪੇਸ਼ ਕਰਦਿਆਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਪੰਥ ਰਤਨ ਫਖ਼ਰ-ਏ-ਕੌਮ’ ਐਵਾਰਡ ਵਾਪਸ ਲੈਣ ਦੇ ਫੈਸਲੇ ’ਤੇ ਅਕਾਲ ਤਖਤ ਨੂੰ ਮੁੜ ਵਿਚਾਰ ਕਰਨ ਦੀ ਮੰਗ ਕੀਤੀ।
ਮੇਲਾ ਮਾਘੀ ਸਿਆਸੀ ਕਾਨਫਰੰਸ ਦੀਆਂ ਝਲਕੀਆਂ
* ਇਸ ਵਾਰ ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ, ਅਕਾਲ ਦਲ ਅੰਮ੍ਰਿਤਸਰ ਅਤੇ ਪੰਥਕ ਪਾਰਟੀ ਦੀਆਂ ਹੀ ਤਿੰਨ ਕਾਨਫਰੰਸਾਂ ਲੱਗੀਆਂ ਸਨ ਤੇ ਤਿੰਨਾਂ ’ਚ ਭਾਰੀ ਇਕੱੱਠ ਰਿਹਾ। ਪੰਡਾਲ ’ਚ ਲੋਕਾਂ ਲਈ ਕੁਰਸੀਆਂ ਤੇ ਸਟੇਜ ਉਪਰ ਆਗੂਆਂ ਲਈ ਸੋਫਿਆਂ ਦਾ ਪ੍ਰਬੰਧ ਕੀਤਾ ਗਿਆ ਸੀ।
* ਸਜਾਵਟ ਪੱਖੋਂ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਮੋਹਰੀ ਸੀ। ਨੀਲੇ, ਪੀਲੇ ਤੇ ਸਫੈਦ ਰੰਗ ਦੇ ਕੱਪੜਿਆਂ ਨਾਲ ਸ਼ਿੰਗਾਰੀ ਹੋਈ। ਸਿੱਧਾ ਪ੍ਰਸਾਰਣ ਹੋ ਰਿਹਾ ਸੀ।
* ਸੁਖਬੀਰ ਬਾਦਲ ਨੇ ਮੁਕਤਸਰ ਦੇ ਸੰਸਦ ਮੈਂਬਰ ਭਾਈ ਸ਼ਮਿੰਦਰ ਸਿੰਘ ਜੋ ਬੰਬ ਧਮਾਕੇ ’ਚ ਮਾਰੇ ਗਏ ਸਨ, ਨੂੰ ਵੀ ਸਟੇਜ ਤੋਂ ਯਾਦ ਕੀਤਾ। ਭਾਈ ਸ਼ਮਿੰਦਰ ਸਿੰਘ ਦੇ ਭਰਾ ਭਾਈ ਹਰਨਿਪਾਲ ਸਿੰਘ ਕੁੱਕੂ ਹੁਣ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
* ਸੁਖਬੀਰ ਸਿੰਘ ਬਾਦਲ, ਭਾਈ ਅੰਮ੍ਰਿਤਪਾਲ ਸਿੰਘ ਟੀਮ ਦੀ ਪਾਰਟੀ ਨੂੰ ਵਾਰ-ਵਾਰ ਦੁਕਾਨ ਕਹਿ ਕੇ ਸੰਬੋਧਨ ਕਰਦੇ ਰਹੇ।
* ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਦੀ ਕਾਨਫਰੰਸ ਦੀ ਸਟੇਜ ਦੀ ਮੁੱਖ ਫਲੈਕਸ ਉਪਰ ਭਾਈ ਅੰਮ੍ਰਿਤਪਾਲ ਸਿੰਘ, ਦੀਪ ਸਿੱਧੂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਸਵੰਤ ਸਿੰਘ ਖਾਲੜਾ ਤੇ ਭਾਈ ਅਮਰੀਕ ਸਿੰਘ ਦੀਆਂ ਤਸਵੀਰਾਂ ਸਨ।
ਸੁਖਬੀਰ ਬਾਦਲ ਆਮ ਵਰਕਰ ਵਾਂਗ ਭੁੰਜੇ ਬੈਠੇ
ਸੁਖਬੀਰ ਸਿੰਘ ਬਾਦਲ ਕਾਨਫਰੰਸ ’ਚ ਆ ਕੇ ਮੰਚ ’ਤੇ ਬੈਠਣ ਦੀ ਥਾਂ ਸਟੇਜ ਦੇ ਸਾਹਮਣੇ ਬਣੀ ‘ਡੀ’ ਵਿੱਚ ਲੋਕਾਂ ਨਾਲ ਆ ਬੈਠੇ ਤਾਂ ਮੰਚ ’ਤੇ ਬੈਠੇ ਆਗੂਆਂ ਤੇ ਪੰਡਾਲ ’ਚ ਬੈਠੇ ਲੋਕ ਹੈਰਾਨ ਹੋ ਗਏ। ਡਾ. ਦਲਜੀਤ ਸਿੰਘ ਚੀਮਾ ਹੋਰਾਂ ਨੇ ਉਨ੍ਹਾਂ ਮੰਚ ’ਤੇ ਆ ਕੇ ਬੈਠਣ ਲਈ ਕਈ ਵਾਰ ਬੇਨਤੀ ਕੀਤੀ ਤਾਂ ਨਾਂਹ-ਨਾਂਹ ਕਰਦਿਆਂ ਅਖੀਰ ਸੁਖਬੀਰ ਬਾਦਲ ਮੰਚ ’ਤੇ ਜਾ ਕੇ ਬੈਠ ਗਏ। ਮੰਚ ’ਤੇ ਬੈਠਣ ਤੋਂ ਬਾਅਦ ਹਰ ਆਉਣ ਵਾਲਾ ਆਗੂ ਸਿੱਧਾ ਸੁਖਬੀਰ ਸਿੰਘ ਬਾਦਲ ਦੇ ਹੀ ‘ਗੋਡੀਂ ਹੱਥ’ ਲਾਉਂਦਾ ਸੀ ਜਦਕਿ ਨਾਲ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੂੰਦੜ ਬੈਠੇ ਸਨ। ਕਾਨਫਰੰਸ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਤਾਂ ਉਸ ਤੋਂ ਬਾਅਦ ਹੀ ਪੰਡਾਲ ਹਿੱਲ ਗਿਆ ਹਾਲਾਂਕਿ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬੋਲਣਾ ਸੀ। ਸ੍ਰੀ ਭੂੰਦੜ ਨੇ ਰਸਮੀ ਤੌਰ ’ਤੇ ਕਾਰਜਕਾਰੀ ਪ੍ਰਧਾਨ ਵਜੋਂ ਸੰਬੋਧਨ ਤਾਂ ਕੀਤਾ ਪਰ ਉਸ ਦਾ ਕੋਈ ਅਸਰ ਸਰੋਤਿਆਂ ਉਪਰ ਵਿਖਾਈ ਨਹੀਂ ਦਿੱਤਾ।
ਅਕਾਲੀ ਦਲ ਦੀ ਕਾਨਫਰੰਸ ’ਚ ਨਹੀਂ ਆਏ ਧਾਮੀ
ਮਾਘੀ ਮੇਲੇ ’ਤੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਰ ਕਾਨਫਰੰਸ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਕਸਰ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਅਕਾਲੀ ਦਲ ਦੀ ਕਾਨਫਰੰਸ ਦੀ ਸਟੇਜ ’ਤੇ ਪੁੱਜਦੇ ਸੀ ਅਤੇ ਸੰਬੋਧਨ ਕਰਦੇ ਸੀ। ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅਰਦਾਸ ਵਿੱਚ ਸ਼ਾਮਲ ਹੋਏ ਪਰ ਅਕਾਲੀ ਦਲ ਦੀ ਕਾਨਫੰਰਸ ’ਚ ਨਹੀਂ ਗਏ ਤੇ ਇੱਥੋਂ ਹੀ ਵਾਪਸ ਚਲੇ ਗਏ।