ਮਾਘੀ: ਹਰਿਮੰਦਰ ਸਾਹਿਬ ਵਿੱਚ ਵੱਡੀ ਗਿਣਤੀ ’ਚ ਸੰਗਤ ਨਤਮਸਤਕ
ਮਾਘੀ ਦੇ ਮੌਕੇ ’ਤੇ ਹਰਿਮੰਦਰ ਸਾਹਿਬ ਵਿੱਚ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਅਰਦਾਸ ਕੀਤੀ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਗੁਰੂ ਘਰ ਤੋਂ ਅਸ਼ੀਰਵਾਦ ਲਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੋ ਅੱਜ ਇੱਥੇ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਯਾਦਗਾਰੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਏ ਹੋਏ ਸਨ, ਨੇ ਵੀ ਇਸ ਮੌਕੇ ਤੇ ਸਾਰਿਆਂ ਲਈ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਅਰਦਾਸ ਕਰਦਿਆਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹਰਿਮੰਦਰ ਸਾਹਿਬ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਅੱਜ ਮਾਘੀ ਦੇ ਮੌਕੇ ਗੰਨੇ ਦੀ ਰੋਹ ਦੀ ਖੀਰ ਦਾ ਲੰਗਰ ਲਾਇਆ ਗਿਆ। ਇਸ ਤੋਂ ਇਲਾਵਾ ਗੰਨੇ ਦੀ ਰੋਹ ਸ਼ਰਧਾਲੂਆਂ ਨੂੰ ਵਰਤਾਈ ਵੀ ਗਈ ਹੈ। ਗੰਨੇ ਦੀ ਰੋਹ ਵਰਤਾਉਣ ਅਤੇ ਗੰਨੇ ਦੀ ਖੀਰ ਬਣਾਉਣ ਦਾ ਇਹ ਸਿਲਸਿਲਾ ਪਿਛਲੇ ਲਗਭਗ ਇੱਕ ਹਫਤੇ ਤੋਂ ਲੰਗਰ ਵਿੱਚ ਜਾਰੀ ਹੈ ਅਤੇ ਰੋਜ਼ ਲਗਭਗ 100 ਕੁਇੰਟਲ ਤੋਂ ਵੱਧ ਗੰਨੇ ਦੀ ਰੋਹ ਦੀ ਵਰਤੋਂ ਕੀਤੀ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਮਾਘ ਮਹੀਨੇ ਦੀ ਸ਼ੁਰੂਆਤ ਕਰਦਿਆ ਬੀਤੀ ਰਾਤ ਹੀ ਬਸੰਤ ਰਾਗ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਗੁਰੂ ਘਰ ਦੇ ਲੰਗਰ ਵਿੱਚ ਅੱਜ ਮਾਘੀ ਮੌਕੇ ਵਿਸ਼ੇਸ਼ ਤੌਰ ਤੇ ਗੰਨੇ ਦੀ ਰੋਹ ਦੀ ਖੀਰ ਦਾ ਪਕਵਾਨ ਤਿਆਰ ਕੀਤਾ ਗਿਆ ਹੈ ਅਤੇ ਵਰਤਾਇਆ ਗਿਆ ਹੈ। ਸਾਬਕਾ ਫੌਜੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਗੁਰੂ ਘਰ ਦੇ ਸ਼ਰਧਾਲੂ ਹਨ ਅਤੇ ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਘਰ ਵਿੱਚ ਇਹ ਵਿਸ਼ੇਸ਼ ਪਕਵਾਨ ਤਿਆਰ ਕਰਵਾ ਕੇ ਵਰਤਾਉਣ ਦੀ ਸੇਵਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ 9 ਜਨਵਰੀ ਨੂੰ ਸੇਵਾ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਮਾਘੀ ਦੇ ਆਗਮਨ ਮੌਕੇ ਇਹ ਸਮਾਪਤ ਹੋਵੇਗੀ। ਉਨ੍ਹਾਂ ਨੇ ਇਸ ਮੌਕੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਨੂੰ ਤਿਆਗ ਕੇ ਅਧਿਆਤਮਕ ਗੁਣਾਂ ਨੂੰ ਅਪਣਾਉਣ ਅਤੇ ਗੁਰੂ ਦੇ ਸੰਦੇਸ਼ ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਡਿਪਟੀ ਮੈਨੇਜਰ ਗੁਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ 1 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅੱਜ ਇੱਥੇ ਲੰਗਰ ਛਕਿਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਅਨ ਕੇਂਦਰ ਦੇ ਮੁਖੀ ਪ੍ਰੋਫੈਸਰ ਅਮਰਜੀਤ ਸਿੰਘ ਨੇ ਕਿਹਾ ਕਿ ਗੰਨੇ ਦੀ ਰੋਹ ਦੀ ਖੀਰ ਪੰਜਾਬੀ ਰਵਾਇਤੀ ਪਕਵਾਨ ਹੈ ਜੋ ਖਾਸ ਕਰਕੇ ਲੋਹੜੀ ਅਤੇ ਮਾਘੀ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਘਰਾਂ ਵਿੱਚ ਤਿਆਰ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬੀ ਪਰੰਪਰਾ ਦੇ ਮੁਤਾਬਕ ਗੰਨੇ ਦੇ ਰੋਹ ਦੀ ਇਹ ਖੀਰ ਪੋਹ ਮਹੀਨੇ ਦੇ ਆਖਰੀ ਦਿਨ ਬਣਾਈ ਜਾਂਦੀ ਹੈ ਅਤੇ ਇਸ ਨੂੰ ਮਾਘ ਮਹੀਨੇ ਦੇ ਪਹਿਲੇ ਦਿਨ ਖਾਧਾ ਜਾਂਦਾ ਹੈ।